ਏਕਸਪਾਈਰੀ ਡੇਟ | expiry date

ਵੱਡੀ ਨੂੰਹ..ਸਾਰੇ ਪਿੰਡ ਵਿਚ ਪਹਿਲੀ ਏਡੀ ਸੁਨੱਖੀ..ਪਰ ਮਨ ਵਿਚ ਮੈਲ..ਬੱਸ ਮੇਰੀਆਂ ਸਿਫਤ ਸਲਾਹੋਤਾਂ ਹੀ ਹੁੰਦੀਆਂ ਰਹਿਣ..ਸੱਸ ਵੀ ਰੱਬ ਦੇ ਨਾਮ ਵਾਲੀ..ਸਾਰੀ ਜੁੰਮੇਵਾਰੀ ਓਸਤੇ ਸੁੱਟ ਦਿੱਤੀ..ਇੱਕ ਨਿੱਕਾ ਦਿਓਰ..ਟਾਈਮ ਆਇਆ..ਇੱਕ ਤੋਂ ਵੱਧ ਰਿਸ਼ਤੇ ਆਉਂਦੇ..ਭਾਨੀ ਮਰਵਾ ਦੀਆ ਕਰਦੀ..ਕਿਧਰੇ ਸਦੀਵੀਂ ਬਾਦਸ਼ਾਹਤ ਹੀ ਨਾ ਖੂਹ ਖਾਤੇ ਪਾ ਦੇਵੇ..ਅਖੀਰ ਇੱਕ ਥਾਂ ਮਿਥ ਕੇ ਪੱਕਾ ਕੀਤਾ..ਉਂਝ ਸੁਨੱਖੀ ਪਰ ਅੱਖੀਆਂ ਵਿਚ ਹਲਕਾ ਜਿਹਾ ਟੀਰ..ਸੋਚਿਆ ਜੁੱਤੀ ਥੱਲੇ ਰਹੂ..ਦਿਓਰ ਨੂੰ ਆਖ ਸਾਰੀ ਉਮਰ ਮੇਹਣੇ ਮਰਵਾਉਂਦੀ ਰਹੀ..ਪਿੱਛੋਂ ਪੇਕੇ ਵੀ ਮਾੜੇ..ਪੈਰਵਾਈ ਨਾ ਕਰ ਸਕੇ..ਵਚਾਰੀ ਨੇ ਬੜੇ ਜਫ਼ਰ ਜਾਲੇ ਪਰ ਘਰ ਨਾ ਛੱਡਿਆ..!
ਅੱਜ ਮੁੰਡਾ ਮੁੱਕ ਗਿਆ..ਚਿੱਟੇ ਵਿਚ..ਖੁਦ ਨੂੰ ਵੀ ਕੋਈ ਅੰਦਰੂਨੀ ਰੋਗ..ਡਾਕਟਰਾਂ ਜੁਆਬ ਏ ਦਿੱਤਾ..ਮੰਜੇ ਤੇ ਪਈ ਨੂੰ ਕੋਈ ਨਹੀਂ ਸਾਂਭਦਾ..ਸਾਰਾ ਦਿਨ ਅਪਲੀਆਂ ਟੱਪਲੀਆਂ ਮਾਰਦੀ ਰਹਿੰਦੀ..ਓਹੀ ਦਰਾਣੀ ਸੇਵਾ ਕਰਦੀ..ਪਾਸਾ ਪ੍ਰਤਾਉਂਦੀ..ਸੁੱਕਾ ਇਸ਼ਨਾਨ ਕਰਦੀ..ਮੱਲ ਮੂਤਰ ਚੁੱਕਦੀ..ਹੁਣ ਬੋਲਿਆ ਵੀ ਨਹੀਂ ਜਾਂਦਾ ਬੱਸ ਉਸਦਾ ਹੱਥ ਫੜ ਰੋਂਦੀ ਰਹਿੰਦੀ..ਪਤਾ ਨੀ ਅੱਜ ਹੈ ਕੇ ਕੱਲ..ਖੇਡ ਨਿੱਕੀ ਸੀ ਪਰ ਉਸ ਵੱਡੀ ਸਮਝ ਲਈ!
ਦੋਸਤੋ ਅਖੀਂ ਵੇਖੀ ਗੱਲ ਏ..ਸੱਤਾ ਤਾਕਤ ਪੁਜੀਸ਼ਨ ਅਤੇ ਖੂਬਸੂਰਤੀ..ਇਸ ਸਭ ਕਾਸੇ ਦੀ ਏਕਸਪਾਈਰੀ ਡੇਟ ਹੁੰਦੀ ਏ..ਹਮੇਸ਼ਾਂ ਨਿਮਰਤਾ ਦਾ ਪੱਲਾ ਫੜੀ ਰੱਖਣ ਵਿਚ ਹੀ ਭਲਾਈ ਏ..ਤਾਂ ਵੀ ਕੋਈ ਗਰੰਟੀ ਨਹੀਂ ਕੇ ਪਿਛਲਾ ਵਕਤ ਵਧੀਆ ਲੰਘੂ..ਕੁਝ ਬਕਾਏ ਪਿੱਛਿਓਂ ਜੂ ਤੁਰੀ ਆਉਂਦੇ ਨਾਲ ਨਾਲ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *