ਕਹਿੰਦੇ ਇੱਕ ਇਨਸਾਨ ਦੇ ਜੀਵਨ ਵਿੱਚ ਉਸਨੂੰ ਆਪਣੇ ਜੀਵਨ ਦੇ ਪੂਰੇ ਪੜਾਅ ਵਿੱਚ ਤਿੰਨ ਯ ਚਾਰ ਰੋਟੀਆਂ ਮਿਲਦੀਆਂ ਹਨ। ਉਹ ਰੋਟੀਆਂ ਹੀ ਉਸਦੀ ਜ਼ਿੰਦਗੀ ਦਾ ਆਧਾਰ ਹੁੰਦੀਆਂ ਹਨ। ਇਨਸਾਨ ਦੀ ਪਹਿਲੀ ਰੋਟੀ ਉਸਦੀ ਮਾਂ ਦੇ ਹੱਥਾਂ ਨਾਲ ਬਣੀ ਹੁੰਦੀ ਹੈ। ਇੱਕ ਬੀਮਾਰ ਮਾਂ ਆਪਣੇ ਬੱਚੇ ਲਈ ਮਰਦੀ ਮਰਦੀ ਵੀ ਰੋਟੀ ਬਣਾਉਂਦੀ ਹੈ। ਉਸ ਵਿੱਚ ਹੀ ਉਸਦਾ ਮੋਹ ਝਲਕਦਾ ਹੈ। ਮਾਂ ਦੇ ਹੱਥਾਂ ਦੀ ਬਣੀ ਰੋਟੀ ਸਰਵੋਤਮ ਹੁੰਦੀ ਹੈ। ਮਾਂ ਦੀ ਬਣੀ ਰੋਟੀ ਤੇ ਉਸਦੀ ਦਾਦੀ ਦੀ ਨਜ਼ਰ ਹੁੰਦੀ ਹੈ ਕਿਉਂਕਿ ਇੱਥੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ ਦੀ ਭਾਵਨਾ ਹੁੰਦੀ ਹੈ।
ਫਿਰ ਜੀਵਨ ਦੇ ਅਗਲੇ ਪੜਾਅ ਤੇ ਬੀਵੀ ਦੂਜੀ ਰੋਟੀ ਦਿੰਦੀ ਹੈ। ਬੀਵੀ ਵੀ ਮੋਹ ਤੇ ਜਿੰਮੇਦਾਰੀ ਨਾਲ ਇਹ ਫਰਜ਼ ਨਿਭਾਉਂਦੀ ਹੈ। ਇਸ ਤੇ ਮਾਂ ਮਰਦੇ ਦਮ ਤੱਕ ਨਜ਼ਰ ਰੱਖਦੀ ਹੈ ਕਿਉਂਕਿ ਮਾਂ ਤੇ ਮਾਂ ਹੀ ਹੁੰਦੀ ਹੈ ਨਾ। ਜੀਵਨ ਦਾ ਕਾਫੀ ਭਾਗ ਇਸੇ ਸਾਂਝ ਵਿੱਚ ਗੁਜ਼ਰ ਜਾਂਦਾ ਹੈ।
ਇਨਸਾਨ ਨੂੰ ਤੀਸਰੀ ਰੋਟੀ ਨੂੰਹ ਦੇ ਹੱਥਾਂ ਦੀ ਨਸੀਬ ਹੁੰਦੀ ਹੈ ਜੋ ਅਮੂਮਨ ਧੀ ਬਣਕੇ ਦਿੰਦੀ ਹੈ। ਪਰ ਇਸ ਰੋਟੀ ਤੇ ਬੀਵੀ ਦੀ ਨਜ਼ਰ ਹੁੰਦੀ ਹੈ। ਭਾਵੇਂ ਬਹੁਤੇ ਵਾਰੀ ਉਹ ਵੀ ਮੁਥਾਜ ਜਿਹੀ ਹੁੰਦੀ ਹੈ ਖੁਦ ਕੁਝ ਕਰ ਨਹੀਂ ਸਕਦੀ ਪਰ ਫਿਰ ਵੀ ਤੀਸਰੀ ਰੋਟੀ ਦਾ ਚੰਗੀ ਹੋਣਾ ਲੋਚਦੀ ਹੈ। ਕਈਆਂ ਨੂੰ ਇਸੇ ਦੌਰਾਨ ਕੰਮਵਾਲੀ ਕੁੱਕ ਦੀ ਰੋਟੀ ਮਿਲਦੀ ਹੈ। ਇੱਥੇ ਮੋਹ ਨਹੀਂ ਸਿਰਫ਼ ਰੋਜਗਾਰ ਹੁੰਦਾ ਹੈ। ਭਾਵਨਾ ਨਹੀਂ ਹੁੰਦੀ। ਭਾਵੇਂ ਕੁਝ ਲੋਕ ਟਿਫ਼ਨ ਸਰਵਿਸ, ਢਾਬੇ ਯ ਪੀ ਜੀ ਤੋਂ ਬੰਨਵੀ ਰੋਟੀ ਖਾਂਦੇ ਹਨ। ਇਹ ਸਿਰਫ ਢਿੱਡ ਭਰਨ ਵਾਲੀ ਗੱਲ ਹੁੰਦੀ ਹੈ। ਪੈਸੇ ਬਦਲੇ ਰੋਟੀ ਮਿਲਦੀ ਹੈ। ਮਾਂ ਤੇ ਬੀਵੀ ਆਲੀ ਭਾਵਨਾ ਨਹੀਂ ਹੁੰਦੀ। ਉਂਜ ਸਭ ਤੋਂ ਨਿਸਵਾਰਥ ਵਾਲੀ ਰੋਟੀ ਲੰਗਰ ਦੀ ਰੋਟੀ ਹੁੰਦੀ ਹੈ। ਕਿਉਂਕਿ ਉਹ ਸ਼ਰਧਾ ਨਾਲ ਪਕਾਈ ਹੁੰਦੀ ਹੈ। ਪਰ ਲੰਗਰ ਦੀ ਰੋਟੀ ਨਿੱਤ ਨਿੱਤ ਖਾਧੀ ਨਹੀਂ ਜਾਂਦੀ। ਮੁਫ਼ਤ ਵਿੱਚ ਪਚਾਉਣੀ ਔਖੀ ਹੁੰਦੀ ਹੈ। ਲੰਗਰ ਦੀ ਰੋਟੀ ਸੇਵਾ ਨਾਲ ਹੀ ਖਾਧੀ ਜਾ ਸਕਦੀ ਹੈ। ਲੰਗਰ ਦੀ ਰੋਟੀ ਕੋਈ ਫਕੀਰ ਹੀ ਹਜ਼ਮ ਕਰ ਸਕਦਾ ਹੈ। ਪਰ ਇਹ ਤਾਂ ਪ੍ਰਸ਼ਾਦ ਹੁੰਦਾ ਹੈ।
ਰੱਬ ਸਭ ਨੂੰ ਦੂਜੀ ਤੀਜੀ ਰੋਟੀ ਸੁੱਖ ਦੀ ਦੇਵੇ। ਜੈਸਾ ਖਾਈਏ ਅੰਨ ਵੈਸਾ ਹੋਵੇ ਮਨ। ਇਸ ਲਈ ਰੋਟੀ ਦਾ ਸਵਾਦ ਬਨਾਉਣ ਵਾਲੇ ਦੀ ਭਾਵਨਾ ਨਾਲ ਜੁੜਿਆ ਹੁੰਦਾ ਹੈ।
ਰੋਟੀ ਖਾਣੀ, ਰੋਟੀ ਕਮਾਉਣੀ, ਰੋਟੀ ਪਕਾਉਣੀ ਸੌਖੀ ਨਹੀਂ ਹੁੰਦੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ