ਅਮਰੀਕਾ ਅੱਪੜਿਆ ਪੁੱਤ..ਨਵਾਂ-ਨਵਾਂ ਰਿਜਕ..ਉੱਤੋਂ ਦੂਜੇ ਪੁੱਤ ਦੀ ਨਵੀਂ ਨਵੀਂ ਅਫ਼ਸਰੀ..ਮੈਂ ਓਸੇ ਚਾਅ ਨਾਲ ਭੂਆ ਪਿੰਡ ਅੱਪੜੀ ਜਿਹੜਾ ਕਦੇ ਪਿੰਡ ਦੀ ਜੂਹ ਟੱਪਦਿਆਂ ਹੀ ਵਜੂਦ ਤੇ ਛਾ ਜਾਇਆ ਕਰਦਾ ਸੀ..ਸਾਰੇ ਹੱਥਾਂ ਤੇ ਚੁੱਕ ਲੈਂਦੇ..ਹਰ ਪਾਸੇ ਰੌਲਾ ਪੈ ਜਾਂਦਾ ਪਟਿਆਲੇ ਦੀ ਰਾਣੀ ਆ ਗਈ..ਫੇਰ ਭੂਆ ਨਾਲ ਨਾਲ ਲਈ ਫਿਰਦੀ..!
ਪਰ ਇਸ ਵੇਰ ਰਵਈਆ ਬਦਲਿਆ ਸੀ..ਘੁੱਟ ਕੇ ਜੱਫੀ ਨਹੀਂ ਪਾਈ..ਹਲਕਾ ਜਿਹਾ ਕਲਾਵਾ..ਸਿਰ ਤੇ ਕਾਹਲੀ ਵਾਲਾ ਪਿਆਰ ਅਤੇ ਬੱਸ..ਮੈਨੂੰ ਹੈਰਾਨਗੀ ਤਾਂ ਹੋਈ ਪਰ ਛੇਤੀ ਹੀ ਕਾਬੂ ਪਾ ਲਿਆ..!
ਪਹਿਲਾ ਪਹਿਲਾ ਵਿਆਹ..ਨਵੀਂ ਨੂੰਹ..ਚਾਅ ਮਲਾਰ..ਹੋ ਸਕਦਾ ਰੁਝੇਵਿਆਂ ਕਰਕੇ ਪਰ ਆਪਣਿਆਂ ਨੂੰ ਨਜਰਅੰਦਾਜ..!
ਕੁਦਰਤੀ ਹੀ ਦਾਦਕੀਆਂ ਦੀ ਢਾਣੀ ਵਿਚ ਥਾਂ ਮਿਲ ਗਈ..ਓਥੇ ਬੈਠ ਗਈ..ਕਿੰਨੀਆਂ ਗੱਲਾਂ ਪੁੱਛੀਆਂ..ਮਾਂ ਵੱਲੋਂ ਹਿਰਖ ਵੀ ਕੀਤਾ..ਇੱਕ ਆਖਣ ਲੱਗੀ ਜੱਗੀ ਦੀ ਵਹੁਟੀ ਬਿਲਕੁਲ ਤੇਰੇ ਵਰਗੀ..ਗੋਰਾ ਨਿਛੋਹ ਰੰਗ..ਨੈਣ ਨਕਸ਼ ਵੀ ਤੇਰੇ ਤੇ..!
ਭੂਆ ਕੋਲ ਸੀ..ਛੇਤੀ ਨਾਲ ਆਖ ਉੱਠੀ..ਇਸਦੇ ਨਾਲੋਂ ਸਿਰ ਕੱਢਦੀ ਏ..ਹੈ ਵੀ ਪੀ.ਐਚ.ਡੀ..ਕੈਮਿਸਟਰੀ ਦੀ..!
ਮੈਂ ਚੁੱਪ ਹੋ ਗਈ..ਏਦਾਂ ਦਾ ਮੁਕਾਬਲਾ ਤੇ ਭੂਆ ਨੇ ਕਦੇ ਨਹੀਂ ਸੀ ਕੀਤਾ..ਖੈਰ ਹੋਰ ਗੱਲਾਂ ਚੱਲ ਪਈਆਂ..!
“ਖੁਦਾ ਜਬ ਹੁਸਨ ਦੇਤਾ ਹੈ ਤੋ ਨਖਰਾ ਆ ਹੀ ਜਾਤਾ ਹੈ..ਸਾਇਕੋਲੋਜੀ ਦੇ ਪ੍ਰੋਫੈਸਰ ਵੱਲੋਂ ਅਕਸਰ ਵਰਤਿਆ ਜਾਂਦਾ ਅਖਾਣ ਵਾਰ ਵਾਰ ਚੇਤੇ ਆਈ ਜਾਵੇ..ਇਹ ਵੀ ਤੱਤ ਕੱਢ ਹੀ ਬਣਾਏ ਹੁੰਦੇ!
ਫੇਰ ਆਪਣੇ ਆਪ ਨੂੰ ਸੰਕੋਚ ਜਿਹਾ ਲਿਆ..ਜਿਥੇ ਕੋਈ ਹਾਂ ਹੰਘੂਰਾ ਨਾ ਭਰਦਾ ਓਥੇ ਗੱਲ ਹੀ ਨਾ ਕਰਦੀ..ਪਿੱਛੇ ਪਿੱਛੇ ਜਿਹੇ ਰਹਿਣਾ ਬੇਹਤਰ ਸਮਝਿਆ..!
ਬਰਾਤ ਵੱਲੋਂ ਵੀ ਕਿਸੇ ਨਾ ਆਖਿਆ..ਮੈਂ ਸਾਮਣੇ ਵਾਲਿਆਂ ਦੇ ਚੁਬਾਰੇ ਵਿਚ ਜਾ ਬੈਠੀ..ਮਿਲਣੀ ਵਿਚ ਪੰਜ ਔਰਤਾਂ ਹੀ ਸਨ..ਓਥੇ ਹੀ ਰੋਟੀ ਖਾਦੀ ਤੇ ਮੁੜ ਓਥੇ ਹੀ ਰਾਤ ਬਿਸਤਰਾ ਵੀ ਮਿਲ ਗਿਆ..!
ਅੱਧੀ ਰਾਤ ਰੌਲਾ ਪੈ ਗਿਆ..ਭੂਆ ਦੀ ਸੱਸ ਸੀ..ਮੈਨੂੰ ਝੰਜੋੜ ਕੇ ਜਗਾਇਆ..ਮੱਥਾ ਚੁੰਮਿਆਂ ਫੇਰ ਗਲ਼ ਨਾਲ ਲਾ ਕੇ ਅਸੀਸਾਂ ਦੀ ਝੜੀ ਲਾ ਦਿੱਤੀ..ਫੇਰ ਆਖਣ ਲੱਗੀ ਕਿਥੇ ਲੁਕੀ ਬੈਠੀ ਏਂ..ਭਲਾ ਵੀਰਾਂ ਦੇ ਵਿਆਹ ਵਿਚ ਕੋਈ ਇੰਝ ਥੋੜਾ ਸੌਂਦਾ..ਗਾਉਣ ਬੈਠਾ..ਪਟਿਆਲੇ ਦੀ ਰਾਣੀ ਨੂੰ ਉਡੀਕੀ ਜਾਂਦੇ ਸਾਰੇ..ਚੱਲ ਮੇਰੀ ਧੀ..!
ਪੈਰੀ ਜੁੱਤੀ ਪਵਾ ਕੇ ਲੈ ਗਈ..ਫੇਰ ਰੌਣਕਾਂ ਗਿੱਧੇ ਬੋਲੀਆਂ ਸਿੱਠਣੀਆਂ ਛੰਦ ਟੋਟਕੇ ਅਖੌਤਾਂ ਚੋਭਾਂ ਅਤੇ ਹੋਰ ਵੀ ਕਿੰਨਾ ਕੁਝ..ਅੱਧੀ ਰਾਤ ਤਿੰਨ ਵਜੇ ਤੀਕਰ ਮਹਿਫ਼ਿਲ ਭਖੀ ਰਹੀ!
ਅਗਲੇ ਦਿਨ ਵਿਆਹ ਵਾਲੀ ਕਾਰ ਵਿਚ ਬੈਠੀ ਹੋਈ ਸੋਚ ਰਹੀ ਸਾਂ..ਇਨਸਾਨ ਨੂੰ ਕਦੇ ਕਦੇ ਗਵਾਚ ਵੀ ਜਾਣਾ ਚਾਹੀਦਾ..ਇਹ ਵੇਖਣ ਲਈ ਕੇ ਮਗਰ ਲੱਭਣ ਭਲਾ ਕੌਣ ਕੌਣ ਆਉਂਦਾ!
ਹਰਪ੍ਰੀਤ ਸਿੰਘ ਜਵੰਦਾ