ਸੁੱਖੀ ਕਾਫੀ ਪੜ੍ਹਿਆ_ ਲਿਖਿਆ, ਚੰਗੀ ਸੋਚ ਦਾ ਮਾਲਕ ਇਨਸਾਨ ਹੈ | ਉਸ ਕੋਲ ਗੁਜ਼ਾਰੇ ਜੋਗੀ ਜ਼ਮੀਨ ਵੀ ਹੈ | ਜਿਸ ਵਿੱਚ ਉਹ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ | ਆਪਣੀ ਚੰਗੀ ਸੂਝ _ਬੂਝ ਤੇ ਗੱਲ ਕਰਨ ਦੇ ਤਰੀਕੇ ਸਦਕਾ ਲੋਕਾਂ ਵਿੱਚ ਚੰਗੀ ਪਛਾਣ ਰੱਖਦਾ ਹੈ | ਉਹ ਅਕਸਰ ਲੋਕਾਂ ਨੂੰ ਸਰਕਾਰਾਂ ਕੋਲੋਂ ਆਪਣੇ ਹੱਕ ਮੰਗਣ ਪ੍ਰਤੀ ਜਾਗਰੂਕ ਕਰਦਾ ਰਹਿੰਦਾ ਸੀ|
ਕਾਫੀ ਸਮੇ ਬਾਅਦ ਸੁੱਖੀ ਨੂੰ ਮਿਲਣ ਦਾ ਸਬੱਬ ਬਣਿਆ |
ਮੈਂ ਬਿਨਾ ਦੱਸੇ ਸਿੱਧਾ ਉਸਦੇ ਘਰੇ ਉਸਨੂੰ ਮਿਲਣ ਪਹੁੰਚ ਗਿਆ |
ਗੇਟ ਅੰਦਰ ਵੜ੍ਹਦਿਆਂ ਹੀ ਦੇਖਿਆ ਸੁੱਖੀ ਮੱਝ ਦੇ ਡੇੜ ਦੋ ਮਹੀਨੇ ਦੇ ਕੱਟੇ ਨੂੰ ਡੰਡੇ ਨਾਲ ਕੁੱਟੀ ਜਾਵੇ | ਮੈਂ ਆਵਾਜ਼ ਦਿੱਤੀ ਸੁੱਖੀ ਇਸ ਵਿਚਾਰੇ ਨੂੰ ਕਿਉਂ ਡਾਂਗ ਫੇਰੀ ਜਾਨਾ ਭਰਾਵਾ?
ਮੈਨੂੰ ਪਛਾਣ ਕੇ ਕਹਿੰਦਾ ਕੀ ਦੱਸਾਂ ਯਾਰ ? ਇਹ ਖੁੱਲ ਕੇ ਸਾਰਾ ਦੁੱਧ ਚੁੰਘ ਗਿਆ| ਕੱਟੇ ਨੂੰ ਕਿੱਲੇ ਨਾਲ ਬੰਨ੍ਹ ਕੇ ਮੈਨੂੰ ਅੰਦਰ ਲੈ ਕੇ ਬਹਿ ਗਿਆ | ਅਸੀਂ ਚਾਹ _ਪਾਣੀ ਪੀਤਾ | ਇੱਕ ਦੂਜੇ ਦਾ ਹਾਲ-ਚਾਲ ਪੁੱਛਿਆ | ਗੱਲਾਂ- ਬਾਤਾਂ ਕਰਦਿਆਂ ਅਚਾਨਕ ਮੈਨੂੰ ਚੇਤਾ ਆਇਆ ਕਿ ਘਰ ਵੜ੍ਹਦਿਆਂ ਮੈਂ ਮਹਿਸੂਸ ਕੀਤਾ ਸੀ ਕਿ ਸੁੱਖੀ ਪੈਰ ਨੱਪ ਕੇ ਚੱਲ ਰਿਹਾ ਸੀ |
ਮੈਂ ਮਜ਼ਾਕ ਕੀਤਾ ਕੀ ਗੱਲ ਹੋ ਗਈ ਬੜਾ ਵਿੰਗਾ ਟੇਢਾ ਹੋ ਕੇ ਚੱਲ ਰਿਹਾ | ਭਰਜਾਈ ਨੂੰ ਆਖਾਂ ਲੱਤ ਘੁੱਟ ਦੇਵੇ ਤੇਰੀਆਂ | ਐਵੇਂ ਖੱਲੀਆਂ ਪਵਾਈ ਬੈਠਾ |
ਕਹਿੰਦਾ ਨਹੀਂ ਯਾਰ ਐਸੀ ਕੋਈ ਗੱਲ ਨਹੀਂ , ਭਰਜਾਈ ਤੇਰੀ ਤਾਂ ਬੜੀ ਕਰਮਾਂ ਵਾਲੀ ਆ |
ਇਹ ਤਾਂ ਯਾਰ ਸਭ ਸਰਕਾਰਾਂ ਦੇ ਸਿਆਪੇ ਆ | ਤੂੰ ਤਾਂ ਯਾਰ ਚੰਗਾ ਰਿਹਾ ਇਥੋਂ ਨਿਕਲ ਕੇ ਬਾਹਰ ਸੈੱਟ ਹੋ ਗਿਆ | ਤੈਨੂੰ ਤਾਂ ਚੰਗੀ ਤਰਾਂ ਪਤਾ ਮੈਂ ਕਿੰਨੀ ਮੁਸ਼ਕਿਲ ਨਾਲ ਮੈਂ ਪੜ੍ਹਾਈ ਕੀਤੀ ? ਆਹ ਕੁਝ ਦਿਨ ਪਹਿਲਾਂ ਬੇਰੋਜ਼ਗਾਰਾਂ ਨੇ ਸਰਕਾਰ ਖਿਲਾਫ ਧਾਰਨਾ ਲਾਇਆ ਸੀ | ਮੈਂ ਵੀ ਉਸ ਧਰਨੇ ਵਿੱਚ ਆਪਣਾ #ਹੱਕ ਮੰਗਣ ਖਾਤਿਰ ਸ਼ਾਮਿਲ ਹੋਇਆ ਸੀ | ਇਸ ਮੁਲਕ ਵਿੱਚ ਹੱਕ ਤਾਂ ਕੀ ਮਿਲਣਾ ਹੈ ? ਸਗੋਂ ਏਥੇ ਅਪਣਾ ਹੱਕ ਮੰਗਣ ਤੇ ਡਾਂਗਾ ਪੈਂਦੀਆਂ ਨੇ |
ਮੈਂ ਕਿਹਾ sorry ਯਾਰ ਮੈਨੂੰ ਨਹੀਂ ਸੀ ਪਤਾ | ਮੈਂ ਤਾਂ ਮਜ਼ਾਕ ਕਰ ਰਿਹਾ ਸੀ | ਚੱਲ ਕੋਈ ਫਿਕਰ ਨਾ ਕਰ ਮੈਂ ਕੋਈ ਜੁਗਾੜ ਲਾ ਕੇ ਕਰਦਾ ਸੈੱਟ ਤੈਨੂੰ ਵੀ ਬਾਹਰ | ਏਨਾ ਕਹਿ ਕੇ ਮੈਂ ਕਿਹਾ ਚੰਗਾ ਮੈਂ ਚਲਦਾ ਹਾਂ ਤੇ ਮੈਂ ਉਥੋਂ ਚੱਲ ਪਿਆ |
ਮੈਂ ਸਾਰੇ ਰਸਤੇ ਸੁੱਖੀ ਨੂੰ ਆਪਣਾ ਹੱਕ ਮੰਗਣ ਤੇ ਪਈਆਂ ਡਾਂਗਾ ਬਾਰੇ ਤੇ ਕਦੇ ਕੱਟੇ ਨੂੰ ਘੁੱਟ ਦੁੱਧ ਖਾਤਿਰ ਸੁੱਖੀ ਕੋਲੋਂ ਪਈਆਂ ਡਾਂਗਾਂ ਬਾਰੇ ਸੋਚ ਰਿਹਾ ਸੀ ……
ਕਿ ਕੱਟੇ ਨੇ ਵੀ ਤਾਂ ਆਪਣੇ #ਹੱਕ ਦਾ ਘੁੱਟ ਦੁੱਧ ਹੀ ਪੀਤਾ ਸੀ ..
📝 ਪ੍ਰਤਾਪ ਸਿੰਘ
62840 40348
ਬਹੁਤ ਹੀ ਪ੍ਰੇਰਨਾ ਦਾਇਕ ਕਹਾਣੀ