ਨਵੀਂ ਜਗ੍ਹਾ ਜਾਕੇ ਆਪਣੀ ਪਹਿਚਾਣ ਬਣਾਉਣ ਲਈ ਹਰ ਸਖਸ਼ ਨੂੰ ਕਾਫੀ ਮਸ਼ੱਕਤ ਕਰਨੀ ਪੈਂਦੀ ਹੈ। ਮੇਰੇ ਲਈ ਵੀ ਬਠਿੰਡਾ ਆਸ਼ਰਮ ਦੇ ਪ੍ਰਵਾਸ ਦਾ ਕੰਮ ਇੰਨਾ ਸੁਖਾਲਾ ਨਹੀਂ ਹੈ। ਭਾਵੇਂ ਡੱਬਵਾਲੀ ਵਿਚਲੇ ਮੇਰੇ #ਕੌਫ਼ੀ_ਵਿਦ ਦੇ ਪ੍ਰੋਗਰਾਮ ਨੂੰ ਬਠਿੰਡਾ ਵਿੱਚ ਵੀ ਕਾਫੀ ਭਰਵਾਂ ਹੁੰਗਾਰਾ ਮਿਲਿਆ ਹੈ ਪਰ ਹੋਰ ਬਹੁਤ ਸਾਰੇ ਅੱਡੇ ਤੇ ਸੇਵਾਵਾਂ ਹਨ ਜਿੰਨਾਂ ਨੂੰ ਮੈਂ ਮਿਸ ਕਰਦਾ ਹਾਂ ਅਤੇ ਤਾਲਮੇਲ ਬਿਠਾਉਣ ਲਈ ਆਪਣੀ ਪੂਰੀ ਵਾਹ ਲਾਉਂਦਾ ਹਾਂ। ਆਪਣੇ ਸ਼ਹਿਰ ਬਾਰੇ ਪਤਾ ਹੁੰਦਾ ਹੈ ਕਿ ਕਿਹੜੀ ਚੀਜ਼ ਕਿਥੋਂ ਮਿਲਦੀ ਹੈ? ਕੌਣ ਲੁੱਟ ਮਚਾਉਂਦਾ ਹੈ? ਤੇ ਕਿੱਥੇ ਮੂੰਹ ਮੰਗਿਆ ਪੈਸਾ ਦੇਣਾ ਮਹਿੰਗਾ ਨਹੀਂ ਪੈਂਦਾ। ਚਾਹੇ ਉਹ ਮਿਠਾਈ, ਫਾਸਟਫੂਡ, ਹੋਟਲ, ਢਾਬੇ ਦੀ ਗੱਲ ਹੋਵੇ ਯ ਕਪੜੇ, ਹੈਂਡਲੂਮ, ਕਰਾਕਰੀ, ਬਰਤਨ, ਸੋਨਾ, ਰੈਡੀਮੇਡ ਬਿਜਲੀ ਦੇ ਸਮਾਨ ਸਮੱਸਿਆ ਹੋਵੇ ਤਕਰੀਬਨ ਅੱਡੇ ਫਿਕਸ ਹਨ। ਦਰਜ਼ੀ, ਨਾਈ, ਪਲੰਬਰ, ਇਲੈਕਟ੍ਰੀਸ਼ਨ ਸਭ ਦੇ ਨੰਬਰ ਸੇਵ ਹਨ। ਕੋਈਂ ਪ੍ਰਾਬਲਮ ਨਹੀਂ ਆਉਂਦੀ। 1975 ਤੋਂ ਮੈਂ ਆਪਣੀ ਸ਼ੇਵ ਖੁਦ ਕਰਦਾ ਹਾਂ ਉਹ ਵੀ ਬਗੈਰ ਨਾਗੇ ਤੋਂ। ਪਿਛਲੇ ਦੋ ਢਾਈ ਦਹਾਕਿਆਂ ਤੋਂ ਮੇਰਾ ਹੇਅਰ ਡਰੈਸਰ ਵੀ ਫਿਕਸ ਹੀ ਹੈ। ਮੈਂ ਮਾਡਰਨ ਸੈਲੂਣ ਦੀ ਬਜਾਇ ਰਿਵਾਇਤੀ ਹੇਅਰ ਡਰੈਸਰ ਕੋਲ ਹੀ ਜਾਂਦਾ ਹਾਂ। ਮੈਂ ਉਸਦਾ ਨਾਮ ਵੀ ਨਹੀਂ ਜਾਣਦਾ। ਉਹ ਗੰਗਾ ਟੇਲਰ ਦੇ ਸਾਹਮਣੇ ਹੈ। ਪਿਓ ਪੁੱਤ ਦੀ ਜੋੜੀ ਪੁਰਾਣੇ ਤਰੀਕੇ ਨਾਲ ਹੀ ਹੇਅਰ ਕਟਿੰਗ ਕਰਦੇ ਹਨ। ਮੈਨੂੰ ਓਥੋਂ ਹੀ ਤੱਸਲੀ ਹੁੰਦੀ ਹੈ। ਇੱਕ ਦੋ ਵਾਰ ਨਵੇਂ ਖੁੱਲ੍ਹੇ ਮਾਡਰਨ ਜਿਹੇ ਸੈਲੂਨਾਂ ਵਿੱਚ ਫਸਿਆ ਵੀ, ਪਰ ਸੰਤੁਸ਼ਟੀ ਉਸੇ ਰਿਵਾਇਤੀ ਡਰੈਸਰ ਕੋਲ ਜਾਕੇ ਹੀ ਹੁੰਦੀ ਹੈ।
ਪਿਛਲੇ ਹਫਤੇ ਤੋਂ ਮੈਨੂੰ ਹੇਅਰ ਡਰੈਸਰ ਕੋਲ ਜਾਣ ਦੀ ਲੋੜ ਮਹਿਸੂਸ ਹੋ ਰਹੀ ਸੀ ਤੇ ਡੱਬਵਾਲੀ ਦਾ ਕੋਈਂ ਪ੍ਰੋਗਰਾਮ ਨਹੀਂ ਸੀ ਬਣ ਰਿਹਾ। ਬਠਿੰਡੇ ਦੇ ਇਸ ਖੇਤਰ ਬਾਰੇ ਕੋਈਂ ਜਾਣਕਾਰੀ ਨਹੀਂ ਸੀ। ਇਸੇ ਉਧੇੜ ਬੁਣ ਵਿੱਚ ਉਲਝਿਆ ਮੈਂ ਗੱਡੀ ਲੈਕੇ ਕਾਫੀ ਘੁੰਮਿਆ। ਆਖਿਰ ਮੈਨੂੰ ਹਾਜ਼ੀ ਰਤਨ ਰੋਡ ਤੇ ਸਬਜ਼ੀ ਮੰਡੀ ਦੇ ਨਜ਼ਦੀਕ ਇੱਕ #ਟਿਪਟਾਪ ਨਾਮ ਦਾ ਸੈਲੂਣ ਨਜ਼ਰ ਆਇਆ। ਫਸੇ ਨੂੰ ਫਟਕਣ ਕੀ। ਉਸ ਕੋਲੇ ਜਾਕੇ ਗਰਦਨ ਝੁਕਾ ਦਿੱਤੀ। ਹੁਣ ਮੇਰੀ ਚਾਂਦ ਦੀ ਆਬਾਦ ਤੇ ਬੰਜਰ ਜਮੀਨ ਉਸਦੇ ਹਵਾਲੇ ਸੀ। ਨਵੇਂ ਜਮਾਨੇ ਦੇ ਉਸ ਹੇਅਰ ਡਰੈਸਰ ਨੇ ਟਰੀਮਰ ਨੂੰ ਕੰਬਾਈਨ ਬਣਾਉਂਦੇ ਹੋਏ ਖੜੀ ਫਸਲ ਨੂੰ ਠੀਕ ਕਰ ਦਿੱਤਾ। ਕੁਲ ਮਿਲਾਕੇ ਉਸ ਅਫ਼ਤਾਰ ਨਾਮੀ ਸਖਸ਼ ਦੀਆਂ ਸੇਵਾਵਾਂ ਮੈਨੂੰ ਤਸੱਲੀਬਖਸ਼ ਲੱਗੀਆਂ। ਬਾਕੀ ਇਹ ਤਾਂ ਘਰ ਦੀ ਖੇਤੀ ਹੈ ਚਾਰ ਦਿਨਾਂ ਨੂੰ ਫਿਰ ਹੋਜੂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ