#ਕੌਫ਼ੀ_ਵਿਦ_ਡਾਕਟਰ_ਖ਼ੁਸ਼ਨਸੀਬ_ਕੌਰ।
ਮੇਰੀ ਅੱਜ ਸ਼ਾਮ ਦੀ ਕੌਫ਼ੀ ਦੀ ਮਹਿਮਾਨ ਗੁਰੂ ਨਾਨਕ ਕਾਲਜ ਕਿਲਿਆਂਵਾਲੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਖੁਸ਼ਨਸੀਬ ਕੌਰ ਜੀ ਸੀ। ਉਂਜ ਇਹ ਆਪਣੇ ਆਪ ਨੂੰ Surya Khush ਅਖਵਾਉਣਾ ਜਿਆਦਾ ਪਸੰਦ ਕਰਦੇ ਹਨ। ਪਰ ਆਪਣੀਆਂ ਰਚਨਾਵਾਂ, ਕਿਤਾਬਾਂ ਤੇ ਡਾ ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਲਿਖਦੇ ਹਨ। ਮੈਡਮ ਜੀ ਮੂਲਰੂਪ ਵਿੱਚ ਪਟਿਆਲੇ ਦੇ ਜੰਮਪਲ ਹਨ। ਇਹ ਹਰ ਬੇਟੀ ਦੇ ਵਾੰਗੂ ਆਪਣਾ ਪ੍ਰੇਰਨਾ ਸਰੋਤ ਆਪਣੇ ਪਿਤਾ ਸ੍ਰੀ ਨੂੰ ਹੀ ਮੰਨਦੇ ਹਨ। ਇਹਨਾਂ ਨੇ ਅਜੇ ਗਰੈਜੂਏਸ਼ਨ ਹੀ ਕੀਤੀ ਸੀ ਕਿ ਮਾਪਿਆਂ ਨੇ ਸੋਹਣਾ ਸਨੁੱਖਾ, ਪੜ੍ਹਿਆ ਲਿਖਿਆ ਤੇ ਯੋਗ ਵਰ ਲੱਭਕੇ ਇਹਨਾਂ ਦੇ ਹੱਥ ਪੀਲੇ ਕਰ ਦਿੱਤੇ। ਸ਼ੁਰੂ ਤੋਂ ਇਹਨਾਂ ਦੀ ਰੁਚੀ ਮਿਊਜ਼ਿਕ ਸੀ ਤੇ ਮਿਊਜ਼ਿਕ ਹੀ ਇਹਨਾਂ ਦਾ ਪਸੰਦੀਦਾ ਵਿਸ਼ਾ ਸੀ। ਜੋ ਸ਼ਾਇਦ ਘਰਦਿਆਂ ਨੂੰ ਪਸੰਦ ਨਹੀਂ ਸੀ। ਪਰ ਪੜ੍ਹਾਈ ਵਿੱਚ ਰੁਚੀ ਹੋਣ ਕਰਕੇ, ਬਾਬੁਲ ਦੀ ਹੱਲਾਸ਼ੇਰੀ ਤੇ ਹਮਸਫਰ ਦੇ ਸਾਥ ਨਾਲ ਮੈਡਮ ਸੂਰੀਆ ਜੀ ਨੇ ਪੜ੍ਹਨਾ ਜਾਰੀ ਰੱਖਿਆ। ਪੰਜਾਬੀ ਵਿਸ਼ੇ ਵਿੱਚ ਪੋਸਟ ਗਰੈਜੂਏਸ਼ਨ ਕੀਤੀ ਤੇ ਫਿਰ ਰਾਜਨੀਤੀ ਸ਼ਾਸ਼ਤਰ ਵਿੱਚ। ਇੱਥੇ ਹੀ ਬੱਸ ਨਹੀਂ ਕੀਤੀ ਖੁਸ਼ਨਸੀਬ ਨੇ ਐੱਮ ਫਿਲ ਵੀ ਕੀਤੀ ਅਤੇ ਲੋਕਧਾਰਾ ਨਾਲ ਜੁੜੀ ਨੇ ਪੀਐਚਡੀ ਕਰਕੇ ਆਪਣੇ ਨਾਮ ਦੇ ਮੂਹਰੇ ਡਾਕਟਰ ਸ਼ਬਦ ਲਾਉਣ ਦੇ ਕਾਬਿਲ ਬਣੀ। ਸਾਡੀਆਂ ਮਾਨਤਾਵਾਂ ਦੇ ਉਲਟ ਡਾ ਖੁਸ਼ਨਸੀਬ ਇੰਨੀ ਖੁਸ਼ ਨਸੀਬ ਨਿਕਲੀ ਕਿ ਇਸ ਨੇ ਸਾਰੀ ਉੱਚ ਸਿੱਖਿਆ ਵਿਆਹ ਤੋਂ ਬਾਅਦ ਹੀ ਪ੍ਰਾਪਤ ਕੀਤੀ। ਇਸ ਲਈ ਇਸ ਨੂੰ ਆਪਣੇ ਵਕੀਲ ਪਤੀ ਅਤੇ ਪਰਿਵਾਰ ਦਾ ਪੂਰਾ ਸਹਿਯੋਗ ਮਿਲਿਆ। ਮੈਡਮ ਦੇ ਜੀਵਨ ਸਾਥੀ ਸ੍ਰੀ Adv Bhupinder Surya ਨੇ ਇਸ ਮਿਸ਼ਨ ਵਿੱਚ ਪੂਰਾ ਸਾਥ ਨਿਭਾਇਆ ਅਤੇ ਪਤੀ ਧਰਮ ਦੇ ਨਾਲ ਨਾਲ ਉਚੇਰੀ ਸਿੱਖਿਆ ਦਾ ਯੁੱਧ ਜਿੱਤਣ ਲਈ ਉਹ ਇੱਕ ਯੋਗ ਸਾਰਥੀ ਵੀ ਬਣਿਆ। ਪਤੀ ਭੁਪਿੰਦਰ ਨੇ ਆਪਣੀ ਪਤਨੀ ਨੂੰ ਹੀ ਨਹੀਂ ਪੜ੍ਹਾਇਆ ਆਪਣੇ ਬੱਚਿਆਂ ਨੂੰ ਵੀ ਵਧੀਆ ਤਾਲੀਮ ਦਿੱਤੀ। ਅੱਜ ਇਹਨਾਂ ਦੀ ਇੱਕ ਬੇਟੀ ਡਾਕਟਰ ਹੈ ਤੇ ਦੂਸਰੀ ਵਕੀਲ ਬਣਕੇ ਨਿਆਂ ਦੀ ਜੰਗ ਲੜਨ ਲਈ ਲਗਭਗ ਤਿਆਰ ਹੈ। ਆਮ ਕਰਕੇ ਇੱਕ ਔਰਤ ਦਾ ਪੜ੍ਹਨਾ, ਪੜ੍ਹਕੇ ਨੌਕਰੀ ਕਰਨਾ, ਫਿਰ ਬੱਚੇ ਪੜ੍ਹਾਉਣਾ ਤੇ ਘਰ ਚਲਾਉਣਾ ਹੀ ਕੰਮ ਹੁੰਦਾ ਹੈ। ਡਾ ਖੁਸ਼ਨਸੀਬ ਨੇ ਇਸ ਦੇ ਨਾਲ ਨਾਲ ਉਸਾਰੂ ਕਲਮ ਵੀ ਫੜ੍ਹੀ ਤੇ ਸਾਹਿਤ ਨੂੰ ਆਪਣਾ ਪਿੜ ਬਣਾਇਆ। ਫਿਰ ਪਿੱਛੇ ਮੁੜਕੇ ਨਹੀਂ ਦੇਖਿਆ। ਕਾਫੀ ਵਿਸ਼ਿਆਂ ਤੇ ਸੋਧ ਪੇਪਰ ਵੀ ਲਿਖੇ ਅਤੇ ਦੋ ਕਿਤਾਬਾਂ ਵੀ ਪਾਠਕਾਂ ਦੀ ਝੋਲੀ ਪਾਈਆਂ। ਅਗਲੀਆਂ ਕਿਤਾਬਾਂ ਤੇ ਕੰਮ ਜਾਰੀ ਹੈ। ਡਾ ਖੁਸ਼ਨਸੀਬ ਨੇ ਆਲੋਚਨਾ ਨੂੰ ਆਪਣੇ ਸਾਹਿਤ ਦਾ ਖੇਤਰ ਬਣਾਇਆ। ਇਹਨਾਂ ਨੇ ਕਿੱਸਾਕਾਰ ਵੈਦ ਇੰਦਰ ਸਿੰਘ ਦਾ ਇਸ਼ਕ ਝਣਾ ਦਾ,ਪ੍ਰਸ਼ੰਗ ਜਾਨਕੀ ਹਰਨ ਲਿਖਿਆ। ਪੰਡਿਤ ਪੂਰਨ ਚੰਦ ਦੀ ਕਿੱਸਾਕਾਰੀ ਤੇ ਵੀ ਕਿਤਾਬ ਲਿਖੀ। ਹੋਰ ਵਿਸ਼ਿਆਂ ਤੇ ਸੋਧ ਕਾਰਜ ਨਿਰੰਤਰ ਜਾਰੀ ਹਨ। ਕਹਿੰਦੇ ਔਰਤ ਨੂੰ ਤਾਂ ਚੁੱਲ੍ਹੇ ਚੌਂਕੇ ਤੋਂ ਹੀ ਵਹਿਲ ਨਹੀਂ ਮਿਲਦੀ ਤੇ ਫਿਰ ਨੌਕਰੀ ਦੇ ਸੋ ਝੰਜਟ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜੇ ਉਹ ਸਾਹਿਤ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ ਤਾਂ ਮੈਨੂੰ ਉਸ ਵਿੱਚ ਅੱਠ ਹੱਥਾਂ ਵਾਲੀ ਦੇਵੀ ਨਜ਼ਰ ਆਉਂਦੀ ਹੈ। ਕਾਲਜ ਵਿਚਲੀ ਆਪਣੀ ਮੂਲ ਡਿਊਟੀ ਤੋਂ ਇਲਾਵਾ ਉਹ ਸਭਿਆਚਾਰਕ ਪ੍ਰੋਗਰਾਮ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਦਿਮਾਗ ਵਿੱਚ ਉਹ ਮਿਊਜ਼ਿਕ ਟੀਚਰ ਵਾਲਾ ਕੀੜਾ ਬੱਚਿਆਂ ਨੂੰ ਸਾਹਿਤ ਦੇ ਨਾਲ ਨਾਲ ਸਭਿਆਚਾਰਕ ਕੰਮਾਂ ਨਾਲ ਵੀ ਜੋੜਦਾ ਹੈ। ਖ਼ੁਸ਼ਨਸੀਬ ਨੂੰ ਸੋਹਣੀ ਕਵਿਤਾ ਲਿਖਣ ਅਤੇ ਉਸਨੂੰ ਉਸੇ ਸੁਰ ਵਿੱਚ ਗਾਉਣ ਵਿੱਚ ਵੀ ਮੁਹਾਰਤ ਹਾਸਿਲ ਹੈ।
ਘੜੀ ਦੀਆਂ ਸੂਈਆਂ ਮੰਨੋ ਰੁੱਕ ਜਿਹੀਆਂ ਗਈਆਂ। ਗੱਲਾਂ ਦਾ ਸਿਲਸਿਲਾ ਬਦਸਤੂਰ ਜਾਰੀ ਸੀ। ਨਾ ਸਵਾਲ ਮੁਕਦੇ ਸਨ ਨਾ ਜਬਾਬ ਅਧੂਰੇ ਸਨ। ਮੈਡਮ ਦਾ ਆਪਣੀ ਗੱਲ ਕਹਿਣ ਦਾ ਇੱਕ ਵੱਖਰਾ ਤਰੀਕਾ ਤੇ ਸਲੀਕਾ ਹੈ। ਉਸ ਵਿੱਚ ਠਰੰਮਾ ਹੈ। ਭਾਵੇਂ ਡਾ ਖੁਸ਼ ਇੱਕ ਪ੍ਰੋਫੈਸਰ ਹੋਣ ਦੇ ਨਾਲ ਨਾਲ ਇੱਕ ਸੁਆਣੀ ਵੀ ਹੈ ਘਰ ਨੂੰ ਤਰੀਕੇ ਨਾਲ ਚਲਾਉਂਦੀ ਹੈ ਫਿਰ ਵੀ ਇਹ ਸਮਾਜ ਦੇ ਦੁੱਖ ਸੁੱਖ ਨਾਲ ਜੁੜੀ ਹੋਈ ਹੈ। ਚਿੱਟੇ, ਕੰਨਿਆ ਭਰੂਣ ਹੱਤਿਆ, ਲੱਚਰ ਗਾਇਕੀ ਤੇ ਟੁੱਟਦੇ ਰਿਸ਼ਤਿਆਂ ਦਾ ਦਰਦ ਉਸ ਦੀਆਂ ਗੱਲਾਂ ਵਿੱਚੋਂ ਝਲਕਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ