ਵਿਆਹ ਸ਼ਾਦੀਆਂ ਤੇ ਮਰਦ ਮਹਿਮਾਨਾਂ ਵਿੱਚ ਖੁਸ਼ੀ ਭਰਨ ਲਈ ਇੱਕ ਖਾਸ ਕੈਮੀਕਲ ਵਾਲੇ ਸਟਾਲ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉੱਥੇ ਪਹੁੰਚਦੇ ਸਾਰ ਹੀ ਉਸ ਤਰਲ ਕੈਮੀਕਲ ਦੀ ਸੁਗੰਧ ਵੇਖਕੇ ਮਰਦ ਲੋਕ ਆਪਣੀਆਂ ਸਜੀਆਂ ਸੰਵਰੀਆਂ ਜਨਾਨੀਆਂ ਨੂੰ ਚਾਟ ਪਾਪੜੀ ਟਿੱਕੀ ਦੇ ਸਟਾਲਾਂ ਕੋਲ ਛੱਡਕੇ ਆਪ ਉਸ ਜੁੰਡਲੀ ਦਾ ਹਿੱਸਾ ਬਣ ਜਾਂਦੇ ਹਨ। ਕਹਿੰਦੇ ਹਨ ਇਸ ਤਰਲ ਕੈਮੀਕਲ ਦਾ ਸੇਵਨ ਬੰਦਿਆਂ ਨੂੰ ਸੱਚ ਅਤੇ ਅੰਗਰੇਜ਼ੀ ਬੋਲਣ ਲਾ ਦਿੰਦਾ ਹੈ। ਕਈ ਵਾਰੀ ਨੱਚਣ ਲਈ ਵੀ ਉਤਸ਼ਾਹਿਤ ਕਰਦਾ ਹੈ। ਦੋਸਤੀ ਦੇ ਜੋੜ ਨੂੰ ਮਜਬੂਤ ਕਰਨ ਲਈ ਫੇਵਿਕੋਲ ਦਾ ਕੰਮ ਕਰਦਾ ਹੈ। ਵੱਡੇ ਵੱਡੇ ਡਾਕਟਰ ਵਕੀਲ ਵਿਉਪਾਰੀ ਨੇਤਾ ਸਭ ਉਸ ਮਹਿਫ਼ਿਲ ਵਿੱਚ ਇੱਕ ਹੋ ਜਾਂਦੇ ਹਨ। ਕੋਈ ਵੱਡਾ ਛੋਟਾ ਨਹੀਂ ਰਹਿੰਦਾ। ਕੌਣ ਕਹਿੰਦਾ ਹੈ ਕਿ ਇਸ ਤਰਲ ਪਦਾਰਥ ਦਾ ਸੇਵਨ ਬੁੱਧੀ ਖਤਮ ਕਰ ਦਿੰਦਾ ਹੈ। ਕੱਲ੍ਹ ਰਾਤੀ ਬਹੁਤੀ ਜਾਣ ਪਹਿਚਾਣ ਵਾਲਿਆਂ ਨੇ ਇਸ ਦੇ ਤਰਲ ਪਦਾਰਥ ਦੇ ਸੇਵਨ ਤੋਂ ਬਾਦ ਮੇਰੇ ਤੋਂ ਦੂਰੀ ਬਣਾਈ ਰੱਖੀ ਤਾਂ ਕਿ ਅੱਖ ਦੀ ਸ਼ਰਮ ਬਰਕਰਾਰ ਰਹੇ। ਉਹ ਜਾਣਦੇ ਹਨ ਕਿ ਮੈਂ ਇਸ ਤਰਲ ਕੈਮੀਕਲ ਪਦਾਰਥ ਦੇ ਨੇੜੇ ਨਹੀਂ ਜਾਂਦਾ । ਪੀਣਾ ਤਾਂ ਦੂਰ ਦੀ ਗੱਲ ਹੈ।
ਮੈ ਸਟਾਲਾਂ ਤੇ ਘੁੰਮ ਰਹੀਆਂ ਉਹਨਾਂ ਔਰਤਾਂ ਬਾਰੇ ਵੀ ਸੋਚਿਆ ਕਿ ਅੱਜ ਇਹ੍ਹਨਾਂ ਨੂੰ ਪੂਰਨ ਆਜ਼ਾਦੀ ਮਿਲੀ ਹੈ ਜ਼ਾ ਇਹ੍ਹਨਾਂ ਨੂੰ ਕੁਝ ਸਮੇਂ ਲਈ ਖੁੱਲ੍ਹਾ ਛੱਡ ਦਿੱਤਾ ਗਿਆ ਹੈ।
ਮੈਂ ਆਪਣੇ ਆਪ ਨੂੰ ਵੀ ਇੱਕਲਾ ਜਿਹਾ ਮਹਿਸੂਸ ਕੀਤਾ ਕਿਉਂਕਿ ਸੰਤਮਤ ਦਾ ਪੁਜਾਰੀ ਹੋਣ ਕਰਕੇ ਨਿੰਬੂਪਾਣੀ ਕੋਫੀ ਸ਼ੇਕ ਦੇ ਗਿਲਾਸਾਂ ਚੋ ਮੈਂ ਉਹ ਫੁਰਤੀ ਲੱਭ ਰਿਹਾ ਸੀ।
ਕੱਲ ਰਾਤ ਵਾਲੇ ਵਿਆਹ ਨੇ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ। ਕਈ ਵਿਆਹਾਂ ਵਿੱਚ ਦੁੱਧ ਦਾ ਸਟਾਲ ਨਾ ਲਗਾਕੇ ਅਜਿਹੇ ਤਰਲ ਕੈਮੀਕਲ ਪਦਾਰਥ ਲਈ ਬਜਟ ਦਾ ਵਾਹਵਾ ਹਿੱਸਾ ਰਾਖਵਾਂ ਰਖਿਆ ਜਾਂਦਾ ਹੈ। ਕਿਉਂਕਿ ਇਹ ਲੋਕਾਂ ਦੀ ਮੰਗ ਹੈ। ਬਾਕੀ ਇਸ ਵਿਆਹ ਤੇ ਬਹੁਤ ਪ੍ਰਸ਼ੰਸ਼ਕ ਤੇ ਹਿਤੈਸ਼ੀ ਮਿਲੇ ਜਿੰਨਾ ਨੂੰ ਮਿਲਕੇ ਰੂਹ ਖੁਸ਼ ਹੋ ਗਈ। ਜੋ ਮੇਰੇ ਵਾਂਗੂ ਭੱਲੇ ਟਿੱਕੀ ਪਨੀਰ ਟਿੱਕੇ ਨੂੰ ਨਿਆਮਤ ਸਮਝਦੇ ਸਨ। ਉਂਜ ਬਹੁਤੇ ਲੋਕ ਇਸ ਤਰਲ ਪਦਾਰਥ ਨੂੰ ਹੀ ਵਧੀਆ ਵਿਆਹ ਮੰਨਦੇ ਹਨ। ਇਸ ਦੇ ਸਟਾਲ ਦੇ ਅੱਗੇ ਬਾਕੀ ਪ੍ਰਬੰਧ ਫਿੱਕੇ ਲਗਦੇ ਹਨ। ਉਹਨਾਂ ਲਈ ਬਾਕੀ ਦੇ ਸਟਾਲ ਜ਼ੀਰੋ ਹੁੰਦੇ ਹਨ। ਬਾਕੀ ਅੱਜ ਕੱਲ ਵਿਆਹਾਂ ਵਿੱਚ ਲੜਾਈ ਤੇ ਰੁੱਸਣ ਦਾ ਰਿਵਾਜ਼ ਲਗਭਗ ਖਤਮ ਹੋ ਗਿਆ ਹੈ। ਬਹੁਤੇ ਫੁਫੜ ਤੇ ਜੀਜੇ ਵੀ ਸਾਊ ਨਜ਼ਰ ਆਉਂਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।