ਸੈਰ ਕਰਨ ਗਿਆ ਮੁੜਦੇ ਵਕਤ ਭਾਈ ਜੀ ਦੇ ਢਾਬੇ ਤੇ ਚਾਹ ਪੀਣ ਜਰੂਰ ਰੁਕਦਾ..ਓਹਨਾ ਦਾ ਜਵਾਨ ਪੁੱਤ ਚੁੱਕ ਕੇ ਗਾਇਬ ਕਰ ਦਿੱਤਾ ਸੀ..ਮਗਰੋਂ ਇਸ ਉਮਰੇ ਮਜਬੂਰਨ ਕੰਮ ਕਰਨਾ ਪੈ ਗਿਆ..ਢਾਬੇ ਦੇ ਨਾਲ ਸ਼ੋ ਰੂਮ ਵਾਲਿਆਂ ਬੜਾ ਜ਼ੋਰ ਲਾਇਆ ਸਾਨੂੰ ਵੇਚ ਦੇਣ ਪਰ ਆਖ ਦਿੰਦੇ ਜਦੋਂ ਤੀਕਰ ਜਿਉਂਦਾ ਹਾਂ ਚਲਾਵਾਂਗਾ ਮਗਰੋਂ ਫੇਰ ਆਪੇ ਵੇਖੀ ਜਾਊ..!
ਇੱਕ ਦਿਨ ਨਿੱਕੇ ਪੋਤਰੇ ਨੇ ਗੇਂਦ ਮਾਰ ਕੇ ਸ਼ੋ ਰੂਮ ਦਾ ਬੋਰਡ ਤੋੜ ਦਿੱਤਾ..ਸਾਰਾ ਟੱਬਰ ਗਲ਼ ਪੈ ਗਿਆ..ਬਾਬਾ ਜੀ ਨੇ ਨੁਕਸਾਨ ਪੂਰਤੀ ਕਰਨੀ ਮੰਨ ਲਈ..ਪੂਰੇ ਦੋ ਹਜਾਰ ਦੀਆਂ ਚਾਰ ਕਿਸ਼ਤਾਂ ਬੰਨ ਦਿੱਤੀਆਂ..ਨਿੱਕੇ ਨੂੰ ਹਾਸੇ ਹਾਸੇ ਵਿਚ ਆਖਣ ਲੱਗੇ ਅਜੇ ਤਾਂ ਤੇਰੇ ਪਿਓ ਦਾ ਕਰਜਾ ਹੀ ਨਹੀਂ ਸੀ ਉੱਤਰਿਆ..ਤੂੰ ਹੋਰ ਬੰਨਵਾ ਦਿੱਤੀਆਂ.!
ਏਨੇ ਨੂੰ ਟਰੇ ਵਿਚ ਚਾਹ ਦੇ ਕੱਪ ਲਿਆ ਰਹੇ ਮੁੰਡੇ ਨੂੰ ਠੇਡਾ ਲੱਗਾ ਤੇ ਸਭ ਕੁਝ ਖਿੱਲਰ ਗਿਆ..ਮੁੰਡਾ ਡਰ ਗਿਆ ਪਰ ਬਾਬਾ ਜੀ ਫੇਰ ਹੱਸਣ ਲੱਗ ਪਏ ਅਖ਼ੇ ਚੱਲ ਭਾਈ ਤੇਰਾ ਵੀ ਹੋਊ ਕੋਈ ਪੁਰਾਣਾ ਲੈਣ ਦੇਣ..ਆਖਣ ਲੱਗੇ ਕੱਚ ਚੰਗੀ ਤਰਾਂ ਹੂੰਝ ਦੇ..ਕਿਸੇ ਦੇ ਪੈਰਾਂ ਵਿਚ ਹੀ ਨਾ ਵੱਜ ਜਾਵੇ..!
ਮੈਂ ਤੁਰਨ ਲੱਗੇ ਨੇ ਸੌ ਦਾ ਨੋਟ ਫੜਾਇਆ..ਬਕਾਇਆ ਮੋੜਨ ਲੱਗੇ ਤਾਂ ਨਾਂਹ ਕਰ ਦਿੱਤੀ..ਅਖ਼ੇ ਰੱਖ ਲਵੋ ਅੱਜ ਤੁਹਾਡਾ ਨੁਕਸਾਨ ਹੋ ਗਿਆ..ਨਾ ਮੰਨੇ..ਬਦੋ ਬਦੀ ਹੱਥਾਂ ਵਿਚ ਦੇ ਦਿੱਤਾ..!
ਤੁਰੇ ਆਉਂਦੇ ਨੂੰ ਇੰਝ ਲੱਗ ਰਿਹਾ ਸੀ ਜਿੱਦਾਂ ਪੈਰ ਵਿਚ ਖਿਲਰੇ ਕੱਚ ਦੀ ਕੋਈ ਕੰਕਰ ਖੁੱਬ ਗਈ ਹੋਵੇ..ਪਰ ਲਹੂ ਵਗਦਾ ਕਿਧਰੇ ਵੀ ਨਹੀਂ ਸੀ ਦਿਸ ਰਿਹਾ..ਫੇਰ ਖਿਆਲ ਆਇਆ ਕਮਲਿਆ ਲਹੂ ਤਾਂ ਦੂਰ ਦੁਰਾਡੇ ਕਿਸੇ ਪਿੰਡ ਦੀ ਜੂਹ ਦੇ ਬਾਹਰ ਪਈ ਕਿਸੇ ਅਣਪਛਾਤੀ ਲੋਥ ਦੇ ਸਿਰ ਵਿਚੋਂ ਵਗ ਰਿਹਾ ਹੋਣਾ..!
ਹਰਪ੍ਰੀਤ ਸਿੰਘ ਜਵੰਦਾ