ਓਦੋਂ ਖੰਡ ਦੀ ਵਾਧੂ ਕਿੱਲਤ ਹੁੰਦੀ ਸੀ। ਰਾਸ਼ਨ ਡੀਪੂ ਤੋਂ ਹਰ ਮਹੀਨੇ ਰਾਸ਼ਨ ਕਾਰਡ ਤੇ ਖੰਡ ਮਿਲਦੀ ਹੁੰਦੀ ਸੀ। ਇੱਕ ਜੀਅ ਮਗਰ ਦੋ ਸੌ ਗ੍ਰਾਮ ਸੀ ਸ਼ਾਇਦ। ਸਾਡੇ ਕਾਰਡ ਤੇ ਪੰਜ ਜੀਅ ਦੇ ਨਾਮ ਦਰਜ਼ ਸਨ ਤੇ ਕਿਲੋ ਕੁ ਖੰਡ ਮਿਲਦੀ ਸੀ ਮਹੀਨੇ ਦੀ। ਜਿਸ ਦਿਨ ਗੁਰਦੁਆਰੇ ਅਲਾਉਂਸਮੈਂਟ ਹੁੰਦੀ ਸਾਰਾ ਪਿੰਡ ਡੀਪੂ ਵਾਲੇ ਘਰ ਵੱਲ ਨੂੰ ਵਹੀਰਾਂ ਘਤ ਲੈਂਦਾ। ਉਂਜ ਅਸੀਂ ਸ਼ਹਿਰੋਂ ਵੀ ਖੰਡ ਲਿਆਉਂਦੇ ਸੀ। ਪਰ ਡੀਪੂ ਵਾਲੀ ਖੰਡ ਭਾਵੇਂ ਥੋੜੀ ਬਰੀਕ ਹੁੰਦੀ ਸੀ ਪਰ ਮਿੱਠੀ ਤੇ ਸਵਾਦ ਹੁੰਦੀ ਸੀ। ਉਹ ਖੰਡ ਅਸੀਂ ਫੱਕੇ ਮਾਰਕੇ ਹੀ ਉਡਾ ਦਿੰਦੇ। ਬਹੁਤੇ ਵਾਰੀ ਕੋਈ ਨਾ ਕੋਈ ਵਿਆਹ ਵਾਲਾ ਘਰ ਰਾਸ਼ਨ ਕਾਰਡ ਮੰਗਕੇ ਲੈ ਜਾਂਦਾ ਤਾਂ ਉਸ ਮਹੀਨੇ ਸਰਕਾਰੀ ਖੰਡ ਘਰੇ ਨਹੀਂ ਸੀ ਆਉਂਦੀ।
ਇਹੀ ਹਾਲ ਸੀਮੈਂਟ ਦਾ ਸੀ। ਭਾਵੇਂ ਤੇਰਾਂ ਕੁ ਰੁਪਏ ਦਾ ਗੱਟਾ ਆਉਂਦਾ ਸੀ ਪਰ ਬਜ਼ਾਰੋ ਸੀਮੈਂਟ ਆਮ ਨਹੀਂ ਸੀ ਮਿਲਦਾ। ਐਸ ਡੀ ਐਮ ਦਫਤਰ ਤੋਂ ਪਰਮਿਟ ਲੈਣਾ ਪੈਂਦਾ ਸੀ। ਪੰਜਾਹ ਥੇੱਲੇ ਮੰਗੋ ਭਾਵੇਂ ਪੰਝੀ ਪਰ ਪਰਮਿਟ ਚਾਰ ਯ ਪੰਜ ਗਟਿਆਂ ਦਾ ਹੀ ਮਿਲਦਾ ਸੀ। ਇਸ ਲਈ ਵੀ ਦੁਨੀਆ ਭਰ ਦੀ ਖੱਜਲ ਖੁਆਰੀ ਹੁੰਦੀ ਸੀ। ਪਿੰਡਾਂ ਸ਼ਹਿਰਾਂ ਵਿੱਚ ਚਲਦੇ ਸਰਕਾਰੀ ਕੰਮਾਂ ਤੋਂ ਚੋਰੀ ਦਾ ਸੀਮੈਂਟ ਆਮ ਮਿਲ ਜਾਂਦਾ ਸੀ। ਸਾਡੇ ਪਿੰਡ ਵਿੱਚ ਬਣਦੇ ਵਾਟਰ ਵਰਕਸ ਤੇ ਨਿਗਰਾਨੀ ਲਈ ਰੱਖਿਆ ਚੌਕੀਦਾਰ ਹੀ ਅਕਸਰ ਚੋਰੀਓ ਸੀਮੈਂਟ ਵੇਚਦਾ ਸੀ। ਇੱਥੇ ਹੀ ਬਸ ਨਹੀਂ ਗੈਸ ਸਿਲੰਡਰ ਲੈਣਾ ਤਾਂ ਬਾਹਲਾ ਔਖਾ ਸੀ। ਗੈਸ ਏਜੰਸੀ ਵਾਲੇ ਬਹੁਤ ਪਹਿਲਾਂ ਬੁਕਿੰਗ ਕਰਵਾ ਕੇ ਵੀ ਕਈ ਕਈ ਗੇੜੇ ਮਰਵਾਉਂਦੇ। ਕੋਈ ਕਿਲੋਮੀਟਰ ਦੀ ਲੰਬੀ ਲਾਈਨ ਚ ਖਡ਼ੇ ਰਹਿੰਦੇ ਜਦੋ ਨੰਬਰ ਆਉਂਦਾ ਤਾਂ ਗੈਸ ਸਿਲੰਡਰ ਖਤਮ ਹੋ ਜਾਂਦੇ। ਬਾਜ਼ਾਰ ਵਿਚੋਂ ਦੋ ਸੌ ਵਾਲਾ ਸਿਲੰਡਰ ਸੱਤ ਅੱਠ ਸੌ ਦਾ ਬਲੈਕ ਵਿੱਚ ਆਮ ਹੀ ਮਿਲ ਜਾਂਦਾ। ਜਦੋ ਵੀ ਕਿਤੇ ਬਾਹਰ ਜਾਂਦੇ ਤਾਂ ਗੱਡੀ ਵਿੱਚ ਇੱਕ ਖਾਲੀ ਸਿਲੰਡਰ ਨਾਲ ਲੈ ਕੇ ਜਾਂਦੇ। ਤਾਂਕਿ ਕਿਤੋਂ ਭਰਿਆ ਮਿਲ ਗਿਆ ਤਾਂ ਮਹੀਨਾ ਸੌਖਾ ਲੰਘਜੂ ਗਾ।
ਉਹਨਾਂ ਦਿਨਾਂ ਵਿੱਚ ਐਚ ਐਮ ਟੀ ਦੀ ਘੜੀ ਵੀ ਆਮ ਬਜ਼ਾਰ ਵਿੱਚ ਘੱਟ ਹੀ ਮਿਲਦੀ ਸੀ। ਲੋਕ ਇਹ ਘੜੀ ਫੌਜੀ ਕੰਟੀਨ ਤੋਂ ਮੰਗਵਾਉਂਦੇ। ਅਮੂਮਨ ਛੁੱਟੀ ਆਇਆ ਫੌਜੀ ਕਿਸੇ ਕਰੀਬੀ ਰਿਸ਼ਤੇਦਾਰ ਲੜਕੀ ਦੇ ਵਿਆਹ ਲਈ ਇੱਕ ਅੱਧੀ ਘੜੀ ਜਰੂਰ ਲਿਆਉਂਦਾ। ਇਹ ਵੀ ਸੇਵਾ ਹੁੰਦੀ ਸੀ।
ਪਤਾ ਨਹੀਂ ਤਾਂ ਉਦੋਂ ਸਮਾਨ ਦੀ ਵਾਕਿਆ ਹੀ ਕਿੱਲਤ ਸੀ ਯ ਲੋਕਾਂ ਕੋਲ ਪੈਸਾ ਨਹੀਂ ਸੀ।
ਮੈਨੂੰ ਲਗਦਾ ਹੈ ਕਿ ਸਰਕਾਰ ਦੀ ਨੀਅਤ ਲੋਕਾਂ ਨੂੰ ਛੋਟੀਆਂ ਛੋਟੀਆਂ ਜ਼ਰੂਰਤਾਂ ਲਈ ਹੀ ਪ੍ਰੇਸ਼ਾਨ ਕਰਨਾ ਚਾਹੁੰਦੀ ਸੀ। ਸਰਕਾਰ ਇਹਨਾਂ ਵਸਤੂਆਂ ਦੇ ਖੁੱਲੇ ਉਤਪਾਦਨ ਲਈ ਕਦਮ ਨਹੀਂ ਸੀ ਚੁਕਦੀ। ਹੁਣ ਉਹ ਗੱਲਾਂ ਨਹੀਂ ਰਹੀਆਂ। ਖੰਡ, ਗੈਸ, ਘੜੀਆਂ, ਸੀਮੈਂਟ ਆਮ ਹੈ। ਕਿਸੇ ਚੀਜ਼ ਦੀ ਕਿੱਲਤ ਨਹੀਂ ਹੈ। ਹੁਣ ਤਾਂ ਨਸ਼ਾਪੱਤਾ, ਦਾਰੂ, ਚਿੱਟਾ ਤੇ ਪੋਸਤ ਵੀ ਵਾਧੂ ਮਿਲਦਾ ਹੈ ਭਾਵੇਂ ਚੋਰੀਓ ਹੀ ਸਹੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।