ਜਵਾਨੀ ਨੂੰ, ਆਮ ਲੋਕਾਈ ਨੂੰ ਸਿਹਤ, ਵਿੱਦਿਆ ਤੇ ਰੁਜ਼ਗਾਰ ਦਾ ਪ੍ਰਬੰਧ ਚਾਹੀਦਾ, ਨਾ ਕਿ ਮੁਫ਼ਤ ਸਫ਼ਰ ਸਹੂਲਤਾਂ
ਵੋਟ ਪ੍ਰਬੰਧ ਕਦੇ ਵੀ ਲੋਕ ਪੱਖੀ ਨਹੀਂ ਰਿਹਾ, ਅਤੇ ਨਾ ਹੀ ਇਸ ਤੋਂ ਕੋਈ ਉਮੀਦ ਕੀਤੀ ਜਾ ਸਕਦੀ ਹੈ। ਜਿਨ੍ਹਾਂ ਸਮਾਂ ਸਾਡੇ ਲੀਡਰ ਲੋਕਾਂ ਪ੍ਰਤੀ ਇਮਾਨਦਾਰ ਨਹੀਂ ਹੁੰਦੇ। ਵੋਟਾਂ ਨੇੜੇ ਆਉਂਦਿਆਂ ਹੀ ਇਹ ਚਾਤਰ ਸ਼ਿਕਾਰੀ ਚੋਗਾ ਪਾਉਣ ਦਾ ਕੰਮ ਕਰਦੇ ਹਨ, ਫਿਰ ਚੋਗਾ ਪਾ ਕਿ ਆਪਣੇ ਪਿਆਦਿਆ ਰਾਹੀਂ ਉਸ ਦਾ ਖੂਬ ਪ੍ਰਚਾਰ ਕਰਕੇ ਭੋਲੇ ਵੋਟਰਾਂ ਨੂੰ ਜਾਲ ਵਿੱਚ ਫਾਹੁਣ ਦਾ ਕੰਮ ਕਰਦੇ ਹਨ। ਇਹ ਰੰਡੀਰੋਣਾ ਅੱਗੇ ਵੀ ਹੁੰਦਾ ਆਇਆ ਹੈ ਤੇ ਅੱਗੇ ਵੀ ਜਾਰੀ ਰਹੇਗਾ। ਜਦੋਂ ਤੱਕ ਸਾਡਾ ਸਮਾਜ ਇਮਾਨਦਾਰ ਲੀਡਰ ਨਹੀਂ ਚੁਣ ਲੈਂਦਾ।ਗੱਲ ਕਰਦੇ ਹਾਂ ਸਰਕਾਰ ਦੇ ਮੁਫ਼ਤ ਸਫ਼ਰ ਦੀ। ਕਿਸੇ ਸਮੇਂ ਪੰਜਾਬ ਰੋਡਵੇਜ਼ ਦੇ ਬੇੜੇ ਵਿੱਚ 2407 ਦਾ ਫਲੀਟ ਸੀ, ਜੋ ਹੁਣ ਤੱਕ 10,000 ਹੋਣੀਆਂ ਚਾਹੀਦੀਆਂ ਸਨ, ਗੱਲ ਕਰਦੇ ਹਾਂ “ਪੀ ਆਰ ਟੀ ਸੀ” ਦੇ ਸਾਮਰਾਜ ਦੀ ਜੋ ਆਪਣੇ ਆਪ ਵਿੱਚ ਸਮਰੱਥ ਟਰਾਂਸਪੋਰਟ ਸੀ, ਜੋ ਅੱਜ ਦੇ ਸਮੇਂ ਬੁਲੰਦੀਆਂ ਤੇ ਹੋਣੀ ਚਾਹੀਦੀ ਸੀ, ਪਰ ਇਹ ਦੋਨੋ ਪਬਲਿਕ ਅਦਾਰੇ ਪੰਜਾਬ ਦੇ ਹੁਕਮਰਾਨਾਂ ਦੀ ਮਾੜੀ ਨਜ਼ਰ ਦਾ ਸ਼ਿਕਾਰ ਹੋ ਬਰਬਾਦ ਹੋ ਗਏ। ਇੱਕ ਬੱਸ ਸਾਢੇ ਪੰਜ ਬੰਦਿਆਂ ਨੂੰ ਰੁਜ਼ਗਾਰ ਦਿੰਦੀ ਹੈ ਅਤੇ ਆਮ ਨਾਗਰਿਕ ਨੂੰ ਚੰਗੇ ਸਫ਼ਰ ਦੀ ਸਹੂਲਤ ਪਰ ਪੰਜਾਬ ਦੇ ਨਾਗਰਿਕ ਚੰਗੇ ਸਫ਼ਰ ਅਤੇ ਰੁਜ਼ਗਾਰ ਤੋਂ ਵਿਰਵੇ ਕਰ ਦਿੱਤੇ ਗਏ ਨੇ, ਜਦੋਂ ਬੱਸਾਂ ਹੀ ਨਹੀਂ ਹਨ ਤਾਂ ਫ਼ਰੀ ਸਫ਼ਰ ਦੀ ਸਹੂਲਤ ਦੇਣ ਤੇ ਰੋਣਾ ਆਉਂਦਾ। ਪੰਜਾਬ ਦਾ ਦਿਮਾਗ ਪੜ੍ਹ ਲਿਖ ਕਿ ਵਿਦੇਸ਼ਾਂ ਵੱਲ ਉਡਾਰੀਆਂ ਮਾਰ ਰਿਹਾ ਜੋ ਕਦੇ ਵੀ ਵਾਪਿਸ ਨਹੀਂ ਹੋਵੇਗਾ। ਜੋ ਰਹਿ ਗਏ ਓਹਨਾ ਵਿੱਚੋ ਸੱਤਰ ਲੱਖ ਦੇ ਕਰੀਬ ਬੇਰੋਜ਼ਗਾਰ ਬਣ ਗਲੀਆਂ ਦੀ ਖ਼ਾਕ ਛਾਣਨ ਵੱਲ ਵਧ ਰਹੇ ਨੇ, ਉਹਨਾਂ ਨੂੰ ਰੁਜ਼ਗਾਰ ਦੇਣ ਦੀ ਕੋਈ ਮਦ ਨਹੀਂ, ਸਰਕਾਰ ਸਕੂਲੀ ਸਿੱਖਿਆ ਦੇ ਨਾਲ ਨਾਲ ਕਿੱਤਾਮੁਖੀ ਸਿੱਖਿਆ ਕਿਓਂ ਲਾਗੂ ਨਹੀਂ ਕਰਦੀ? ਉੱਚ ਡਿਗਰੀਆਂ ਪ੍ਰਾਪਤ ਨੌਜਵਾਨ ਨੌਕਰੀਆਂ ਵਾਸਤੇ ਡਾਂਗ ਪ੍ਰਸ਼ਾਦ ਲੈ ਰਹੇ ਨੇ ਉਹਨਾਂ ਨੂੰ ਰੁਜ਼ਗਾਰ ਨਹੀਂ, ਉਹਨਾਂ ਨੂੰ ਜਿਓਂਦਿਆ ਰਹਿਣ ਲਈ ਖ਼ਜ਼ਾਨੇ ਵਿੱਚ ਚਾਰ ਰੁਪਏ ਨਹੀਂ, ਫਿਰ ਇਹ ਪ੍ਰਚਾਰ ਕਿਓਂ ਕਿ ਬੱਸਾਂ ਵਿੱਚ ਸਫ਼ਰ ਸਸਤਾ ਕਰ ਦਿੱਤਾ, ਸਕੂਲਾਂ ਨੂੰ ਰੰਗ ਕਰਕੇ ਕਾਰਟੂਨ ਬਣਾ ਕੇ ਸਮਾਰਟ ਸਕੂਲ ਨਹੀਂ ਬਣਦੇ ਹੁੰਦੇ, ਇਹਨਾਂ ਗਾਰੇ ਦੀਆਂ ਇਮਾਰਤਾਂ ਵਿੱਚ ਰੂਹ ਅਧਿਆਪਕ ਪਾਉਂਦੇ ਹਨ, ਜਾਨ ਅਧਿਅਪਕ ਪਾਉਂਦੇ ਹਨ, ਉਹ ਪੂਰੇ ਕਰੋ, ਹਰ ਮਹਿਕਮਾ ਹਰ ਪਬਲਿਕ ਅਦਾਰਾ ਆਪਣੀ ਮੌਤ ਮਰ ਰਿਹਾ ਹੈ। ਦੇਸ ਦੇ ਨੀਰੋ ਵਰਗੇ ਲੀਡਰਾਂ ਨੂੰ ਆਪਣੇ ਵਾਜੇ ਬਜਾਉਣ ਦੀ ਪਈ ਏ ਜੋ ਬਹੁਤ ਸ਼ਰਮਨਾਕ ਵਰਤਾਰਾ ਹੈ। ਸ਼ਰਮ ਆਉਣੀ ਚਾਹੀਦੀ ਹੈ ਘਟੀਆ ਰਾਜਪ੍ਰਬੰਧ ਦੇਣ ਵਾਲੇ ਹੁਕਮਰਾਨਾਂ ਨੂੰ,ਹਸਪਤਾਲ ਡਾਕੂਆਂ ਦੇ ਅੱਡੇ ਬਣੇ ਪਏ ਹਨ, ਜੋ ਇੱਕ ਬਿਮਾਰੀ ਆਉਣ ਤੇ ਇੱਕ ਘਰ ਦੀ ਸਾਰੀ ਕਮਾਈ ਲੁੱਟ ਲੈਂਦੇ ਹਨ, ਪ੍ਰਾਈਵੇਟ ਸਕੂਲ ਕਾਲਜ ਕਿਹੜਾ ਘੱਟ ਨੇ? ਚੰਬਲ ਦੇ ਡਾਕੂਆਂ ਤੋਂ ਇਹ ਵੀ ਘੱਟ ਨਹੀਂ, ਜੋ ਉੱਚ ਸਿਖਿਆ ਦੇ ਨਾਮ ਤੇ ਲੁੱਟ ਮਚਾ ਰਹੇ ਹਨ। ਫਿਰ ਸਰਕਾਰ ਕਿਹੜੀਆਂ ਗੱਲਾਂ ਕਰ ਰਹੀ ਐ ਕੀ ਆਹ ਮਜ਼ਾਕ ਨਹੀਂ ,, ਲੋਕਾਂ ਨੂੰ ਚਾਹੀਦੀਆਂ ਹਨ ਚੰਗੀਆਂ ਸਿੱਖਿਆ , ਸਿਹਤ, ਤੇ ਰੁਜ਼ਗਾਰ ਸਹੂਲਤਾਂ ਇਹ ਦੇ ਦਿਓ ਹੋਰ ਕਿਸੇ ਪਰਪੰਚ ਰਚਾਉਣ ਦੀ ਜ਼ਰੂਰਤ ਨਹੀਂ। ਲੋਕ ਆਟਾ ਦਾਲ ਖ਼ਰੀਦ ਲੈਣਗੇ, ਸਫ਼ਰ ਵੀ ਜੇਬ ਵਿੱਚੋਂ ਖਰਚ ਕਰਕੇ ਕਰ ਲੈਣਗੇ। ਬੱਸ ਜੋ ਅਸਲ ਮੰਗਾਂ ਨੇ ਉਹ ਪੂਰੀਆਂ ਕਰ ਦਿਓ, ਇਹ ਪੱਥਰ ਤੇ ਲੀਕ ਆ ਜੋ ਪਾਰਟੀ ਇਹ ਤਿੰਨ ਮੰਗਾਂ ਮੰਨ ਲਵੇਗੀ, ਉਸ ਪਾਰਟੀ ਨੂੰ ਲੋਕਾਂ ਨੂੰ ਆਹ ਚੋਣਾਵੀ ਚੂਸੇ ਦੇਣ ਦੀ ਲੋੜ ਨਹੀਂ ਪਵੇਗੀ ਇਹ ਮੇਰਾ ਦਾਹਵਾ ਹੈ।
ਮਿੰਟੂ ਖੁਰਮੀ ਹਿੰਮਤਪੁਰਾ