ਮਿੰਨੀ ਕਹਾਣੀ ” ਗਹਿਰੇ ਜ਼ਖ਼ਮ ”
ਆਪਣੇ ਆਪ ਨੂੰ ਸਮਝਦਾਰ ਸਮਝਣ ਵਾਲਾ ਲਾਲੀ ਆਪਣੀ ਸਕੂਲ ਦੀ ਪੜ੍ਹਾਈ ਖਤਮ ਕਰਕੇ ਕਾਲਜ ਵਿੱਚ ਪੜ੍ਹਨ ਜਾਇਆ ਕਰਦਾ ਸੀ। ਉਹ ਆਪਣੇ ਮਾਲਵਾ ਕਾਲਜ ਵਿੱਚ ਚੰਗੀ ਤਰ੍ਹਾਂ ਪੈਰ ਜਮਾ ਚੁੱਕਿਆ ਸੀ । ਸਮਝਦਾਰ ਹੋਣ ਕਰਕੇ ਕਾਲਜ ਦਾ ਸਟਾਪ ਤੇ ਹਰ ਕੋਈ ਉਸ ਦੀ ਇੱਜ਼ਤ ਕਰਦਾ ਸੀ । ਇੱਕ ਦਿਨ ਕਾਲਜ ਦੇ ਪ੍ਰੋਗਰਾਮ ਦੌਰਾਨ ਉਸਦਾ ਮੇਲ ਕਾਲਜ ਵਿੱਚ ਪੜਦੀ ਪੰਮੀ ਨਾਲ ਹੋਇਆ ਜੋ ਕਿ ਕੁੜੀਆਂ ਦੀ ਸਰਦਾਰ ਸੀ । ਹੁਣ ਬੇ ਸਮਝ ਹੋ ਚੁੱਕਿਆ ਸੀ ਦੋਂਹਨੇ ਇੱਕ ਦੂਜੇ ਦੇ ਐਨਾ ਨੇੜੇ ਹੋ ਚੁੱਕੇ ਕਿ ਮੋਹ ਪਿਆਰ ਵਿੱਚ ਫਸ ਗਏ । ਇਹ ਗੱਲ ਸਾਰੇ ਕਾਲਜ਼ ਵਿੱਚ ਅੱਗ ਫੈਲ ਚੁੱਕੀ ਸੀ । ਇੱਕ ਦਿਨ ਸਕੂਲ ਦੀ ਲਾਇਬ੍ਰੇਰੀ ਵਿੱਚ ਦੋਂਹਨੇ ਬੈਠੇ ਕਿਤਾਬਾਂ ਫੋਲਦੇ ਹੋਏ ਗੱਲਾਂ ਬਾਤਾਂ ਕਰ ਰਹੇ ਸੀ । ਗੱਲਾਂ ਕਰਦੀ ਕਰਦੀ ਪੰਮੀ ਦੇ ਮੂਹੋਂ ਅਚਾਨਕ ਇੱਕ ਗੱਲ ਨਿੱਕਲ ਗਈ ਕਿ ਤੁਹਾਡੇ ਕੋਲ ਪੈਲੀ ਕਿੰਨੀ ਹੈ । ਇਹ ਗੱਲ ਸੁਣ ਦੀ ਸਾਰ ਹੀ ਉਸਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ਅਤੇ ਕੋਈ ਜਵਾਬ ਨਹੀਂ ਦੇ ਪਾਇਆ ਉਹ ਆਪਣੀ ਚੁੱਪ ਨਾ ਤੋੜ ਸਕਿਆ , ਉਹ ਹੋਰ ਕੁੱਝ ਨਾ ਬੋਲਦੀ ਹੋਈ ਚੁੱਪ ਚੁਪੀਤੇ ਕਿਤਾਬ ਨੂੰ ਬੰਦ ਕਰਕੇ ਲਾਇਬ੍ਰੇਰੀ ਚੋਂ ਉੱਠ ਕੇ ਬਾਹਰ ਚਲੇ ਗਈ । ਸਿਰ ਨੂੰ ਫੜੀ ਲਾਇਬ੍ਰੇਰੀ ਵਿੱਚ ਬੈਠਾ ਸੋਚ ਰਿਹਾ ਸੀ , ਜੇ ਮੈਂ ਗਰੀਬ ਘਰ ਜਨਮ ਲਿਆ ਹੁੰਦਾ ਗੱਲ ਕੁੱਝ ਹੋਰ ਸੀ ,ਪਰ ਮੈ ਤਾਂ ਅਮੀਰ ਘਰ……. ਹੈ ਮੈਨੂੰ ਸਾਰੀ ਦੁਨੀਆਂ ਜਾਣ ਦੀ ਹੈ , ਕੀ ਉਸਨੂੰ ਮੇਰੇ ਵਾਰੇ ਪਤਾ ਨਹੀਂ ਸੀ ਜਾ ਫਿਰ ਉਸਨੇ ਆਪਣੇ ਆਪ ਨੂੰ ਅਮੀਰ ਸਮਝਦੀ ਹੋਈ ਨੇ ਮੇਰੀ ਜਾਇਦਾਦ ਨੂੰ ਪਰਖਣਾ ਕੀ ਜ਼ਰੂਰੀ ਸੀ । ਕਮਰਿਆਂ ਨੂੰ ਜ਼ਿੰਦੇ ਲਾਉਂਦਾਂ ਹੋਇਆ ਚੌਕੀਦਾਰ ਲਾਇਬ੍ਰੇਰੀ ‘ਚ ਪਹੁੰਚਿਆ ਲਾਲੀ ਨੂੰ ਇਕੱਲਾ ਬੈਠਾ ਦੇਖਕੇ ਹੈਰਾਨ ਹੋ ਗਿਆ । ਹੈਰਾਨੀ ਨਾਲ ਆਪਣੇ ਪੈਰਾਂ ਨੂੰ ਅੱਗੇ ਰੱਖਦੇ ਹੋਏ ਨੇ ਮੋਢੇ ਤੋਂ ਫੜਕੇ ਹਲੂਣਿਆ । ਕੀ ਗੱਲ ਹੋਈ ਹੈ ਤੂੰ ਅੱਜ ਘਰ ਨਹੀਂ ਜਾਣਾ ? ਉਹ ਚੌਕ ਗਿਆ ਇੱਕਦਮ ਖੜਾ ਹੋ ਗਿਆ , ਉਦਾਸੀ ਜਿਹੀ ਅਵਾਜ਼ ਵਿੱਚ ਬੋਲਿਆ ਕਈ ਜ਼ਖ਼ਮ ਇਸ ਤਰ੍ਹਾਂ ਦੇ ਹੁੰਦੇ ਨੇ ਆਪਾਂ ਸਮਝਦਾਰ ਹੁੰਦਿਆਂ ਹੋਏ ਵੀ ਆਪਣੇ ਜਿਸਮ ਤੇ ਲੈਂ ਲੈਂਦੇ ਹਾਂ ਨਾ ਮਲ੍ਹਮ ਪੱਟੀ ਹੁੰਦੀ ਨਾ ਪੀੜ ਜਾਂਦੀ ਹੈ । ਚੰਗਾ ਮੈਂ ਚੱਲਦਾ ? ਕਹਿਕੇ ਬਾਹਰ ਨਿੱਕਲ ਗਿਆ । ਚੌਕੀਦਾਰ ਸੋਚਾਂ ਵਿੱਚ ਡੁੱਬਿਆ ਹੀ ਰਹਿ ਗਿਆ ।
ਹੁਣ ਘਰ ਵਾਲੇ ਵਾਲੇ ਵੀ ਹੈਰਾਨ ਹੋ ਚੁੱਕੇ ਸੀ । ਇਸ ਨੂੰ ਕੀ ਹੋ ਗਿਆ ਇਹ ਤਾਂ ਮਰਦਿਆਂ ਨੂੰ ਹਸਾਉਣ ਵਾਲਾ ਸੀ ।ਇਸ ਦੇ ਮੂੰਹੋਂ ਹਾਸੇ ਕਿਵੇਂ ਵਿੱਖਰ ਗਏ , ਚਿਹਰੇ ਦਾ ਰੰਗ ਵੀ ਕਾਲਾ ਪੈ ਗਿਆ , ਰਾਤਾਂ ਦੀ ਨੀਂਦ ਨੂੰ ਵੀ ਕੋਈ ਚੁਰਾਕੇ ਲੈਂ ਗਿਆ । ਘਰ ਵਾਲਿਆਂ ਨੇ ਬਹੁਤ ਡਾਕਟਰਾਂ ਨੂੰ ਦਿਖਾਇਆ ਪਰ ਟੱਸ ਤੋਂ ਮੱਸ ਨਾ ਹੋਈ ਘਰ ਵਾਲੇ ਵੀ ਇਸ ਗੱਲ ਨੂੰ ਲੈਕੇ ਬਹੁਤ ਚਿੰਤਕ ਹੋ ਚੁੱਕੇ ਸੀ । ਬਾਬਿਆਂ ਤੋਂ ਧਾਗੇ ਤਵੀਤ ਵੀ ਲੈਕੇ ਉਸਦੇ ਗਲ ਵਿੱਚ ਪਾਏ , ਟੂਣੇ ਵੀ ਕੀਤੇ ਕੋਈ ਫਰਕ ਨਾ ਪਿਆ । ਹੁਣ ਸਾਰੀਆਂ ਉਮੀਦਾਂ ਟੁੱਟ ਚੁੱਕੀਆਂ ਸੀ । ਇੱਕ ਦਿਨ ਅਚਾਨਕ ਉਸਦਾ ਦੋਸਤ ਮੀਤ ਉਸਦੇ ਘਰ ਆਇਆਂ ਉਸਨੇ ਚਾਹ ਪਾਣੀ ਪੀਤਿਆਂ ਵਗੈਰ ਖੜ੍ਹੇ ਨੇ ਉਸਦੀ ਹਾਲਤ ਦੇਖਕੇ ਕਿਹਾ । ਮੇਰੀ ਪਤਨੀ ਵੀ ਇੱਕ ਡਾਕਟਰ ਹੈ ਕਿਉਂਕਿ ਆਪਾਂ ਉਸਦੀ ਵੀ ਸਲਾਹ ਲੈਣ ਲਈਏ ਸਾਰਿਆਂ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ । ਦੂਜੇ ਦਿਨ ਆਪਣੀ ਪਤਨੀ ਨੂੰ ਨਾਲ ਲੈਕੇ ਆਇਆ । ਦਹਿਲੀਜ਼ ਪਾਰ ਕਰਦਿਆਂ ਹੀ ਮੰਜੇ ਤੇ ਪਏ ਲਾਲੀ ਵੱਲ ਵੇਖਦਿਆਂ ਹੀ ਉਹ ਹੈਰਾਨ ਹੋ ਗਈ ਕਿਉਂਕਿ ਉਹ ਵੀ ਉੱਥੇ ਹੀ ਪੜ੍ਹਦੀ ਸੀ ਜਿਹੜੇ ਕਾਲਜ਼ ਵਿੱਚ ਲਾਲੀ ਪੜ੍ਹਦਾ ਸੀ । ਉਹ ਲਾਲੀ ਵਾਰੇ ਸਭ ਕੁੱਝ ਜਾਣੂ ਸੀ । ਉਸ ਨੇ ਕਮਰੇ ਅੰਦਰੋਂ ਸਾਰਿਆਂ ਨੂੰ ਬਾਹਰ ਜਾਣ ਲਈ ਕਿਹਾ । ਲਾਲੀ, ਤੈਨੂੰ ਮੈਂ ਕਿਵੇਂ ਸਮਝਾਵਾਂ , ਮੈਂ ਤਾਂ ਖੁਦ ਤੇਰੇ ਵਾਲੀ ਬੀਮਾਰੀ ਦੀ ਸ਼ਿਕਾਰ ਸੀ । ਦਿਲ ਉੱਪਰ ਬਹੁਤ ਗਹਿਰੇ ਜ਼ਖ਼ਮ ਨੇ ਜਿਹੜੇ ਫੱਟ ਲੱਗਿਆ ਤੋਂ ਬਿਨਾਂ ਹੀ ਪੀੜ ਦਿੰਦੇ ਨੇ ਮਨ ਬੜਾ ਉਦਾਸ ਰਹਿੰਦਾ ਸੀ ,ਨੀਂਦ ਵੀ ਉਡਾਰੀ ਮਾਰਗੀ ਸੀ । ਤੂੰ ਮੇਰੇ ਵੱਲ ਦੇਖ ? ਮੈਨੂੰ ਤੇਰੇ ਵਾਰੇ ਸਾਰਾ ਪਤਾ ਹੈ ਕਦੇ ਵੀ ਜਾਇਦਾਦ ਪਰਖ਼ਣ ਵਾਲੇ ਪਿਆਰ ਦੀ ਕੀਮਤ ਨਹੀਂ ਜਾਣਿਆ ਕਰਦੇ । ਤੇਰੀ ਮੇਰੀ ਕਹਾਣੀ ਸੇਮ ਹੈ ? ਤੁਸੀਂ ਇੱਕ ਸੂਝਵਾਨ ਅਤੇ ਚੰਗੇ ਦੋਸਤ ਤੇ ਇਨਸਾਨੀਅਤ ਦੇ ਮਾਲਕ ਹੋ , ਇਸ ਦਾ ਕਿਸੇ ਵੀ ਡਾਕਟਰ ਕੋਲ ਕੋਈ ਇਲਾਜ ਨਹੀਂ ਹੈ । ਕੋਈ ਖਾਸ ਬੀਮਾਰੀ ਨਹੀਂ ਛੋਟੀ ਜਿਹੀ ਗੱਲ ਹੈ , ਘਬਰਾਉਣ ਦੀ ਲੋੜ ਨਹੀਂ ,ਦਿਲ ਸਮਝਾਉਣ ਲੋੜ ਹੈ । ਉਸਨੇ ਆਪਣੇ ਦਵਾਈ ਵਾਲੇ ਬੌਕਸ ਵਿੱਚੋਂ ਕੁਝ ਦਵਾਈ ਕੱਢਦੀ ਨੇ ਕਿਹਾ , ਲਾਲੀ ਇਹ ਗੋਲੀਆਂ ਦਾ ਪੰਦਰਾਂ ਦਿਨ ਕੋਰਸ ਹੈ , ਇਹ ਤਿੰਨ ਟਾਈਮ ਰੋਟੀ ਖਾਣ ਤੋਂ ਬਾਅਦ ਖਾਣੀਆਂ ਹਨ । ਘਰਦਿਆਂ ਦੇ ਪੁੱਛਣ ਤੇ ਉਸਨੇ ਜਵਾਬ ਦਿੰਦਿਆਂ ਹੋਇਆਂ ਕਿਹਾ ਜਿਹੜੇ ਜਿਸਮ ਤੇ ਫੱਟ ਲੱਗਿਆ ਬਗੈਰ ਜ਼ਖ਼ਮ ਹੋ ਜਾਣ ਉਹ ਮਲ੍ਹਮ ਪੱਟੀ ਨਾਲ ਨਹੀਂ ਵਾਹਿਗੁਰੂ ਦੀ ਕਿਰਪਾ ਨਾਲ ਹੀ ਠੀਕ ਹੋਇਆ ਕਰਦੇ ਆ । ਡਰ ਵਾਲੀ ਕੋਈ ਗੱਲ ਨਹੀਂ ਹੈ ਇੱਕ ਹਫ਼ਤੇ ਵਿੱਚ ਠੀਕ ਹੋ ਜਾਵੇਗਾ । ਹੁਣ ਘਰ ਵਾਲੇ ਉਸਦੀ ਬੀਮਾਰੀ ਵਾਰੇ ਜਾਣੂ ਹੋ ਚੁੱਕੇ ਸੀ। ਲਾਲੀ ਨੂੰ ਦਵਾਈ ਫੜਾਉਂਦੇ ਸਮੇਂ ਮੁਸਕਰਾਉਂਦੇ ਹੋਏ ਚਿਹਰੇ ਉੱਤੇ ਸਰਦੀ ਦੇ ਮਹੀਨੇ ਆਈਆਂ ਤਰੇਲੀਆਂ ਦੱਸ ਰਹੀਆਂ ਸੀ । ਮੁਹੱਬਤ ਦੇ ਦਿੱਤੇ ਗਹਿਰੇ ਜ਼ਖਮਾਂ ਦਾ ਇਲਾਜ ਰੱਬ ਕੋਲ ਵੀ ਨਹੀਂ ਹੈ । ਚੰਗਾ ਜੀ ਅਸੀਂ ਹੁਣ ਚਲਦੇ ਹਾਂ ਆਪਣੀ ਗੱਡੀ ਵਿੱਚ ਸਵਾਰ ਹੋਕੇ ਪਤੀ ਪਤਨੀ ਦੋਵੇਂ ਵਾਪਸ ਜਾ ਰਹੇ ਸੀ ਇੱਕ ਛੋਟੇ ਜਿਹੇ ਬਜ਼ਾਰ ਨੂੰ ਪਾਰ ਕਰਦਿਆਂ ਡਾਕਟਰ ਸਿੰਦੀ ਦੀ ਨਿਗ੍ਹਾ ਛੋਟੇ ਜਿਹੇ ਬੱਸ ਅੱਡੇ ਵੱਲ ਗਈ ਜਿੱਥੇ ਪੰਮੀ ਉਦਾਸ ਹਾਲਤ ਵਿੱਚ ਖੜੀ ਸੀ । ਉਸਨੇ ਆਪਣੇ ਪਤੀ ਨੂੰ ਗੱਡੀ ਰੋਕਣ ਲਈ ਕਿਹਾ ਸਾਈਡ ਤੇ ਲਾਕੇ ਗੱਡੀ ਰੋਕੀ ਸਿੰਦੀ ਗੱਡੀ ਵਿੱਚੋਂ ਉੱਤਰ ਕੇ ਬੱਸ ਅੱਡੇ ਵੱਲ ਨੂੰ ਕਦਮ ਵਧਾਉਂਦੀ ਹੋਈ ਨੇ ਜਾਕੇ ਪੰਮੀ ਨੂੰ ਮੋਢੇ ਤੋਂ ਫੜਕੇ ਹਲੂਣਦਿਆਂ ਕਿਹਾ ਤੂੰ ਇਸ ਹਾਲਤ ਵਿੱਚ ਕਿਵੇਂ ਉਹ ਇੱਕ ਦਮ ਦਹਿਲ ਗਈ ਆਪਣਾ ਮੂੰਹ ਘੁਮਾਉਂਦੀ ਹੋਈ ਨੇ ਸਿੰਦੀ ਵੱਲ ਦੇਖਕੇ ਕਿਹਾ ,ਇਹ ਤੂੰ ਕਿਧਰ ? ਮੈਂ ਤਾਂ ਇੱਕ ਮੁਹੱਬਤ ਦੇ ਰੋਗੀ ਨੂੰ ਦਵਾਈ ਦੇਣ ਦੇ ਬਹਾਨੇ ਸਮਝਾ ਕੇ ਆਈ ਆਂ , ਮਾਪਿਆਂ ਦਾ ਇਕਲੌਤਾ ਪੁੱਤ ਹੈ ਜਿਸ ਕੋਲ ਤੁਹਾਡੇ ਸਾਰੇ ਪਿੰਡ ਜਿੰਨੀ ਜ਼ਮੀਨ ਹੈ ਜਿੰਨੀ ਤੁਹਾਡੇ ਕੋਲ ਪੈਲੀ ਹੈ ਉਸ ਵਿੱਚ ਤਾਂ ਉਸਦੀ ਕੋਠੀ ਬਣਾਈ ਹੋਈ ਹੈ ਉਹ ਪਿੰਡ ਦਾ ਹੋਣਹਾਰ ਅਤੇ ਸੂਝਵਾਨ ਮੁੰਡਾ ਹੈ ਜਿਸ ਦਾ ਨਾਮ ਹੈ ‘ ਲਾਲੀ ‘ ਇਹ ਗੱਲ ਸੁਣ ਦੀ ਸਾਰ ਹੀ ਇੱਕ ਦਮ ਉਸਦੇ ਚਿਹਰੇ ਤੇ ਸਰਦੀ ਦੇ ਮਹੀਨੇ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਹ ਬੇਵਫ਼ਾਈ ਦਾ ਸਬੂਤ ਦੇ ਰਹੀਆਂ ਸੀ । ਚੰਗਾ ਮੈਂ ਚੱਲਦੀ ਆਂ ? ਫਿਰ ਮਿਲਾਂਗੇ ਕਹਿਕੇ ਆਈ ਬੱਸ ਵਿੱਚ ਬੈਠ ਗਈ। ਉਸਦੇ ਚਿਹਰੇ ਤੋਂ ਪਤਾ ਲੱਗ ਰਿਹਾ ਕਿ ਜਲਦ ਬਾਜ਼ੀ ਵਿੱੱਚ ਕੀਤੇ ਫੈਸਲੇ ਤੇ ਆਪਣੇ ਆਪ ਨੂੰ ਅਮੀਰ ਸਮਝਦੀ ਹੋਈ ਪਛਤਾ ਰਹੀ ਸੀ । ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
ਸੰਪਰਕ 8288047637