“ਯਾਰ ਗੱਲ ਇਹ ਹੈ ਜੁਆਕਾਂ ਨੂੰ ਨਹੀਂ ਪਤਾ ਕਿ ਕਿਸ ਨਾਲ ਨਾਲ ਕਿਵੇਂ ਵਰਤਣਾ ਹੈ। ਸਭ ਨੂੰ ਹਿੱਕੋ ਰੱਸੇ ਬੰਨੀ ਜਾਂਦੇ ਹਨ।”
ਕਾਊਂਟਰ ਤੇ ਬੈਠੇ ਬਜ਼ੁਰਗ ਲੇਖ ਰਾਜ ਬਤਰਾ ਨੇ ਪੈਸੇ ਕੱਟਣ ਵੇਲੇ ਮੈਨੂੰ ਵੀਹ ਦੀ ਬਜਾਇ ਪੰਜਾਹ ਦਾ ਨੋਟ ਮੋੜਦੇ ਹੋਏ ਨੇ ਕਿਹਾ।
“ਜੀ ਬੱਤਰਾ ਸਾਹਿਬ।” ਮੈਂ ਬਤਰਾ ਸਾਹਿਬ ਦੁਆਰਾ ਕੀਤੇ ਆਪਣੇ ਇਸ ਮਾਣ ਤੇ ਖੁਸ਼ੀ ਮਹਿਸੂਸ ਕੀਤੀ। ਬੱਤਰਾ ਸਾਹਿਬ ਮੀਨਾ ਬਜ਼ਾਰ ਸਥਿਤ ਆਪਣੇ ਬੇਟਿਆਂ ਦੀਆਂ ਦੁਕਾਨਾਂ ਤੇ ਸਮੇ ਸਮੇ ਤੇ ਗੇੜਾ ਮਾਰਨ ਆਉਂਦੇ ਸਨ। ਤੇ ਵੱਸ ਲਗਦਾ ਕੰਮਕਾਰ ਅਤੇ ਵਿਹਾਰ ਤੇ ਨਿਗ੍ਹਾ ਵੀ ਰੱਖਦੇ ਸੀ।
“ਸੇਠੀ ਸਾਹਿਬ ਪੈਸੇ ਹੀ ਸਭ ਕੁਝ ਨਹੀਂ ਹੁੰਦਾ। ਬੰਦੇ ਦੀ ਕਦਰ ਵੀ ਕਰਨੀ ਚਾਹੀਦੀ ਹੈ। ਤੇ ਮੁੜ ਆਪਣਾ ਪ੍ਰੇਮ ਹੈ ਚੋਖਾ। ਇਹ ਮਾਣਤਾਣ ਹੀ ਹੁੰਦਾ ਹੈ। ਜੁਆਕ ਕਾਹਨੂੰ ਸਮਝਦੇ ਹਨ। ਸਾਰੇ ਗ੍ਰਾਹਕ ਹਿੱਕੋ ਜਿਹੇ ਨਹੀਂ ਚਾ ਹੁੰਦੇ। ਤੇ ਮੁੜ ਆਪਣਾ ਤੇ ਭਾਈ ਚਾਰਾ ਜੋ ਹੈ। ਤੁਹੀਂ ਕੋਈ ਓਪਰੇ ਕਾਈ ਣੀ। ਭਿਰਾ ਹੋ ਮੇਰੇ।” ਲੇਖ ਰਾਜ ਨੇ ਕਿਹਾ।
ਕਈ ਦਿਨ ਹੋਗੇ ਸਾਈਕਲ ਤੇ ਦੋ ਗੈਸ ਸਲੈਂਡਰ ਲੱਦੀ ਲਿਜਾਂਦਾ ਮੈਨੂੰ ਗਲੀ ਵਿਚ ਮਿਲਿਆ।
“ਹੋਰ ਬਜ਼ੁਰਗਾਂ ਨੇ ਕੀ ਕਰਨਾ ਈ। ਸਾਰੀਆਂ ਜਿੰਮੇਦਾਰੀਆਂ ਤੇ ਮੁੜ ਆਪਣੇ ਸਿਰ ਹੀ ਆ। ਤੇ ਫਿਰ ਕਹਿੰਦੇ ਹਨ ਭਾਪਾ ਤੈਂ ਤੇ ਵਹਿਲਾ ਹੀ ਆ।” ਹੱਸਦਾ ਹੱਸਦਾ ਗਲੀ ਵਿੱਚ ਖੜਾ ਹੀ ਸਾਰੀਆਂ ਗੱਲਾਂ ਕਰ ਗਿਆ।
ਕੱਲ ਲੋਕਲ ਅਖਬਾਰ ਲਹੂ ਕੀ ਲੋਅ ਵੇਖਿਆ ਤਾਂ ਪਤਾ ਚਲਿਆ ਕਿ ਸ੍ਰੀ ਲੇਖ ਰਾਜ ਬੱਤਰਾ ਤਾਂ 24 ਨਵੰਬਰ 2018 ਨੂੰ ਇਸ ਨਾਸ਼ਵਾਨ ਸੰਸਾਰ ਨੂੰ ਆਲਵਿਦਾ ਆਖ ਗਿਆ।
‘ਯਾਰ ਤੇਰੇ ਬਿਨਾਂ ਤਾਂ ਹੁਣ ਵੀ ਸਰ ਜਾਸੀ। ਕੰਮ ਵੀ ਚਲਦੇ ਰਹਿਣਗੇ। ਪਰ ਤੂੰ ਚੰਗੀ ਨਹੀਂ ਜੇ ਕੀਤੀ। ਇੱਦਾਂ ਵੀ ਕੋਈ ਛੱਡਕੇ ਜਾਂਦਾ ਹੈ ਭਲਾ। ਹੁਣ ਉਹ ਹੱਸਦਾ ਬੱਤਰਾ ਮੈਨੂੰ ਕੱਦ ਮੀਨਾ ਬਜ਼ਾਰ ਚ ਮਿਲਸੀ। ਭਿਰਾ ਰੱਬ ਤੈਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ। ਤੇਰੀ ਰੂਹ ਨੂੰ ਸਕੂਨ ਤੇ ਸ਼ਾਂਤੀ ਮਿਲੇ।”
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ