ਕਾਲਜ ਪੜ੍ਹਦੇ ਨੇ ਮੈਂ ਮੇਰੇ ਦੋਸਤ ਦੇ ਮਾਮਾ ਜੀ ਦੇ ਕਹਿਣ ਤੇ ਪੀਅਰਲੈੱਸ ਫਾਇਨਾਂਸ ਕੰਪਨੀ ਦੀ ਏਜੰਸੀ ਲ਼ੈ ਲਈ ਤੇ ਪਾਪਾ ਜੀ ਦੇ ਰਸੂਕ ਦਾ ਫਾਇਦਾ ਚੁੱਕਦੇ ਹੋਏ ਕਰੀਬੀਆਂ ਨੂੰ ਫਸਾਉਣਾ ਸ਼ੁਰੂ ਕਰ ਦਿੱਤਾ। ਚਾਹੇ ਪਹਿਲੀ ਕਿਸ਼ਤ ਚੋ ਪੈਂਤੀ ਪ੍ਰਤੀਸ਼ਤ ਤੋਂ ਵੱਧ ਕਮਿਸ਼ਨ ਮਿਲਦਾ ਸੀ ਪਰ ਸਾਰੇ ਹੀ ਮੇਰੇ ਗ੍ਰਾਹਕ ਸਾਡੇ ਕਰੀਬੀ ਹੋਣ ਕਰਕੇ ਮੈਂ ਪਹਿਲੀ ਕਿਸ਼ਤ ਦਾ ਕਮਿਸ਼ਨ ਸਭ ਨੂੰ ਛੱਡ ਦਿੰਦਾ ਸੀ। ਅਗਲੀਆਂ ਕਿਸ਼ਤਾਂ ਤੇ ਮਿਲਣ ਵਾਲੇ ਪੰਜ ਪ੍ਰਤੀਸ਼ਤ ਕਮਿਸ਼ਨ ਦੀ ਉਮੀਦ ਦੇ ਭਰੋਸੇ ਕੰਮ ਕਰ ਰਿਹਾ ਸੀ। ਮੈਂ ਕੋਈਂ ਪੰਜ ਸੱਤ ਸ਼ਿਕਾਰ ਹੀ ਕੀਤੇ। ਜਿੰਨ੍ਹਾਂ ਵਿੱਚ ਮਸੀਤਾਂ ਪਿੰਡ ਵਾਲਾ ਕਰਨੈਲ ਸਿੰਘ ਨੰਬਰਦਾਰ ਵੀ ਸ਼ਾਮਿਲ ਸੀ। ਉਹ ਪਾਪਾ ਜੀ ਨਾਲ ਵੱਡੇ ਭਰਾਵਾਂ ਵਾੰਗੂ ਵਿਚਰਦਾ ਸੀ। ਬਾਕੀ ਪਾਪਾ ਜੀ ਨੂੰ ਸੰਤਮਤ ਨਾਲ ਜੋੜਨ ਵਾਲਾ ਵੀ ਉਹੀ ਸੀ।
ਉਸਦੀ ਦੂਸਰੀ ਕਿਸ਼ਤ ਭਰਨ ਲਈ ਮੈਂ ਉਚੇਚਾ ਬਠਿੰਡਾ ਗਿਆ। ਸੋਚਿਆ ਨਾਲੇ ਕਿਸ਼ਤ ਭਰ ਆਵਾਂਗਾ ਨਾਲੇ ਓਥੋਂ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਡੱਬਵਾਲੀ ਦੇ ਗਰੀਬ ਪਰਿਵਾਰ ਦੀ ਲੜਕੀ ਦਾ ਪਤਾ ਲ਼ੈ ਆਵਾਂਗਾ। ਬਠਿੰਡਾ ਦਫਤਰ ਵਿੱਚ ਪਹੁੰਚਦੇ ਹੀ ਮੇਰੇ ਅੰਦਰਲੇ ਰਾਮ ਨੇ ਖਿਆਲ ਦਿੱਤਾ ਕਿ ਪੰਦਰਾਂ ਸਾਲਾਂ ਨੂੰ ਜਦੋਂ ਇਹ ਸਕੀਮ ਪੂਰੀ ਹੋਵੇਗੀ ਪਤਾ ਨਹੀਂ ਗ੍ਰਾਹਕਾਂ ਨੂੰ ਪੈਸਾ ਵਾਪਿਸ ਮਿਲੇ ਯ ਨਾ ਮਿਲੇ। ਮੈਨੂੰ ਇਹ ਕੰਪਨੀ ਅਤੇ ਉਸ ਦੀਆਂ ਸਕੀਮਾਂ ਝੂਠ ਦਾ ਪਲੰਦਾ ਲੱਗੀਆਂ। ਖੈਰ ਮੈਂ ਕਿਸ਼ਤ ਨਾ ਭਰਨ ਦਾ ਫੈਸਲਾ ਕੀਤਾ ਤੇ ਗਰੀਬ ਪਰਿਵਾਰ ਦੀ ਉਸ ਬਿਮਾਰ ਲੜਕੀ ਦਾ ਪਤਾ ਲੈਣ ਹਸਪਤਾਲ ਚਲਾ ਗਿਆ। ਉਸ ਲੜਕੀ ਦੀ ਬਿਮਾਰੀ ਅਤੇ ਪਰਿਵਾਰ ਦੀ ਹਾਲਤ ਵੇਖਕੇ ਮੈਂ ਜੇਬ ਵਿਚਲੇ ਸੱਤ ਸੌ ਰੁਪਏ ਉਸ ਲੜਕੀ ਦੀ ਮਾਂ ਨੂੰ ਦੇ ਦਿੱਤੇ। ਘਰੇ ਆਕੇ ਇਹ ਸੱਚ ਪਾਪਾ ਜੀ ਅਤੇ ਨਾਲ ਬੈਠੇ ਨੰਬਰਦਾਰ ਜੀ ਨੂੰ ਦੱਸ ਦਿੱਤਾ।
“ਇਹ ਤਾਂ ਤੂੰ ਬਹੁਤ ਵਧੀਆ ਕੀਤਾ। ਅਸਲ ਇਨਵੈਸਟਮੈਂਟ ਤਾਂ ਆਹ ਹੈ।” ਨੰਬਰਦਾਰ ਕਰਨੈਲ ਸਿੰਘ ਨੇ ਕਿਹਾ। ਮੈਨੂੰ ਨਹੀਂ ਪਤਾ ਕਿ ਉਹਨਾਂ ਪੈਸਿਆਂ ਦਾ ਪਾਪਾ ਜੀ ਤੇ ਸਰਦਾਰ ਕਰਨੈਲ ਸਿੰਘ ਨੇ ਆਪਸ ਵਿੱਚ ਕੀ ਹਿਸਾਬ ਕੀਤਾ। ਪਰ ਮੈਂ ਬਾਅਦ ਵਿੱਚ ਕਿਸੇ ਦੀ ਹੋਰ ਕਿਸ਼ਤ ਨਹੀਂ ਭਰੀ ਤੇ ਨਾ ਹੀ ਹੋਰ ਕੋਈਂ ਗ੍ਰਾਹਕ ਫਸਾਇਆ। ਸੁਣਿਆ ਬਾਅਦ ਉਹ ਕੰਪਨੀ ਵੀ ਬੰਦ ਹੋ ਗਈ ਸੀ। ਲੋਕਾਂ ਦੇ ਪੈਸੇ ਵੀ ਨਹੀਂ ਮਿਲੇ।
ਪਰ ਉਹਨਾਂ ਪੈਸਿਆਂ ਨਾਲ ਉਹ ਲੜਕੀ ਜ਼ਰੂਰ ਬੱਚ ਗਈ।
#ਰਮੇਸ਼ਸੇਠੀਬਾਦਲ