ਜਦੋ ਨਿੱਕੇ ਨਿੱਕੇ ਹੁੰਦੇ ਸੀ ਤਾਂ ਅਸੀਂ ਮੰਡੀ ਕਟਿੰਗ ਕਰਵਾਉਣ ਲਈ ਆਉਂਦੇ। ਪਾਪਾ ਜੀ ਅਕਸਰ ਕਹਿੰਦੇ ਕਿ ਹਜਾਮਤ ਕਰਾਉਣੀ ਹੈ। ਕੁਝ ਲੋਕ ਇਸ ਨੂ ਅੰਗ੍ਰੇਜੀ ਹਜਾਮਤ ਕਰਾਉਣਾ ਵੀ ਆਖਦੇ। ਤੇ ਚੰਗੇ ਪੈਸੇ ਵਾਲੇ ਯਾ ਪੜ੍ਹੇ ਲਿਖਿਆਂ ਦੇ ਬੱਚੇ ਇਸ ਲਈ ਬੰਗਾਲੀ ਕਰਵਾਉਣਾ ਸ਼ਬਦ ਵਰਤਦੇ। ਸਾਡੇ ਇੱਕ ਨਹਿਰੀ ਪਟਵਾਰੀ ਆਇਆ ਸੀ। ਉਸਦੇ ਦੋ ਮੁੰਡੇ ਤੇ ਦੋ ਕੁੜੀਆਂ ਸਨ। ਮੁੰਡਿਆਂ ਨੇ ਜਿਸ ਦਿਨ ਕਟਿੰਗ ਕਰਵਾਉਣੀ ਹੁੰਦੀ। ਤੇ ਉਹਨਾਂ ਦੀ ਮਾਤਾ ਕਹਿੰਦੀ, “ਜਾਓ ਵੇ ਸਿਰ ਕਟਾ ਆਓ।” ਓਹ ਕਟਿੰਗ ਕਰਵਾਉਣ ਨੂੰ ਸਿਰ ਕਰਵਾਉਣਾ ਹੀ ਆਖਦੀ। ਖੈਰ ਮੇਰੀ ਮਾਤਾ ਉਸ ਤੇ ਬਹੁਤ ਗੁੱਸੇ ਹੁੰਦੀ। ਜਿਵੇ ਹੁਣ ਜੈਜੀ ਬੀ ਵਾਂਗੂ ਜੁਆਕ ਵਾਲ ਖੜੇ ਰਖਦੇ ਹਨ ਓਦੋ ਲੰਬੇ ਵਾਲਾ ਦਾ ਰਿਵਾਜ਼ ਜਿਹਾ ਚਲਿਆ ਸੀ। ਫਿਰ ਪਿਛਲੇ ਵਾਲ ਲੰਬੇ ਰੱਖਣ ਲਗ ਪਏ। ਅੱਖਾਂ ਤੇ ਵਾਲ ਡਿਗਦੇ। ਫਿਰ 1975 ਦੇ ਨੇੜੇ ਤੇੜੇ ਸੰਜਯ ਗਾਂਧੀ ਨੇ ਵੱਡੀਆਂ ਵੱਡੀਆਂ ਕਲਮਾਂ ਰਖਣ ਦੀ ਰੀਸ ਪਾ ਦਿੱਤੀ। ਸਮੇ ਸਮੇ ਤੇ ਵਾਲਾਂ ਦੇ ਸਟਾਇਲ ਬਦਲਦੇ ਰਹੇ। ਲੋਕੀ ਵਾਲਾਂ ਨੂੰ ਰੰਗਦੇ ਵੀ ਰਹਿੰਦੇ ਹਨ। ਕਈ ਸ਼ਾਹ ਕਾਲੇ ਵਾਲ ਰਖਦੇ ਹਨ ਤੇ ਕਈ ਮਹਿੰਦੀ ਨਾਲ ਕੀਤੇ ਲਾਲ ਲਾਲ। ਹੁਣ ਤਾਂ ਓਹ ਹਜਾਮਤ ਕਰਾਉਣ ਵਾਲੇ ਸ਼ਬਦ ਦੇ ਅਰਥ ਹੀ ਬਦਲ ਗਾਏ ਹਨ। ਹੁਣ ਤਾਂ ਅਕਸਰ ਲੋਕ ਕਹਿੰਦੇ ਹਨ ਅੱਜ ਬਜਾਰ ਵਿਚ ਇੱਕ ਸੜਕ ਛਾਪ ਆਸ਼ਿਕ ਦੀ ਖੂਬ ਹਜਾਮਤ ਹੋਈ। ਯਾ ਕਿਸੇ ਸ਼ਰਾਬੀ ਦੀ ਖੂਬ ਹਜਾਮਤ ਕੀਤੀ ਜਾਂਦੀ ਹੈ।
ਲੋਕ ਸ਼ਬਦਾਂ ਦਾ ਅੰਗਰੇਜ਼ੀ ਉਚਾਰਨ ਕਰਕੇ ਆਪਣੀ ਵੱਖਰੀ ਟੋਹਰ ਬਣਾਉਂਦੇ ਹਨ। ਨਾਈ ਦੀ ਦੁਕਾਨ ਹੁਣ ਸੈਲੂਨ ਹੋ ਗਈ ਹੈ। ਹੇਅਰ ਹੱਬ ਹੇ ਏਅਰ ਪੋਰਟ ਵਰਗੇ ਸ਼ਬਦ ਇਦਾਜ਼ ਹੋ ਗਏ ਹਨ। ਲੋਕ ਕਟਿੰਗ ਕਰਾਉਣ ਜਾਂਦੇ ਹਨ ਹਜ਼ਾਮਤ ਸ਼ਬਦ ਦਾ ਤਾਂ ਰੂਪ ਵੀ ਬਦਲ ਗਿਆ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।