ਸੱਤਰ ਅੱਸੀ ਦੇ ਦਹਾਕੇ ਚ ਪੜਾਈ ਬਹੁਤ ਮੁਸ਼ਕਿਲ ਹੁੰਦੀ ਸੀ। ਮਾਸਟਰ ਜੁਆਕਾਂ ਨੂੰ ਜਾਲਿਮਾਂ ਵਾਂਗ ਕੁੱਟਦੇ। ਮੁਗਲ ਰਾਜਿਆਂ ਦੇ ਜੁਲਮਾਂ ਨੂੰ ਮਾਤ ਪਾਉਂਦੇ। ਨਾਲੇ ਅਕਬਰ ਆਰੰਗਜੇਬ ਪੜ੍ਹਾਉਂਦੇ, ਨਾਲੇ ਉਹਨਾਂ ਦੀ ਰੀਸ ਕਰਦੇ। ਇੱਦਾਂ ਕੁਟਦੇ ਜਿਵੇਂ ਉਹਨਾਂ ਨੇ ਜੇ ਬੀ ਟੀ ਯਾ ਬੀ ਐਡ ਦੀ ਟ੍ਰੇਨਿੰਗ ਕਿਸੇ ਲਾਗਲੇ ਪੁਲਸ ਠਾਣੇ ਚ ਲਈ ਹੋਵੇ। ਓਹਨੀ ਦਿਨੀ ਮੰਡੀ ਡਬਵਾਲੀ ਚ ਇੱਕ 24-25 ਸਾਲਾ ਸੁਰਿੰਦਰ ਕੁਮਾਰ ਨਾਮ ਦਾ ਨੋਜਵਾਨ ਆਇਆ ਜਿਸ ਨੂੰ ਬੰਗਾਲੀ ਆਖਦੇ ਸਨ। ਉਸਨੇ ਅੱਠ ਦਿਨ ਲਗਾਤਾਰ ਸਾਇਕਲ ਚਲਾਉਣਾ ਸੀ। ਕਿਉਂਕਿ ਮੰਡੀ ਮੇਰੇ ਭੂਆ ਜੀ ਰਹਿੰਦੇ ਸਨ। ਸ਼ਾਮ ਨੂੰ ਛੁੱਟੀ ਤੋ ਬਾਅਦ ਮੈ ਵੀ ਬੰਗਾਲੀ ਨੂੰ ਦੇਖਣ ਚਲਾ ਗਿਆ। ਓਹ ਸਾਇਕਲ ਤੇ ਹੀ ਨਹਾਉਂਦਾ, ਸ਼ੇਵ ਬਣਾਉਂਦਾ , ਰੋਟੀ ਖਾਂਦਾ ਤੇ ਸਾਇਕਲ ਤੇ ਹੀ ਸੋ ਜਾਂਦਾ। ਸਾਇਕਲ ਚਲਾਉਂਦਾ ਹੋਇਆ ਕਈ ਕਰਤਵ ਦਿਖਾਉਂਦਾ । ਲੋਕੀ ਤਾੜੀਆਂ ਮਾਰਦੇ ਦੇ ਇਨਾਮ ਵੀ ਦਿੰਦੇ। ਸੁਣਿਆ ਸੀ ਕਿ ਸ਼ਹਿਰ ਦੇ ਇੱਕ ਸ਼ਾਹੂਕਾਰ ਘਨਸ਼ਾਮ ਦਾਸ ਮਿੱਤਲ ਜਿਸ ਨੂੰ ਲੋਕ ਘੜਸ਼ੀ ਰਾਮ ਕਹਿੰਦੇ ਸਨ ਨੇ ਉਸਨੂੰ ਇੱਕ ਮਿਨੀ ਰਾਜਦੂਤ ਮੋਟਰ ਸਾਇਕਲ ਇਨਾਮ ਵਿਚ ਦਿੱਤਾ ਸੀ। ਮਿਨੀ ਰਾਜਦੂਤ ਮੋਟਰ ਸਾਇਕਲ ਬਾਅਦ ਵਿਚ ਬੋਬੀ ਫਿਲਮ ਵਿਚ ਵੀ ਆਇਆ ਸੀ। ਬੰਗਾਲੀ ਨੂੰ ਮੈਂ ਮੇਰੀ ਭੂਆਂ ਦੇ ਮੁੰਡੇ ਸਤਪਾਲ ਨਾਲ ਦੇਰ ਰਾਤੀ ਤੱਕ ਦੇਖਦਾ ਰਿਹਾ ਤੇ ਫਿਰ ਭੂਆ ਘਰੇ ਜਾਕੇ ਸੋ ਗਿਆ। ਅਗਲੇ ਦਿਨ ਸਕੂਲੀ ਛੁਟੀ ਤਾਂ ਹੋਣੀ ਹੀ ਸੀ। ਜਦੋ ਮੈ ਸਕੂਲ ਗਿਆ ਤਾਂ ਮਾਸਟਰ ਬੰਤਾ ਸਿੰਘ ਲੋਹਾਰੇ ਵਾਲਾ ਜੋ ਕਹਿਣ ਨੂੰ ਤਾਂ ਮੇਰੇ ਪਾਪਾ ਜੀ ਦਾ ਦੋਸਤ ਸੀ ਮੇਰੇ ਵਾਸਤੇ ਕਹਿਰ ਬਣ ਗਿਆ। ਅੰਗ੍ਰੇਜੀ ਦੀਆਂ ਫਾਰਮਾ ਟੇੰਸ ਤਾਂ ਬਹਾਨਾ ਸੀ। ਅਖੇ ਮੈ ਦਿਖਾਉਂਦਾ ਹਾਂ ਤੈਨੂ ਬੰਗਾਲੀ। ਕੁਟ ਕੁਟ ਕੇ ਮੇਰੀ ਛਿੱਲ ਲਾਹ ਦਿੱਤੀ। ਓਹਨਾ ਦਿਨਾਂ ਵਿਚ ਘਰਦੇ ਵੀ ਮਾਸਟਰਾਂ ਨਾਲ ਹੀ ਮਿਲੇ ਹੁੰਦੇ ਸਨ। ਘਰੇ ਵੀ ਕੋਈ ਸੁਣਵਾਈ ਨਾ ਹੋਈ। ਅੱਜ ਕੱਲ ਤਾਂ ਕੋਈ ਟੀਚਰ ਬਚਿਆਂ ਨੂੰ ਹੱਥ ਨਹੀ ਲਾ ਸਕਦਾ। ਘਰ ਦੇ ਵੀ ਫੱਟ ਟੀਚਰ ਤੇ ਕੇਸ ਕਰਨ ਨੂੰ ਤਿਆਰ ਹੁੰਦੇ ਹਨ। ਓਦੋ ਮਾਸਟਰ ਵਗਾਰਾਂ ਵੀ ਪਾਉਂਦੇ। ਛੋਲੂਆ ਸਾਗ ਮੂਲੀਆਂ ਦੁੱਧ ਮੰਗਵਾਈ ਰਖਦੇ ਤੇ ਕੁੱਟਣ ਵੇਲੇ ਸਭ ਦਿੱਤਾ ਲਿਆ ਭੁੱਲ ਜਾਂਦੇ। ਟਿਊਸ਼ਨ ਦਾ ਲਾਲਚ ਨਹੀ ਸੀ ਕਰਦੇ। ਦਿਲ ਨਾਲ ਪੜ੍ਹਾਉਂਦੇ ਤੇ ਦਿਲ ਨਾਲ ਕੁੱਟਦੇ। ਸਰਕਾਰੀ ਸਕੂਲ ਘੁਮਿਆਰੇ ਦੀਆਂ ਯਾਦਾਂ ਵਿਚੋਂ।
#ਰਮੇਸ਼ਸੇਠੀਬਾਦਲ।
ਸਾਬਕਾ ਸੁਪਰਡੈਂਟ