ਪੰਜਾਬੀਅਤ | punjabiyat

ਆਓਂ ਜੀ ਆਓਂ ਜੀ ਪੰਜਾਬ ਵਾਲਿਓ।
ਗ੍ਰਾਹਕਾਂ ਦੀ ਭੀੜ ਵਿੱਚ ਘਿਰੇ ਤੇ ਪੈਸੇ ਲੈ ਰਹੇ ਇਸ ਮਿਠਾਈ ਵਾਲੇ ਨੇ ਮੈਨੂੰ ਦੂਰੋਂ ਹੀ ਪਹਿਚਾਣ ਲਿਆ ਤੇ ਸਟੂਲ ਤੋਂ ਉਠਕੇ ਮੈਨੂੰ ਪਿਆਰ ਭਰੀ ਜੱਫੀ ਪਾ ਕੇ ਮਿਲਿਆ।
ਕੈਸੇ ਹੋ ਆਪ? ਮੈਂ ਪੰਜਾਬੀ ਹੁੰਦੇ ਹੋਏ ਨੇ ਵੀ ਉਸ ਯੂ ਪੀ ਵਾਲੇ ਦੀ ਸਾਹੂਲੀਅਤ ਲਈ ਟੁੱਟੀ ਫੁੱਟੀ ਜਿਹੀ ਹਿੰਦੀ ਵਿੱਚ ਪੁੱਛਿਆ।
ਵਧੀਆ ਜਨਾਬ। ਤੁਸੀਂ ਦੱਸੋ। ਸਭ ਖੈਰ ਸੁੱਖ ਹੈ। ਬਾਲ ਪਰਿਵਾਰ ਠੀਕ ਹੈ। ਉਹ ਨੋਇਡਾ ਵਾਸੀ ਹੋਣ ਤੇ ਵੀ ਫਰਾਟੇਦਾਰ ਪੰਜਾਬੀ ਬੋਲ ਰਿਹਾ ਸੀ। ਫਿਰ ਮੈਂ ਵੀ ਆਪਣਾ ਮੋਡ ਬਦਲ ਕੇ ਪੰਜਾਬੀ ਕਰ ਲਿਆ। ਗ੍ਰਾਹਕਾਂ ਦੀ ਹਰ ਵਕਤ ਦੀ ਭੀੜ ਉਸਨੂੰ ਸਾਂਹ ਨਹੀਂ ਲੈਣ ਦਿੰਦੀ। ਹਾਲਾਂਕਿ ਉਸਨੇ ਸਿਰਫ ਗ੍ਰਾਹਕ ਕੋਲੋ ਪੈਸੇ ਹੀ ਕੱਟਣੇ ਹੁੰਦੇ ਹਨ। ਸਾਰੀ ਨਕਦੀ ਉਹ ਹੱਥ ਵਿੱਚ ਹੀ ਰੱਖਦਾ ਹੈ। ਨੋਇਡਾ ਦੇ 12-22 ਦੀ ਮਸ਼ਹੂਰ ਮਾਰਕੀਟ ਵਿੱਚ ਇੱਕ ਦਵਾਈਆਂ ਦੀ ਦੁਕਾਨ ਦੇ ਮੂਹਰੇ ਉਸਦਾ ਠਿਕਾਣਾ ਹੈ। ਮਲਾਈ ਵਾਲਾ ਦੁੱਧ, ਰਬੜੀ, ਰਬੜੀ ਫ਼ਲੂਦਾ, ਕੇਸਰ ਬਦਾਮ ਵਾਲਾ ਠੰਡਾ ਦੁੱਧ, ਦਹੀਂ, ਗਾਜਰ ਪਾਕ, ਮੂੰਗੀ ਦਾ ਹਲਵਾ,ਸਪੰਜੀ ਰਸਗੁੱਲੇ, ਮੋਟੇ ਲੱਡੂ ਤੇ ਚਾਰ ਪੰਜ ਕਿਸਮ ਦੀ ਬਰਫੀ ਦੀ ਖੂਬ ਵਿਕਰੀ ਹੁੰਦੀ ਹੈ ਓਥੇ। ਸਭ ਸਮਾਨ ਤਾਜ਼ਾ ਤੇ ਸੁੱਧ। ਪੈਕਿੰਗ ਲਈ ਤੇ ਗ੍ਰਾਹਕ ਅਟੈਂਡ ਮੁੰਡੇ ਰੱਖੇ ਹਨ। ਹਰ ਮਿਠਾਈ ਲਈ ਅਲਗ ਮੁੰਡੇ ਦੀ ਡਿਊਟੀ। ਬਾਬੂ ਜੀ ਵਾਰੀ ਵਾਰੀ ਗੱਲਾ ਖੋਲਣ ਤੇ ਟਾਈਮ ਲਗਦਾ ਹੈ ਇਸਲਈ ਮੈਂ ਨਕਦੀ ਹੱਥ ਵਿੱਚ ਹੀ ਰੱਖਦਾ ਹਾਂ। ਉਸ ਦਾ ਫੱਟੇ ਤੇ ਚਲਦਾ ਧੰਦਾ ਵੱਡੇ ਵੱਡੇ ਮਿਠਾਈ ਸਟੋਰਾਂ ਨੂੰ ਮਾਤ ਪਾਉਂਦਾ ਹੈ। ਹੁਣ ਇੰਨੀ ਵਧੀਆ ਮਿਠਾਈ ਵਾਲਾ ਹੋਵੇ ਤਾਂ ਆਪਣਾ ਉਸ ਨਾਲ ਲਿਹਾਜ਼ ਦੋਸਤੀ ਪਾਉਣਾ ਬਣਦਾ ਹੈ। ਵੇਖਕੇ ਹੀ ਰੂਹ ਖੁਸ਼ ਹੋ ਜਾਂਦੀ ਹੈ। ਮਨ ਲਾਲਚਾ ਜਾਂਦਾ ਹੈ। ਨੋਇਡਾ ਜਾਕੇ ਇੱਕ ਫੇਰਾ ਤਾਂ ਉਸਕੋਲ ਮਾਰਨ ਨੂੰ ਦਿਲ ਕਰਦਾ ਹੀ ਹੈ। ਸ਼ੂਗਰ ਹੈ ਤਾਂ ਫਿਰ ਕੀ ਹੋਇਆ। ਜਦੋ ਦਿਲ ਰਾਜੀ ਤਾਂ ਸ਼ੂਗਰ ਕੀ ਕੁਰੂ ਗੀ।
ਅਸੀਂ ਤਾਂ ਮੌਂਟੀ ਛਾਬੜਾ ਪਾਨ ਵਾਲੇ
#rotiwala ਬਠਿੰਡਾ,
Bittu Rastorent ਵਾਲੇ ਦੇ ਵੀ ਫੈਨ ਹਾਂ। ਇਹ ਤਾਂ ਫਿਰ ਵੀ ਇੰਨੀਆਂ ਸਵਾਦ ਮਿਠਾਈਆਂ ਬਣਾਉਂਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *