ਕੱਲ੍ਹ ਗੈਲਰੀ ਵਿੱਚ ਥੋੜ੍ਹਾ ਧੁੱਪੇ ਬੈਠਣ ਤੋਂ ਬਾਅਦ ਜਦੋਂ ਅੰਦਰ ਕਮਰੇ ਚ ਜਾਣ ਲੱਗਿਆ ਤਾਂ ਅਚਾਨਕ ਹੀ ਦਰਵਾਜੇ ਦੀ ਚੁਗਾਠ ਨਾਲ ਵੱਜਕੇ ਹੱਥ ਵਿੱਚ ਫੜ੍ਹਿਆ ਮੇਰਾ ਮੋਬਾਇਲ ਫਰਸ਼ ਤੇ ਡਿੱਗ ਪਿਆ। ਫੋਨ ਚੁੱਕਿਆ ਤਾਂ ਸਕਰੀਨ ਬੰਦ ਨਜ਼ਰ ਆਈ।
“ਐਂਕਲ ਇਸਦੀ ਡਿਸਪਲੇ ਉੱਡ ਗਈ।” ਪੋਤੀ ਦੀ ਖਿਡਾਵੀ ਲਵਜੋਤ ਨੇ ਕਿਹਾ। ਮੈਨੂੰ ਉਹ ਕੁੜੀ ਮੇਰੇ ਦੋਸਤ ਤੇ ਸਾਡੇ ਫੈਮਲੀ ਡਾਕਟਰ Mahesh Bansal ਵਰਗੀ ਲੱਗੀ। ਉਹ ਵੀ ਲੱਛਣ ਵੇਖਕੇ ਝੱਟ ਫੈਸਲਾ ਸੁਣਾ ਦਿੰਦਾ ਹੈ ਅਖੇ ਤੇਰੀ ਤਾਂ ਕਿਡਨੀ ਗਈ। ਇਹ ਤਾਂ ਕਾਕਾ ਟੀਬੀ ਹੈ। ਉਹ ਇੱਕ ਦਮ ਸੱਚ ਬੋਲਕੇ ਮਰੀਜ ਦਾ ਤ੍ਰਾਹ ਹੀ ਕੱਢ ਦਿੰਦਾ ਹੈ ਉਹ ਹੁੰਦਾ ਵੀ ਸੱਚ ਹੀ ਹੈ। ਤੇ ਅੱਜ ਓਹੀ ਕੰਮ ਇਸ ਕੁੜੀ ਨੇ ਕੀਤਾ ਅਖੇ ਡਿਸਪਲੇ ਉੱਡ ਗਈ। ਸਮਝ ਮੈਂ ਵੀ ਗਿਆ। ਪਰ ‘ਖੋਰੇ ਕੋਈਂ ਹੋਰ ਹੀ ਨੁਕਸ ਹੋਵੇ’ ਦੀ ਇੱਕ ਪ੍ਰਤੀਸ਼ਤ ਉਮੀਦ ਵੀ ਸੀ ਮੇਰੇ ਕੋਲ੍ਹ। ਨੇੜੇ ਤੇੜੇ ਦਾ ਕੋਈਂ ਮੋਬਾਇਲ ਮੈਕੇਨਿਕ ਵੀ ਮੇਰੀ ਨਿਗ੍ਹਾ ਵਿੱਚ ਨਹੀਂ ਸੀ। ਆਪਣੀ ਘਬਰਾਹਟ ਜਾਹਿਰ ਕਰਦੇ ਹੋਏ ਮੈਂ ਮੇਰੇ ਨਾਲਦੀ ਨੂੰ ਸਹਾਇਕ ਵਜੋਂ ਕਾਰ ਚ ਬਿਠਾਇਆ ਤੇ ਹੂਟਰ ਵਜਾਉਂਦਾ ਹੋਇਆ ਬਾਜ਼ਾਰ ਨੂੰ ਚੱਲ ਪਿਆ। ਸ਼ੀਸ਼ਮਹਿਲ ਤੋਂ ਹਾਜੀਰਤਨ ਮਾਰਕੀਟ ਹੀ ਨੇੜੇ ਪੈਂਦੀ ਹੈ। ਮੁਸ਼ਕਿਲ ਨਾਲ ਮੋਬਾਈਲਾਂ ਦਾ ਇੱਕ ਹਸਪਤਾਲ ਲੱਭਿਆ। ਮੈਂ ਮੇਰੇ ਨਾਲਦੀ ਨੂੰ ਘਰੇ ਖਾਣਾ ਵੀ ਨਹੀਂ ਸੀ ਖਾਣ ਦਿੱਤਾ ਕਾਹਲੀ ਚ। ਸੋ ਉਹ ਕਦੇ ਅਮਰੂਦਾਂ ਦੀ ਤੇ ਕਦੇ ਮੋਠ ਚਾਟ ਦੀ ਮੰਗ ਕਰੇ। ਪਰ ਮੇਰੇ ਸਾਂਹ ਤਾਂ ਮੋਬਾਇਲ ਚ ਅਟਕੇ ਪਏ ਸਨ। ਮੈਨੂੰ ਅਮਰੂਦ ਤੇ ਚਾਟ ਕਿੱਥੇ ਸੁਝਦੀ ਸੀ। ਮੋਬਾਈਲਾਂ ਦਾ ਡਾਕਟਰ ਜੋ ਅੱਲ੍ਹੜ ਉਮਰ ਦਾ ਗਿਆਨੀ ਸੀ ਨੇ ਨਬਜ਼ ਵੇਖਦੇ ਹੀ ਲਵਜੋਤ ਦੇ ਫੈਸਲੇ ਦੀ ਪੁਸ਼ਟੀ ਕਰ ਦਿੱਤੀ। ਇਸ ਬਿਮਾਰੀ ਦੇ ਇਲਾਜ ਲਈ ਉਸਨੇ ਅਠਾਈ ਸੌ ਰੁਪਏ ਤੇ ਦੋ ਘੰਟੇ ਸਮੇ ਦੀ ਮੰਗ ਕੀਤੀ।
“ਲ਼ੈ ਭਾਵੇਂ ਤੂੰ ਅਠਾਈ ਸੌ ਹੀ ਲ਼ੈ, ਮੈਂ ਘੱਟ ਨਹੀਂ ਕਰਦਾ ਪਰ ਸਮਾਂ ਇੱਕ ਘੰਟਾ ਕਰਦੇ।” ਮੈਂ ਤਰਲੇ ਜਿਹੇ ਨਾਲ ਕਿਹਾ। ਜਿਵੇਂ ਕਿਸੇ ਬਿਮਾਰ ਪੁੱਤ ਦੀ ਮਾਂ ਡਾਕਟਰ ਦੇ ਹਾੜੇ ਕੱਢਦੀ ਹੈ “ਰੱਬ ਦਾ ਵਾਸਤਾ ਇੱਕ ਵਾਰੀ ਮੇਰੇ ਪੁੱਤ ਨੂੰ ਬੋਲਣ ਲ਼ਾ ਦੇ।” ਪਰ ਉਸਨੇ ਕਿਹਾ ਕਿ ਘਟੋ ਘੱਟ ਦੋ ਘੰਟੇ ਤਾਂ ਲੱਗਣਗੇ ਹੀ। ਬੇਬਸੀ ਜਿਹੀ ਚ ਮੈ ਮੋਬਾਇਲ ਨੂੰ ਦਾਖਿਲ ਕਰਵਾਕੇ ਘਰ ਆ ਗਿਆ। ਕਿਉਂਕਿ ਉਸ ਦੇ ਹਸਪਤਾਲ ਚ ਬੈਠਣ ਨੂੰ ਜਗ੍ਹਾ ਨਹੀਂ ਸੀ ਤੇ ਸੜ੍ਹਕ ਤੇ ਕਾਰ ਪਾਰਕ ਵੀ ਨਹੀਂ ਸੀ ਹੋ ਸਕਦੀ।
ਹੁਣ ਘਰੇ ਵੀ ਮੈਨੂੰ ਟਿਕਾ ਕਿੱਥੇ। ਘੰਟੇ ਬਾਅਦ ਹੀ ਅਸੀਂ ਫਿਰ ਚੱਲ ਪਏ। ਟਾਈਮ ਪਾਸ ਕਰਨ ਲਈ ਅਸੀਂ ਉਥੇ ਸੂਪ ਵੀ ਪੀਤਾ। ਚਾਟ ਵਾਲਾ ਉਲਾਂਭਾ ਵੀ ਲਾਹਿਆ। ਪਰ ਦੋ ਘੰਟੇ ਪੂਰੇ ਹੋਣ ਚ ਹੀ ਨਾ ਆਏ। ਮਨ ਦੀ ਤਸੱਲੀ ਲਈ ਦੋ ਵਾਰ ਡਾਕਟਰ ਨੂੰ ਫੋਨ ਵੀ ਕੀਤਾ। ਆਖਿਰ ਢਾਈ ਘੰਟਿਆਂ ਦੀ ਲੰਮੀ ਇੰਤਜ਼ਾਰ ਤੋਂ ਬਾਅਦ ਉਸ ਗਿਆਨੀ ਡਾਕਟਰ ਨੇ ਮੇਰੇ ਮੋਬਾਇਲ ਫੋਨ ਨੂੰ ਛੁੱਟੀ ਦੇ ਦਿੱਤੀ। ਚਾਹੇ ਹੁਣ ਫੋਨ ਹੋਸ਼ ਵਿੱਚ ਸੀ ਪਰ ਉਸਦੇ ਮੂੰਹ ਤੇ ਰਬੜਾਂ ਦੀਆਂ ਪੱਟੀਆਂ ਬੰਨੀਆਂ ਹੋਈਆਂ ਸਨ। ਉਸਨੇ ਤਿੰਨ ਘੰਟੇ ਬਾਅਦ ਇਸ ਦੀਆਂ ਪੱਟੀਆਂ ਖੋਲ੍ਹਣ ਦੀ ਸਲਾਹ ਦਿੱਤੀ। ਮੇਰੇ ਲਈ ਇਹ ਢਾਈ ਘੰਟਿਆਂ ਦਾ ਵਿਛੋੜਾ ਅਸਹਿ ਸੀ। ਮੋਬਾਈਲ ਬਿਨਾਂ ਬੈਠਣਾ ਤੁਰਨਾ ਤੇ ਸੌਣਾ ਮੁਸ਼ਕਿਲ ਲਗਦਾ ਹੈ। ਮੈਂ ਇਸ ਗੱਲੋਂ ਪ੍ਰੇਸ਼ਾਨ ਵੀ ਸੀ ਕਿ ਇਸ ਸਮੇਂ ਦੌਰਾਨ ਜਿੰਨ੍ਹਾਂ ਦਾ ਫੋਨ ਮੈਂ ਚੁੱਕ ਨਾ ਸਕਿਆ ਉਹ ਮੇਰੇ ਬਾਰੇ ਕੀ ਸੋਚਦੇ ਹੋਣਗੇ। ਇਹ ਫੋਨ ਦੀ ਬਿਮਾਰੀ ਵੀ ਪੁਰਾਣੇ ਜਮਾਨੇ ਦੀ ਹੱਥ ਤੇ ਬੰਨ੍ਹੀ ਘੜੀ ਵਰਗੀ ਹੈ ਜਿਸ ਤੋਂ ਆਦਮੀ ਬਿਨਾਂ ਜਰੂਰਤ ਤੋਂ ਵੀ ਬਾਰ ਬਾਰ ਟਾਈਮ ਦੇਖਦਾ ਰਹਿੰਦਾ ਸੀ
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ