ਟੈਲੀਵੀਜਨ ਮੈਚ ਦਾ ਸਿੱਧਾ ਪ੍ਰਸਾਰਨ ਦੇਖਣ ਲਈ ਉਹਨਾ ਦੇ ਡਰਾਇੰਗ ਰੂਮ ਵਿੱਚ ਬਹੁਤ ਰਿਸ਼ਤੇਦਾਰ ਤੇ ਹੋਰ ਜਾਣ ਪਹਿਚਾਣ ਵਾਲੇ ਲੋਕ ਬੈਠੇ ਸਨ। ਹਰ ਕੋਈ ਇਹ ਮੈਚ ਵੇਖਣ ਲਈ ਉਤਾਵਲਾ ਸੀ।ਕਿਉਕਿ ਇਹ ਫਾਈਨਲ ਮੈਚ ਸੀ । ਲੋਕਾਂ ਲਈ ਉਤਸਾਹਿਤ ਹੋਣਾ ਇਸ ਲਈ ਵੀ ਲਾਜਮੀ ਸੀ ਕਿਉਕਿ ਇਸੇ ਘਰ ਦੀ ਜੰਮਪਲ ਤੇ ਸ਼ਹਿਰ ਦੀ ਵਾਸੀ ਅੱਜ ਆਪਣੇ ਦੇਸ਼ ਵਲੋਂ ਖੇਡ ਰਹੀ ਸੀ ਤੇ ਉਸ ਦਾ ਮੁਕਾਬਲਾ ਬਾਹਰਲੇ ਦੇਸ਼ ਦੀ ਮਸ਼ਹੂਰ ਖਿਡਾਰਣ ਨਾਲ ਸੀ।
ਹਾਜਰ ਦਰਸ਼ਕਾਂ ਨੂੰ ਇਸ ਗੱਲ ਦੀ ਵੀ ਦੁਗਣੀ ਖੁਸੀ ਤੇ ਮਾਣ ਸੀ ਕਿ ਉਹ ਉਸੇ ਖਿਡਾਰਣ ਦੇ ਘਰੇ ਉਸ ਦੀ ਜਨਮਦਾਤੀ ਤੇ ਬਾਬੁਲ ਦੇ ਕੋਲ ਬੈਠੇ ਸਨ। ਕਈ ਟੀਵੀ ਚੈਨਲਾਂ ਦੇ ਪੱਤਰਕਾਰ ਵੀ ਆਪਣੀ ਕਵਰਿੰਗ ਲਈ ਪਹੁੰਚੇ ਹੋਏ ਸਨ।ਘਰੇ ਖੂਬ ਚਹਿਲ ਪਹਿਲ ਸੀ। ਮੈਚ ਸੁਰੂ ਹੋ ਗਿਆ। ਆਰਤੀ ਨੂੰ ਮਿਲਦੇ ਹਰ ਅੰਕ ਤੇ ਖੂਬ ਧੂਮ ਧੜਾਕਾ ਹੰਦਾ। ਤੇ ਜਦੋ ਅੰਕ ਵਿਰੋਧੀ ਖਿਡਾਰਣ ਦੀ ਝੋਲੀ ਚ ਜਾਂਦਾਂ ਤਾਂ ਕਮਰੇ ਚ ਇੱਕਦਮ ਖਾਮੋਸ਼ੀ ਪਸਰ ਜਾਂਦੀ। ਪਹਿਲਾ ਮੈਚ ਚਾਰ ਅੰਕਾਂ ਨਾਲ ਆਰਤੀ ਨੇ ਜਿੱਤ ਲਿਆ ਖੂਬ ਤਾੜੀਆਂ ਵੱਜੀਆਂ ਤੇ ਤਕਰੀਬਨ ਸਾਰੇ ਜਣੇ ਹੀ ਨੱਚਣ ਲੱਗੇ।
ਆਰਤੀ ਆਪਣੇ ਮਾਂ ਪਿਉ ਦੀ ਸਭ ਤੌ ਛੋਟੀ ਤੇ ਚੌਥੀ ਲੜਕੀ ਸੀ। ਇਸ ਤੌ ਵੱਡੀਆਂ ਉਸ ਦੀਆਂ ਤਿੰਨ ਭੈਣਾਂ ਪੂਜਾ ਮਮਤਾ ਤੇ ਬੇਨਤੀ ਸਨ।ਆਰਤੀ ਦੀ ਮਾਂ ਸਾਰਧਾ ਨੂੰ ਉਹ ਦਿਨ ਚੰਗੀ ਤਰਾਂ ਯਾਦ ਸੀ ਜਦੋ ਵੱਡੀ ਪੂਜਾ ਦਾ ਜਨਮ ਹੋਇਆ ਤਾਂ ਹਸਪਤਾਲ ਦੇ ਕਮਰੇ ਵਿੱਚ ਬੈਠੀ ਉਸ ਦੀ ਦਾਦੀ ਦਾ ਮੂੰਹ ਇਕਦਮ ਲਟਕ ਗਿਆ। ਤੇ ਉਹ ਬੁੜ ਬੁੜ ਕਰਨ ਲੱਗੀ। ਹਰ ਆਏ ਗਏ ਕੋਲ ਕੁਰਨ ਕੁਰਨ ਕਰਦੀ। ਅਖੇ ਰੱਬ ਪਹਿਲੀ ਵਾਰੀ ਚੰਗੀ ਚੀਜ ਦੇ ਦਿੰਦਾ ਤਾਂ ਮੰਡਾ ਲੋਕਾਂ ਚ ਮੂੰਹ ਵਿਖਾਉਣ ਜ਼ੋਗਾ ਹੋ ਜਾਂਦਾ।ਲੋਕ ਵੀ ਅਫਸੋਸ ਕਰਦੇ ਤੇ ਇਸ ਧੀ ਦੇ ਜੰਮਣ ਦੇ ਸੋਗ ਦਾ ਹਿੱਸਾ ਬਣਦੇ।
ਦਸ ਕੁ ਮਿੰਟਾਂ ਦੀ ਬਰੇਕ ਤੋ ਬਾਅਦ ਦੂਜਾ ਮੈਚ ਸੁਰੂ ਹੋਇਆ। ਆਰਤੀ ਪੂਰਾ ਦਮ ਲਾਕੇ ਖੇਡੀ। ਪਰ ਵਿਰੋਧੀ ਖਿਡਾਰਣ ਪੂਰੇ ਜ਼ੋਸ ਤੇ ਆਪਣੀ ਨੀਤੀ ਨਾਲ ਖੇਡੀ ਤੇ ਤਿੰਨ ਚਾਰ ਅੰਕਾਂ ਦੇ ਫਰਕ ਨਾਲ ਆਰਤੀ ਤੋ ਅੱਗੇ ਰਹੀ।ਇੱਕ ਵਾਰੀ ਤਾਂ ਆਰਤੀ ਨੇ ਲਗਾਤਾਰ ਅੰਕ ਲੈਕੇ ਸਕੋਰ ਬਰਾਬਰ ਕਰ ਲਿਆ। ਸਾਰਿਆਂ ਨੂੰ ਉਮੀਦ ਬੱਝ ਗਈ ਕਿ ਇਹ ਮੈਚ ਵੀ ਆਰਤੀ ਦੇ ਖਾਤੇ ਵਿੱਚ ਆਵੇਗਾ। ਕਹਿੰਦੇ ਵਿਰੋਧੀ ਨੂੰ ਵੀ ਕਦੇ ਕਮਜੋਰ ਨਹੀ ਸਮਝਣਾ ਚਾਹੀਦਾ।ਪੂਰਾ ਸਖਤ ਮੁਕਾਬਲਾ ਸੀ। ਵਿਰੋਧੀ ਖਿਡਾਰਣ ਕਿਵੇਂ ਨਾ ਕਿਵਂੇ ਦੂਜਾ ਮੈਚ ਜਿੱਤਕੇ ਬਰਾਬਰ ਦੀ ਸਥਿਤੀ ਵਿੱਚ ਪਹੁੰਚਣਾ ਚਾਹੁੰਦੀ ਸੀ। ਫਿਰ ਇਹ ਫੈਸਲਾ ਤੀਜੇ ਮੈਚ ਤੇ ਹੀ ਹੋਣਾ ਸੀ। ਇੱਧਰ ਆਰਤੀ ਦੂਜਾ ਮੈਚ ਵੀ ਜਿੱਤਕੇ ਸੋਨੇ ਦਾ ਮੈਡਲ ਹਥਿਆਉਣਾ ਚਹੁੰਦੀ ਸੀ।ਕਮਰੇ ਵਿੱਚ ਬੈਠੇ ਹਰ ਬੰਦੇ ਨੇ ਆਪਣੇ ਸਾਹ ਰੋਕੇ ਹੋਏ ਸਨ।ਮੈਚ ਦਾ ਹਰ ਅੰਕ ਹਾਜਿਰ ਬੰਦਿਆਂ ਦੇ ਚੇਹਰੇ ਦੀ ਰੰਗਤ ਬਦਲਦਾ ਸੀ।ਪਰ ਆਖਿਰ ਵਿੱਚ ਵਿਰੋਧੀ ਖਿਡਾਰਣ ਕਾਮਜਾਬ ਰਹੀ ਤੇ ਕਮਰੇ ਵਿੱਚ ਨਿਮੋਸ਼ੀ ਦਾ ਆਲਮ ਛਾ ਗਿਆ। ਪਰ ਉਮੀਦ ਦੀ ਕਿਰਨ ਤੀਜਾ ਮੈਚ ਅਜੇ ਬਾਕੀ ਸੀ।
ਦੂਜੇ ਬੱਚੇ ਵਾਰੀ ਤਾਂ ਉਸਦੀ ਦਾਦੀ ਨੇ ਬਹੁਤ ਸੁੱਖਾਂ ਸੁਖੀਆਂ । ਵਾਰੀ ਵਾਰੀ ਉਸਨੂੰ ਚੈਕ ਕਰਾਉਣ ਦਾ ਵੀ ਕਹਿੰਦੀ। ਭਰ ਸਾਰਧਾ ਤੇ ਉਸਦਾ ਪਤੀ ਨਾ ਨੁੱਕਰ ਕਰ ਦਿੰਦੇ । ਉਂਜ ਦਾਦੀ ਨੂੰ ਲੱਗਦਾ ਕਿ ਇਸ ਵਾਰ ਤਾਂ ਰੱਬ ਜਰੂਰ ਚੰਗੀ ਚੀਜ ਦੇਵੇਗਾ। ਦਾਦੀ ਗਲੀ ਵਿੱਚ ਆਉਂਦੇ ਜ਼ਾਂਦੇ ਹਰ ਬਾਬੇ ਕੋਲੇ ਪੁੱਤ ਦਾ ਝੋਰਾ ਲੈਕੇ ਬੈਠ ਜਾਦੀ। ਤੇ ਜਿਵੇ ਕੋਈ ਦਸਦਾ ਓਹੀ ਅੋੜ ਪੋੜ ਕਰਦੀ। ਮੇਲੇ ਆਲੇ ਦਿਨ ਬਾਬੇ ਦੀ ਸਮਾਧ ਤੇ ਵੀ ਜਾਂਦੀ। ਰੱਬ ਅੱਗੇ ਵੀ ਜ਼ੋਣੜੀਆਂ ਕਰਦੀ । ਪੋਤੇ ਦੀ ਲਾਲਸਾ ਨੇ ਉਸਦੀ ਮੱਤ ਮਾਰ ਦਿੱਤੀ। ਹੋਇਆ ਓਹੀ ਜਿਸਦਾ ਡਰ ਸੀ। ਦੂਜੀ ਪੋਤੀ ਨੇ ਉਸ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ । ਮਾਂ ਨੇ ਦੂਜੀ ਬੇਟੀ ਦਾ ਨਾਮ ਮਮਤਾ ਰੱਖਿਆ। ਲੈ ਦੱਸ ਪਹਿਲਾ ਇਹ ਵੱਡੀ ਦੀ ਪੂਜਾ ਕਰਦੀ ਨਹੀ ਸੀ ਥੱਕਦੀ ਹੁਣ ਪੂਜਾ ਦੇ ਨਾਲ ਇਹ ਮਮਤਾ ਵੀ ਆ ਗਈ । ਪਤਾ ਨਹੀ ਇਸ ਨੂੰ ਇਹਨਾ ਪੱਥਰਾਂ ਨਾਲ ਇੰਨਾ ਪਿਆਰ ਕਿਉ ਹੈ। ਸੱਸ ਪੋਤੀਆਂ ਦੇ ਝੋਰੇ ਨਾਲ ਮੰਜੇ ਤੇ ਪੈ ਗਈ ।
ਤੀਜੀ ਪੋਤੀ ਤੌ ਪਹਿਲਾ ਤਾਂ ਸੱਸ ਦਾ ਬੁਰਾ ਹਾਲ ਸੀ । ਇੱਕ ਪਾਸੇ ਉਹ ਆਪ ਬੀਮਾਰ ਸੀ ਦੂਜੇ ਪਾਸੇ ਆਉਣ ਆਲੇ ਬੱਚੇ ਦੀ ਚਿੰਤਾ ਨੇ ਉਸਦੇ ਸਾਹ ਸੱਤ ਹੀ ਕੱਢ ਰੱਖਿਆ ਸੀ। ਤੀਜੀ ਪੋਤੀ ਦਾ ਸੁਣ ਕੇ ਉਸਦਾ ਹੌਕਾ ਆਖਰੀ ਹੌਕਾ ਸਾਬਿਤ ਹੋਇਆ। ਤੇ ਉਹ ਰੱਬ ਨੂੰ ਪਿਆਰੀ ਹੋ ਗਈ। ਮਾਂ ਨੇ ਧੀ ਦਾ ਨਾਮ ਬੇਨਤੀ ਰੱਖਿਆ। ਭਾਬੀ ਦੀਆਂ ਤਿੰਨ ਕੁੜੀਆਂ ਦਾ ਸੁਣ ਕੇ ਨਨਾਣ ਨੇ ਆਪਣੀ ਅੱਠ ਸਾਲਾਂ ਦੀ ਖਾਲੀ ਝੋਲੀ ਭਰਨ ਲਈ ਨਿੱਕੜੀ ਬੇਨਤੀ ਨੂੰ ਗੋਦ ਲੈ ਲਿਆ।ਅਗਲੇ ਸਾਲ ਨਨਾਣ ਦੀ ਵੀ ਰੱਬ ਨੇ ਸੁਣ ਲਈ ਤੇ ਰੱਬ ਨੇ ਬੇਨਤੀ ਨੂੰ ਭਰਾ ਦੇ ਦਿੱਤਾ।ਉਸ ਘਰੇ ਬੇਨਤੀ ਨੂੰ ਸਾਰੇ ਭਾਗਾਂਆਲੀ ਕਹਿੰਦੇ ਜਿਸ ਦੇ ਆਉਣ ਨਾਲ ਉਹਨਾ ਦੇ ਘਰ ਵਿੱਚ ਖੁਸੀਆਂ ਆਈਆਂ ਸਨ।ਸੱਸ ਦੇ ਤੁਰ ਜਾਣ ਤੌ ਬਾਦ ਉਸਦੀ ਨਨਾਣ ਉਸ ਨਾਲ ਦੁੱਖ ਵੰਡਾਉਦੀ। ਤੇ ਭਤੀਜੇ ਲਈ ਸੁਖਣਾ ਸੁਖਦੀ। ਕੋਈ ਨਾ ਭਾਬੀ ਤੂੰ ਫਿਕਰ ਨਾ ਕਰਿਆ ਕਰ। ਧੀਆਂ ਮਾੜ੍ਹੀਆਂ ਨਹੀ ਹੁੰਦੀਆਂ। ਇਹ ਆਪਣੇ ਕਰਮ ਲਿਖਾ ਕੇ ਲਿਆਉਦੀਆਂ ਹਨ। ਤੂੰ ਮੇਰੇ ਵੱਲ ਹੀ ਵੇਖ ਮੈ ਕੋਈ ਦਰ ਨਹੀ ਛੱਡਿਆ।ਹਰ ਸੰਭਵ ਇਲਾਜ ਕਰਵਾਇਆ। ਤੇ ਬੇਨਤੀ ਨੇ ਮੇਰੇ ਵਿਹੜੇ ਵਿੱਚ ਭਾਗ ਲਾ ਦਿੱਤੇ । ਸੱਚੀ ਬੇਨਤੀ ਤਾਂ ਮੈਨੂੰ ਮੁੰਡੇ ਨਾਲੋ ਵੀ ਵੱਧ ਪਿਆਰੀ ਹੈ। ਨਨਾਣ ਦੀਆਂ ਗੱਲਾਂ ਉਸਨੂੰ ਚੰਗੀਆਂ ਲੱਗਦੀਆਂ। ਤੇ ਕਿਉਕਿ ਉਸ ਦੀ ਨਨਾਣ ਵੀ ਉਸਾਰੂ ਸੋਚ ਦੀ ਮਾਲਿਕ ਸੀ। ਉਹ ਕੁੜੀ ਮੁੰਡੇ ਚ ਬਾਹਲਾ ਫਰਕ ਨਹੀ ਸੀ ਸਮਝਦੀ। ਫਿਰ ਆਰਤੀ ਦਾ ਜਨਮ ਹੋ ਗਿਆ । ਆਰਤੀ ਤਿੰਨਾਂ ਭੈਣਾਂ ਤੋ ਹੀ ਸੋਹਣੀ ਸੀ। ਚਾਹੇ ਮਾਂ ਲਈ ਉਸਦੇ ਸਾਰੇ ਬੱਚੇ ਹੀ ਸੋਹਣੇ ਹੁੰਦੇ ਹਨ। ਆਰਤੀ ਉਸ ਦੀਆਂ ਕਈ ਰਿਸ਼ਤੇਦਾਰ ਔਰਤਾਂ ਤੇ ਬਜੁਰਗ ਗੁਆਢਣਾ ਚੰਗਾ ਨਾ ਸਮਝੀਆਂ। ਬੱਸ ਓਹੀ ਚੰਗੀ ਚੀਜ ਆਲਾ ਰਾਗ ਅਲਾਪਦੀਆਂ। ਸਾਰਧਾ ਨਾਲ ਝੂਠੀ ਹਮਦਰਦੀ ਦਿਖਾਉਂਂਦੀਆਂ । ਪਰ ਸਾਰਧਾ ਤੇ ਇੰਨਾ ਗੱਲਾਂ ਦਾ ਕੋਈ ਅਸਰ ਨਾ ਹੁੰਦਾ। ਹੋਲੀ ਹੋਲੀ ਤਿੰਨੇ ਕੁੜੀਆਂ ਹੀ ਚੰਗਾ ਪੜ ਗਈਆਂ ਤੇ ਚੰਗੀਆਂ ਨੋਕਰੀਆਂ ਤੇ ਲੱਗ ਗਈਆ। ਆਰਤੀ ਚਾਹੇ ਪੜਾਈ ਵਿੱਚ ਅਵੱਲ ਆਉਂਦੀ ਸੀ ਪਰ ਉਸਦੀ ਦਿਲਚਸਪੀ ਖੇਡਾਂ ਵੱਲ ਸੀ। ਸਕੂਲੀ ਤੇ ਕਾਲਜੀ ਪੜਾਈ ਦੋਰਾਨ ਹੀ ਉਹ ਬਹੁਤ ਮੈਡਲ ਜਿੱਤ ਕੇ ਲਿਆਉਂਦੀ ਤੇ ਮੈਡਲ ਆਪਣੀ ਮਾਂ ਦੀ ਝੋਲੀ ਵਿੱਚ ਰੱਖ ਦਿੰਦੀ। ਮਾਂ ਇਹ ਸਾਰੇ ਮੈਡਲ ਤੇਰੇ ਹਨ ਤੂੰ ਹੀ ਇਹਨਾ ਦੀ ਅਸਲੀ ਹੱਕਦਾਰ ਹੈ । ਜੇ ਤੂੰ ਓੁਦੋ ਸਮਾਜ ਦੇ ਮਗਰ ਲੱਗਕੇ ਮੇਰਾ ਕੁੱਖ ਵਿੱਚ ਹੀ ਕਤਲ ਕਰਵਾ ਦਿੰਦੀ ਤਾਂ ਮੈਨੂੰ ਕੁੱਤਿਆਂ ਨੇ ਨੋਚ ਨੋਚ ਕੇ ਖਾ ਜਾਣਾ ਸੀ ਤੂੰ ਹੀ ਮੈਨੂੰ ਜਿੰਦਗੀ ਦਿੱਤੀ ਤੇ ਇਹ ਸਾਰੇ ਮੈਡਲ ਮੇਰੀ ਖੇਡ ਦੇ ਮੈਡਲ ਨਹੀ ਸਗੋ ਸਮਾਜ ਨਾਲ ਲੜੀ ਤੇਰੀ ਲੜਾਈ ਦੀ ਜਿੱਤ ਦੇ ਮੈਡਲ ਹਨ। ਅੱਜ ਉਹੀ ਆਰਤੀ ਦੇਸ਼ ਵਲੋ ਖੇਡ ਰਹੀ ਸੀ।ਇਸ ਤੌ ਵੱਡੀ ਹੋਰ ਮਾਣ ਵਾਲੀ ਕੀ ਗੱਲ ਹੋ ਸਕਦੀ ਹੈ।
ਫਿਰ ਤੀਜਾ ਮੈਚ ਸੁਰੂ ਹੋ ਗਿਆ। ਉਹਨਾ ਦੇ ਕਮਰੇ ਵਿੱਚ ਹੀ ਨਹੀ ਪੂਰੇ ਦੇਸ਼ ਦੀਆਂ ਨਜਰਾਂ ਆਰਤੀ ਤੇ ਟਿਕੀਆਂ ਸਨ। ਦਰਸ਼ਕਾਂ ਵਾਲੀ ਲਾਬੀ ਵਿੱਚ ਭਾਰਤੀ ਤਿਰੰਗਾ ਹੱਕ ਵਿੱਚ ਫੜੀ ਲੋਕ ਆਰਤੀ……………ਆਰਤੀ………ਆਰਤੀ……ਦਾ ਰੋਲਾ ਪਾ ਰਹੇ ਸੀ। ਉਹ ਆਪਣੇ ਤਰੀਕੇ ਨਾਲ ਆਰਤੀ ਨੂੰ ਹੱਲਾ ਸੇਰੀ ਦੇ ਰਹੇ ਸੀ। ਕਿਉਕਿ ਪੂਰੇ ਦੇਸ਼ ਦਾ ਸੁਫਨਾ ਆਰਤੀ ਦੀ ਜਿੱਤ ਤੇ ਟਿਕਿਆ ਸੀ ।ਮੈਦਾਨ ਵਿੱਚ ਆਉਦਿਆਂ ਹੀ ਆਰਤੀ ਨੇ ਹੱਥ ਜ਼ੋੜੇ ਤੇ ਪ੍ਰਮਾਤਮਾਂ ਤੌ ਆਸੀਰਵਾਦ ਮੰਗਿਆ। ਆਰਤੀ ਦੀ ਮਾਂ ਨੇ ਦੋਹਾਂ ਹੱਥਾਂ ਨਾਲ ਆਰਤੀ ਨੂੰ ਘਰੇ ਬੈਠੀ ਨੇ ਹੀ ਅਸੀਰਵਾਦ ਦਿੱਤਾ। ਤੇ ਪ੍ਰਮਾਤਮਾਂ ਤੌ ਆਰਤੀ ਦੀ ਜਿੱਤ ਦੀ ਦੂਆ ਮੰਗੀ। ਆਰਤੀ ਦੀ ਖੇਡ ਵਿੱਚ ਹੁਣ ਕਮਾਲ ਦੀ ਫੁਰਤੀ ਸੀ। ਹੁਣ ਹਰ ਅੰਕ ਆਰਤੀ ਦੀ ਝੋਲੀ ਵਿੱਚ ਡਿਗਦਾ। ਵਿਰੋਧੀ ਖਿਡਾਰਣ ਨੇ ਪਹਿਲੇ ਪੰਜ ਅੰਕਾਂ ਤੌ ਬਾਦ ਹੀ ਹੌਸਲਾ ਛੱਡ ਦਿੱਤਾ। ਉਸਦੀ ਸੂਈ ਚਾਰ ਅੰਕਾਂ ਤੇ ਹੀ ਅਟਕੀ ਰਹੀ। ਆਰਤੀ ਦੇ ਅੰਕ ਸਾਹਮਣੇ ਸਕਰੀਨ ਤੇ ਲਗਾਤਾਰ ਵੱਧ ਰਹੇ ਸੀ। ਜਿਵੇ ਜਿਵੇ ਅੰਕ ਵੱਧਦੇ ਕਮਰੇ ਵਿੱਚ ਰੋਲਾ ਵੱਧ ਰਿਹਾ ਸੀ। ਲੋਕ ਭੰਗੜਾ ਪਾ ਰਹੇ ਸਨ। ਆਖਿਰ ਸੋਨੇ ਦਾ ਤਗਮਾਂ ਆਰਤੀ ਦੀ ਝੋਲੀ ਵਿੱਚ ਆ ਹੀ ਗਿਆ। ਖੁਸੀ ਦੇ ਮਾਰੇ ਸਾਰਧਾ ਰਾਣੀ ਦੀਆਂ ਅੱਖਾਂ ਵਿਚ ਹੰਝੂ ਆ ਗਏ ਤੇ ਉਹ ਰੋ ਲੱਗ ਪਈ। ਸਾਇਦ ਕਿਸੇ ਚੰਗੀ ਚੀਜ ਨੇ ਵੀ ਇੰਨੀ ਖੁਸੀ ਨਹੀ ਦੇਣੀ ਸੀ ਇੰਨਾ ਮਾਣ ਨਹੀ ਹੋਣਾ ਜਿੰਨਾ ਧੀ ਦੇ ਕਰਕੇ ਹੋ ਰਿਹਾ ਸੀ।
ਰਮੇਸ਼ ਸੇਠੀ ਬਾਦਲ
ਮੌ 98 766 27233