ਬਹੁਤ ਪੁਰਾਣੀ ਗੱਲ ਹੈ। ਸਾਡੇ ਪਿੰਡ ਘੁਮਿਆਰੇ ਇੱਕ ਅੰਬੋ ਦਾਨੀ ਹੁੰਦੀ ਸੀ। ਪੇਸ਼ੇ ਤੋਂ ਉਹ ਨਾਇਣ ਸੀ। ਬਹੁਤੇ ਉਸਨੂੰ ਦਾਨੀ ਨਾਇਣ ਕਹਿੰਦੇ ਸਨ। ਉਸਦੇ ਕਈ ਕੁੜੀਆਂ ਸਨ ਤੇ ਮੁੰਡਾ ਇੱਕ ਹੀ ਸੀ। ਉਸਦੇ ਮੁੰਡੇ ਨਾਮ ਸ਼ਾਇਦ ਫੁੰਮਨ ਯ ਫੁਗਣ ਸੀ। ਮਾਂ ਪਿਓ ਦਾ ਇਕਲੌਤਾ ਫੁੰਮਨ ਬਹੁਤ ਲਾਡਲਾ ਸੀ ਤੇ ਪੂਰਾ ਨੌਜਵਾਨ। ਉਮਰ ਲਿਹਾਜ਼ ਨਾਲ ਫੱਬਦਾ ਸੀ। ਪੂਰੀ ਟੋਹਰ ਕੱਢਕੇ ਰੱਖਦਾ। ਇੱਕ ਦਿਨ ਉਸਨੇ ਖੇਤ ਵੱਟ ਵਿੱਚ ਦੱਬ ਕੇ ਰੱਖੀ ਹੋਈ ਘਰ ਦੀ ਦੇਸੀ ਦਾਰੂ ਪੀ ਲਈ। ਉਹ ਬੇ ਸੁਰਤ ਹੋ ਗਿਆ। ਉਸਨੂੰ ਸ਼ਹਿਰ ਡਾਕਟਰ ਕੋਲ ਲਿਜਾਣ ਲਈ ਟਰੈਕਟਰ ਦੀ ਜਰੂਰਤ ਸੀ। ਪਿੰਡ ਵਿਚ ਤਿੰਨ ਚਾਰ ਟਰੈਕਟਰ ਹੀ ਸਨ। ਪਰ ਕੋਈ ਵੀ ਉਸਨੂੰ ਹਸਪਤਾਲ ਲਿਜਾਣ ਲਈ ਰਾਜ਼ੀ ਨਾ ਹੋਇਆ। ਉਹਨਾਂ ਦਿਨਾਂ ਵਿੱਚ ਸਾਡੇ ਕੋਲ ਐਸਕਾਰਟ 37 ਟਰੈਕਟਰ ਹੁੰਦਾ ਸੀ। ਸਾਡਾ ਘਰ ਅੰਬੋ ਦਾਨੀ ਦੇ ਘਰ ਦੇ ਨੇੜੇ ਹੀ ਸੀ। ਅਸੀਂ ਰਾਤ ਨੁਬ ਉਸਨੂੰ ਟਰਾਲੀ ਵਿਚ ਪਾਕੇ ਡੱਬਵਾਲੀ ਲੰਬੀ ਵਾਲੇ ਡਾਕਟਰ ਗੁਰਬਚਨ ਸਿੰਘ ਕੋਲ ਇਲਾਜ ਲਈ ਲੈ ਆਏ। ਡਾਕਟਰ ਦੇ ਦੱਸਣ ਮੁਤਾਬਿਕ ਉਹ ਪਹਿਲਾਂ ਹੀ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਮਰ ਚੁੱਕਿਆ ਸੀ। ਸੋ ਉਸੇ ਸਮੇਂ ਉਸਦੀ ਦੇਹਿ ਨੂੰ ਵਾਪਿਸ ਪਿੰਡ ਲਿਆਂਦਾ ਗਿਆ। ਇਹ ਕਹਿਰ ਦੀ ਮੌਤ ਸੀ। ਸਾਰਾ ਪਿੰਡ ਉਸ ਦੁਖ ਦੀ ਘੜੀ ਵਿਚ ਅੰਬੋ ਦਾਨੀ ਦੇ ਨਾਲ ਸੀ। ਜਵਾਨ ਪੁੱਤ ਦੀ ਮੌਤ ਨੇ ਅੰਬੋ ਦਾਨੀ ਦਾ ਲੱਕ ਤੋੜ ਦਿੱਤਾ। ਉਂਜ ਅੰਬੋ ਦਾਨੀ ਪੂਰੇ ਭਾਰੀ ਸਰੀਰ ਦੀ ਔਰਤ ਸੀ। ਬੰਦਿਆਂ ਵਰਗੀ ਦੇਹ ਤੇ ਸੁਭਾਅ ਦੀ ਮਾਲਿਕ ਸੀ। ਉਸ ਤੋਂ ਬਾਦ ਜਦੋ ਵੀ ਉਹ ਸਾਡੇ ਟਰੈਕਟਰ ਨੂੰ ਦੇਖਦੀ ਤਾਂ ਉਹ ਉਸਨੂੰ ਖੂਨੀ ਟਰੈਕਟਰ ਆਖਦੀ। ਕਈ ਵਾਰੀ ਉਹ ਸਾਡੇ ਮੂੰਹ ਤੇ ਵੀ ਖੂਨੀ ਟਰੈਕਟਰ ਆਖਦੀ ਤੇ ਸਾਨੂੰ ਵੀ ਗਾਹਲਾਂ ਕੱਢਦੀ। ਮੇਰੇ ਪਾਪਾ ਜੀ ਤੇ ਚਾਚਾ ਜੀ ਉਸ ਨਾਲ ਲੜ੍ਹਨ ਨੂੰ ਤਿਆਰ ਹੋ ਜਾਂਦੇ। ਪਰ ਮੇਰੀ ਮਾਂ ਉਹਨਾਂ ਨੂੰ ਰੋਕ ਦਿੰਦੀ। ਕਹਿੰਦੀ ਜਿਸ ਦਾ ਜਵਾਨ ਪੁੱਤ ਜਹਾਨੋਂ ਤੁਰ ਗਿਆ ਉਸਦਾ ਕਾਹਦਾ ਗੁੱਸਾ ਕਰਨਾ। ਉਹ ਰੱਬ ਨੂੰ ਵੀ ਨਹੀਂ ਬਖਸ਼ਦੀ। ਤੁਸੀਂ ਕੀ ਚੀਜ਼ ਹੋ।
ਮੇਰੀ ਮਾਂ ਉਸ ਨਾਲ ਪੂਰੀ ਹਮਦਰਦੀ ਰੱਖਦੀ।
ਅੱਜ ਮੈਨੂੰ ਮੇਰੀ ਮਾਂ ਦੇ ਸੁਭਾਅ ਤੇ ਖੁਸ਼ੀ ਹੁੰਦੀ ਹੈ। ਉਹ ਖੁਦ ਵੀ ਮਾਂ ਸੀ ਤੇ ਮਮਤਾ ਦਾ ਅਹਿਸਾਸ ਰੱਖਦੀ ਸੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ