ਥੋੜੇ ਦਿਨ ਪਹਿਲਾਂ ਮੌਂਟੀ ਛਾਬੜਾ ਕੋਲ ਇੱਕ ਗ੍ਰਾਹਕ ਆਇਆ।
“ਹਾਂ ਬਈ ਕੀ ਲੈਣਾ ਹੈ।” ਮੋੰਟੀ ਨੇ ਆਪਣੇ ਮੋਬਾਇਲ ਤੇ ਉਂਗਲੀਆਂ ਮਾਰਦੇ ਨੇ ਪੁੱਛਿਆ। “ਮਿੱਠਾ ਪਾਨ ਹੈਗਾ?” ਉਸਨੇ ਸੰਗਦੇ ਜਿਹੇ ਨੇ ਪੁੱਛਿਆ।
“ਜਿੰਨੇਂ ਮਰਜੀ ਲੋ, ਆਪਾਂ ਪਾਨ ਵੇਚਣ ਲਈ ਹੀ ਇੱਥੇ ਸੱਤ ਤੋਂ ਗਿਆਰਾਂ ਡਿਊਟੀ ਦਿੰਦੇ ਹਾਂ। ਹੋਰ ਆਪਣੀ ਫੈਕਟਰੀ ਚਲਦੀ ਹੈ।” ਮੋੰਟੀ ਨੇ ਮਜ਼ਾਕੀਆ ਲਹਿਜੇ ਨਾਲ ਗੱਲ ਲਮਕਾਉਂਦੇ ਹੋਏ ਨੇ ਕਿਹਾ।
“ਬਸ ਇੱਕੋ ਹੀ ਦੇ ਦਿਓਂ, “ਮੂੰਹ ਚ ਛਾਲੇ ਹੋਏ ਪਏ ਐ। ਕਹਿੰਦੇ ਮਿੱਠੇ ਪਾਨ ਵਿਚ ਕੱਥਾ ਹੁੰਦਾ ਐ ਤੇ ਓਹਦੇ ਨਾਲ ਇਹ ਠੀਕ ਹੋ ਜਾਂਦੇ ਹਨ।” ਉਸਨੇ ਆਪਣਾ ਮੂੰਹ ਖੋਲ੍ਹਕੇ ਦਿਖਾਇਆ। ਵਾਕਿਆ ਹੀ ਪਤੰਦਰ ਬਾਹਲਾ ਮੂੰਹ ਛਿਲਾਈ ਖੜਾ ਸੀ। ਮੌਂਟੀ ਨੇ ਫਰਿੱਜ ਚ ਪੈਕਿੰਗ ਚ ਪਾਨ ਕੱਢਕੇ ਉਸਨੂੰ ਫੜਾਕੇ ਆਪ ਫਿਰ ਮੋਬਾਇਲ ਤੇ ਲੱਗ ਗਿਆ। ਗ੍ਰਾਹਕ ਤੋਂ ਲਏ ਵੀਹ ਰੁਪਏ ਵੀ ਬਿਨਾਂ ਦੇਖੇ ਹੀ ਗੱਲੇ ਚ ਪਾ ਦਿੱਤੇ।
😥 ਉਫ ਉਫ ਕਰਦਾ ਓਹੀ ਗ੍ਰਾਹਕ ਫਿਰ ਕਾਊਂਟਰ ਤੇ ਆ ਗਿਆ।
“ਹੁਣ ਕਿ ਹੋ ਗਿਆ?” ਬੇਧਿਆਨੇ ਜਿਹੇ ਹੀ ਮੌਂਟੀ ਨੇ ਪੁੱਛਿਆ।
“ਇਹ ਤਾਂ ਜਵਾਂ ਈ ਫਿੱਕਾ ਹੈ ਸੁਆਦ ਹੀ ਹੈਣੀ। ਇਸ ਨੇ ਤਾਂ ਮੇਰਾ ਮੂੰਹ ਹੋਰ ਵੀ ਛਿੱਲ ਦਿੱਤਾ।” ਉਸਦੀ ਆਵਾਜ਼ ਵਿੱਚ ਦਰਦ ਸੀ।
“ਝੁਡੂਆ ਆਹ ਸਿਲਵਰ ਰੋਲ ਤਾਂ ਲਾਹ ਦੇਣਾ ਸੀ।” ਹੁਣ ਮੌਂਟੀ ਪੂਰੇ ਗੁੱਸੇ ਵਿੱਚ ਸੀ ਤੇ ਗਾਲਾਂ ਦੀ ਫਾਇਰਿੰਗ ਕਰਨ ਨੂੰ ਤਿਆਰ ਸੀ। ਪਰ ਗਰੀਬ ਨੂੰ ਵੇਖਕੇ ਚੁੱਪ ਕਰ ਗਿਆ।
“ਮੈਂ ਤਾਂ ਜੀ ਇਸ ਨੂੰ ਚਾਂਦੀ ਵਰਕ ਸਮਝਕੇ ਖਾ ਗਿਆ ਸੀ” ਉਸਨੇ ਸੱਚੀ ਗੱਲ ਦੱਸ ਦਿੱਤੀ ਤੇ ਮੌਂਟੀ ਹੱਸ ਪਿਆ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ