ਸਾਰਾ ਪਿੰਡ ਮੂੰਹ ਵਿੱਚ ਉਂਗਲਾ ਲੈ ਤ੍ਰਾਹ ਤ੍ਰਾ੍ਹ ਕਰ ਰਿਹਾ ਸੀ, ਇਹ ਕੀ ਭਾਣਾ ਵਰਤ ਗਿਆ ? ਉਹ ਤਾਂ ਭਲਾ ਹੋਵੇ ਗੰਗੀ ਦਾ,ਜੋ ਮੋਟਰ ਤੇ ਪਾਣੀ ਪੀਣ ਗਿਆ ਸੀ ਤੇ ਵੇਖ ਕੇ ਰੌਲਾ ਪਾਇਆ।ਭੱਜ ਨੱਠ ਕਰ ਨਮਕੀਨ ਪਾਣੀ ਪਿਆ, ਉਲਟੀਆਂ ਕਰਵਾਈਆਂ।ਦੋ ਜਣਿਆਂ ਮੋਟਰਸਾਈਕਲ ਤੇ ਬਿਠਾ ਪਿੰਡ ਲਿਆਂਦਾ ਤੇ ਇੱਥੋਂ ਸ਼ਹਿਰ ਹਸਪਤਾਲ ਪਹੁੰਚਾਇਆ।ਜੇ ਕਿਤੇ ਗੰਗੀ ਨਾ ਵੇਖਦਾ ਤਾਂ…ਸੋਚ ਕੇ ਧੁੜਧੜੀ ਆਉਂਦੀ।ਧੀ ਪੁੱਤ ਵੇਖ ਕੇ ਠਠੰਬਰ ਗਏ ਤੇ ਘਰਵਾਲੀ ਤਾਂ ਗਸ਼ ਖਾ ਡਿੱਗ ਪਈ ਸੀ।ਬਜ਼ੁਰਗ ਪਿਉ ਪੱਥਰ ਦੀ ਮੂਰਤ ਵਾਂਗ ਬਿੱਟਰ ਬਿੱਟਰ ਝਾਕੀ ਜਾਂਦਾ ਸੀ।ਆਸ ਪਾਸ ਨੇ ਹਿੰਮਤ ਕਰ ਹਸਪਤਾਲ ਪਹੁੰਚਾ ਦਿੱਤਾ ਸੀ ਅਤੇ ਸਮੇਂ ਸਿਰ ਇਲਾਜ ਸ਼ੁਰੂ ਹੋ ਗਿਆ ਸੀ।
ਅੱਜ ਦੋ ਦਿਨ ਬਾਅਦ ਜੋਗਿੰਦਰ ਨੂੰ ਸੁਰਤ ਆਈ ਤਾਂ ਉਸ ਦੀਆਂ ਅੱਖਾਂ ਵਿਚੋਂ ਪਾਣੀ ਵਹਿ ਤੁਰਿਆ।ਇੱਕ ਪਾਸੇ ਘਰਵਾਲੀ ਬੈਠੀ ਲੱਤਾਂ ਬਾਹਾਂ ਘੁੱਟੀ ਜਾਂਦੀ ਸੀ ਅਤੇ ਸਾਹਮਣੇ ਬੈਠਾ ਪਿਉ ਮੂਕ ਅਰਦਾਸਾਂ ਕਰੀ ਜਾ ਰਿਹਾ ਸੀ।ਜਦੋਂ ਅੱਜ ਉਸ ਨੇ ਅੱਖ ਪੱਟੀ ਅਤੇ ਜੁਬਾਨ ਖੋਲ੍ਹੀ ਸੀ ਤਾਂ ਜਾਕੇ ਸਭ ਨੂੰ ਸੁੱਖ ਦਾ ਸਾਹ ਆਇਆ ਸੀ।
“ਪੁੱਤ ਗਿੰਦਰਾ,ਤੂੰ ਇਹ ਕੀ ਕਮਲ ਮਾਰਿਆ।ਤੈਨੂੰ ਜੁਆਕਾਂ ਤੇ ਵੀ ਤਰਸ ਨਾ ਆਇਆ।” ਬਜ਼ੁਰਗ ਨੇ ਪਿਉ ਵਾਲੇ ਹੱਕ ਨਾਲ ਨਹੋਰਾ ਮਾਰਿਆ।
“ਬਸ ਬਾਪੂ ਜੀ, ਉੱਜੜੀ ਫਸਲ ਤੇ ਘਰ ਦੇ ਖਰਚੇ ਵੇਖ..।”ਗੱਲ ਉਸ ਤੋਂ ਪੂਰੀ ਨਾ ਹੋਈ।ਜੋਗਿੰਦਰ ਨੇ ਮਾਰੀ ਗਈ ਫਸਲ ਅਤੇ ਵਧਦੇ ਕਰਜ਼ੇ ਨੂੰ ਵੇਖ ਖੇਤ ਜਾ ਸਪਰੇਅ ਪੀ, ਇਸ ਔਖ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾਉਣਾ ਚਾਹਿਆ ਸੀ।ਉਸੇ ਸਮੇਂ ਪਾਣੀ ਪੀਣ ਆਏ ਗੰਗੀ ਨੇ ਉਸ ਨੂੰ ਵੇਖ ਬਚਾ ਲਿਆ ਸੀ। “ਪੁੱਤ, ਮੇਰੇ ਵੱਲ ਵੇਖ, ਮੇਰੇ ਨਾਲੋਂ ਜਿਆਦਾ ਔਕੜਾਂ ਤਾਂ ਨਹੀਂ ਵੇਖੀਆਂ।ਆਪਣਾ ਹੀ ਦੇਸ਼ ਜਦੋਂ ਬਿਗਾਨਾ ਹੋ ਗਿਆ ਤਾਂ ਵੱਸਦੇ ਰੱਸਦੇ ਘਰ ਅਤੇ ਜੰਮੀਆਂ ਫਸਲਾਂ ਛੱਡ ਤੁਰ ਪਏ ਸਾਂ।ਗੱਡਾ ਭਰ ਸਮਾਨ ਦਾ ਤੁਰਿਆ ਸੀ, ਰਸਤੇ ਵਿੱਚ ਧਾੜਵੀਆਂ ਨਾਲ ਟੱਕਰਾਂ ਲੈਦਿਆਂ, ਪਹਿਲਾਂ ਸਮਾਨ ਗੁਆਇਆ, ਅਖੀਰ ਗੱਡਾ ਵੀ ਛੱਡਣਾ ਪਿਆ।ਬੜੀ ਔਖ ਨਾਲ ਤੈਨੂੰ ਤੇ ਤੇਰੀ ਮਾਂ ਨੂੰ ਬਚਾ ਖਾਲੀ ਹੱਥ ਇੱਧਰ ਆਇਆ।ਛੇ ਮਹੀਨੇ ਧੱਕੇ ਖਾਣ ਬਾਅਦ ਜ਼ਮੀਨ ਅਲਾਟ ਹੋਈ।ਮੁਰੱਬੇਬੰਦੀ ਵੇਲੇ ਤਕੜਿਆਂ ਫਿਰ ਧੌਖਾ ਕਰ ਮਾੜੀਆਂ ਜ਼ਮੀਨਾਂ ਪੱਲੇ ਪਾ ਦਿੱਤੀਆਂ।ਦੋ ਤਿੰਨ ਸਾਲ ਅੱਧ ਪਚੱਜੀ ਖਾ ਜ਼ਿੰਦਗੀ ਗੁਜ਼ਾਰੀ।ਦਿਨ ਰਾਤ ਦੀ ਮਿਹਨਤ ਨਾਲ ਮਸਾਂ ਪੈਰਾਂ ਸਿਰ ਹੋਏ।ਤੇਰੇ ਕੋਲ ਰਿਸ਼ਤੇਦਾਰ, ਮਿੱਤਰ ਸਭ ਕੁੱਝ ਹੈ, ਮੇਰੇ ਕੋਲ ਤਾਂ ਨੰਗੇ ਧੜ ਤੋਂ ਇਲਾਵਾ ਕੁੱਝ ਵੀ ਨਹੀਂ ਸੀ।”ਪਿਉ ਦਾ ਗੱਲ ਕਰਦਿਆਂ ਗੱਚ ਭਰ ਆਇਆ ਸੀ।
“ਕੀ ਕਰਾਂ ਬਾਪੂ, ਖੇਤ ਕੁੱਝ ਦਿਸਦਾ ਨਹੀਂ ਤੇ ਖਰਚੇ..।”ਜੋਗਿੰਦਰ ਮਸਾਂ ਹੀ ਕਹਿ ਸਕਿਆ।
“ਪੁੱਤ ਵੇਖ, ਤੂਫ਼ਾਨ ਨਾਲ ਜਦੋਂ ਕੋਈ ਦਰੱਖਤ ਡਿੱਗ ਪੈਂਦਾ ਤਾਂ ਲੱਗਦਾ ਸਭ ਖਤਮ ਹੋ ਗਿਆ, ਪਰ ਸਮਾਂ ਪੈਣ ਤੇ ਜੜ੍ਹਾਂ ਫਿਰ ਫੁੱਟ ਪੈਦੀਆਂ ਤੇ ਦਰੱਖਤ ਬਣ ਜਾਂਦੀਆਂ।ਬਸ ਸਬਰ ਰੱਖਣਾ ਪੈਂਦਾ।” ਜੋਗਿੰਦਰ ਨੇ ਦੋਵੇਂ ਹੱਥਾਂ ਵਿੱਚ ਪਿਉ ਦਾ ਹੱਥ ਘੁੱਟ ਲਿਆ ਸੀ।
ਗੁਰਮੀਤ ਸਿੰਘ ਮਰਾੜ੍ਹ