ਨਾਲ ਬੈਠੀ ਬੇਗਮ ਨਾਲ ਅਜੋਕੇ ਪਿਆਰ ਮੁਹੱਬਤ ਦੇ ਸਰੂਪਾਂ ਤੇ ਬਹਿਸ ਹੋ ਰਹੀ ਸੀ..ਅਚਾਨਕ ਅੱਗੇ ਭੇਡਾਂ ਬੱਕਰੀਆਂ ਦਾ ਵੱਗ ਆ ਗਿਆ..ਗੱਡੀ ਹੌਲੀ ਕਰ ਲਈ ਪਰ ਹਾਰਨ ਨਾ ਮਾਰਿਆ..ਜਾਨਵਰ ਡਰ ਨਾ ਜਾਣ..ਮਗਰ ਤੁਰੀ ਜਾਂਦੀ ਕੁੜੀ ਨੇ ਮੇਮਣਾ ਚੁੱਕਿਆ ਸੀ..ਸ਼ਾਇਦ ਕੋਈ ਬੱਕਰੀ ਹੁਣੇ-ਹੁਣੇ ਹੀ ਸੂਈ ਸੀ..ਸਾਨੂੰ ਵੇਖ ਮੇਮਣਾ ਕੁੱਛੜੋਂ ਲਾਹ ਦਿੱਤਾ ਤੇ ਪਾਸੇ ਖਲੋ ਗਈ..ਬਰੋਬਰ ਹੋਏ ਤਾਂ ਨਿੰਮਾ-ਨਿੰਮਾ ਹੱਸ ਪਈ..ਬੇਗਮ ਨੇ ਪਰਸ ਚੋਂ ਇੱਕ ਚੌਕਲੇਟ ਕੱਢੀ ਤੇ ਫੜਾ ਦਿੱਤੀ ਤੇ ਨਾਲੇ ਸਿਰ ਤੇ ਹੱਥ ਫੇਰਿਆ..!
ਉਹ ਬੋਲੀ ਕੁਝ ਨਹੀਂ ਸਿਰਫ ਹੱਸ ਪਈ..ਵੱਗ ਅਜੇ ਵੀ ਰਾਹ ਨਹੀਂ ਸੀ ਦੇ ਰਿਹਾ..ਉਹ ਭੱਜੀ ਭੱਜੀ ਗਈ ਤੇ ਓਹੀ ਮੇਮਣਾ ਫੇਰ ਚੁੱਕ ਲਿਆ..ਸਿਰ ਪਲੋਸਿਆ..ਅੱਧੀ ਚੌਕਲੇਟ ਆਪ ਖਾਂਦੀ ਤੇ ਅੱਧੀ ਮੇਮਣੇ ਨੂੰ ਖੁਆ ਦਿੱਤੀ..!
ਬੇਗਮ ਹੈਰਾਨ ਰਹਿ ਗਈ ਪਰ ਮੈਂ ਆਖਿਆ ਏਹੀ ਹੈ ਪਿਆਰ ਮੁਹੱਬਤ ਦੀ ਸਭ ਤੋਂ ਵੱਡੀ ਮਿਸਾਲ..ਜੋ ਹੁਣੇ ਹੁਣੇ ਸਾਮਣੇ ਵਾਪਰ ਕੇ ਹਟੀ ਏ!
ਹਰਪ੍ਰੀਤ ਸਿੰਘ ਜਵੰਦਾ