“ਬਾਕੀ ਤਾਂ ਸਭ ਠੀਕ ਹੋ ਗਿਆ। ਪਰ ਦਾਲ ਵਿੱਚ ਨਮਕ ਬਹੁਤ ਜਿਆਦਾ ਸੀ।” ਰੋਟੀ ਖਾਕੇ ਬਾਹਰ ਆਉਂਦੇ ਮਾਸਟਰ ਜੀ ਨੇ ਕਿਹਾ। ਇਹ ਮਾਸਟਰ ਜੀ ਸਾਡੀ ਕੁੜਮਾਂਚਾਰੀ ਚੋਂ ਸਨ। ਜੋ ਫਤੇਹਾਬਾਦ ਤੋਂ ਆਏ ਸੀ। ਇਹ ਗੱਲ ਉਨੱਤੀ ਅਕਤੂਬਰ ਦੋ ਹਜ਼ਾਰ ਤਿੰਨ ਦੀ ਹੈ। ਉਸ ਦਿਨ ਸਵੇਰੇ ਹੀ ਪਾਪਾ ਜੀ ਸੰਗਤ ਸੇਵਾ ਤੇ ਗਏ ਸਨ ਤੇ ਦਸ ਵਜੇ ਦੇ ਕਰੀਬ ਕੰਟੀਨ ਤੋਂ ਵਾਪਿਸ ਆਉਂਦਿਆਂ ਦਾ ਕਾਲਾਂਵਾਲੀ ਵਾਲੀ ਸੜਕ ਤੇ ਐਕਸੀਡੈਂਟ ਹੋ ਗਿਆ। ਉਹ ਸਕੂਟਰ ਤੇ ਸਨ। ਪਾਪਾ ਜੀ ਮੌਕੇ ਤੇ ਹੀ ਦਮ ਤੋੜ ਗਏ। ਫਿਰ ਵੀ ਕੋਈਂ ਰੱਬ ਦਾ ਪਿਆਰਾ ਉਹਨਾਂ ਨੂੰ ਡੱਬਵਾਲੀ ਦੇ ਸਰਕਾਰੀ ਹਸਪਤਾਲ ਵਿੱਚ ਲ਼ੈ ਆਇਆ। ਪੁਲਸ ਕਾਰਵਾਈ ਤੇ ਪੋਸਟ ਮਾਰਟਮ ਦੀ ਲੰਮੀ ਪ੍ਰਕਿਰਿਆ ਪੂਰੀ ਕਰਦਿਆਂ ਨੂੰ ਦੁਪਹਿਰ ਦੇ ਤਿੰਨ ਵੱਜ ਗਏ। ਅਸੀਂ ਹਸਪਤਾਲ ਚ ਹੀ ਉਲਝੇ ਰਹੇ। ਸਮਾਜ ਦੇ ਨਿਯਮਾਂ ਅਨੁਸਾਰ ਅੰਤਿਮ ਸਸਕਾਰ ਤੋਂ ਬਾਦ ਰਿਸ਼ਤੇਦਾਰਾਂ ਤੇ ਸਬੰਧੀਆਂ ਲਈ ਰੋਟੀ ਦਾ ਪ੍ਰਬੰਧ ਕਰਨਾ ਵੀ ਲਾਜ਼ਮੀ ਹੁੰਦਾ ਹੈ ਤੇ ਇਹ ਪੀੜਤ ਪਰਿਵਾਰ ਨੇ ਹੀ ਕਰਨਾ ਹੁੰਦਾ ਹੈ। ਮੇਰੇ ਚਾਚਾ ਜੀ ਜੋ ਲੋਕਲ ਹੀ ਰਹਿੰਦੇ ਸਨ ਤੇ ਸਾਡੇ ਨਾਲ ਹੀ ਹਸਪਤਾਲ ਵਿੱਚ ਸਨ। ਉਹਨਾਂ ਨੇ ਰੋਟੀ ਲਈ ਮੇਰੇ ਛੋਟੇ ਕਜਨ ਦੀ ਡਿਊਟੀ ਲਗਾ ਦਿੱਤੀ। ਮੇਰੇ ਕਜਨ ਨੇ ਕਿਸੇ ਨਾਮੀ ਢਾਬੇ ਵਾਲੇ ਨਾਲ ਗੱਲ ਕਰਕੇ ਇੱਕ ਦਾਲ ਤੇ ਸਬਜ਼ੀ ਨਾਲ ਰੋਟੀ ਦਾ ਬਹੁਤ ਵਧੀਆ ਪ੍ਰਬੰਧ ਕਰ ਦਿੱਤਾ। ਅਚਾਨਕ ਹੋਏ ਇਸ ਹਾਦਸੇ ਦਾ ਦੁੱਖ ਸਭ ਦੇ ਚਿਹਰਿਆਂ ਤੇ ਝਲਕ ਰਿਹਾ ਸੀ। ਪਰ ਰੋਟੀ ਤਾਂ ਨਹੀਂ ਛੱਡੀ ਜਾ ਸਕਦੀ। ਸਭ ਨੇ ਖਾਧੀ। ਮੈਂ ਵੀ ਤੇ ਮੇਰੇ ਪਰਿਵਾਰ ਨੇ ਵੀ। ਉਸ ਦਿਨ ਅਸੀਂ ਰੋਟੀ ਹੀ ਖਾਧੀ ਕਿਉਂਕਿ ਉਹ ਖਾਣੀ ਜਰੂਰੀ ਸੀ। ਪਰ ਸਾਨੂੰ ਸਵਾਦ ਯ ਨਮਕ ਮਿਰਚ ਦਾ ਪਤਾ ਨਹੀਂ ਸੀ। ਢਿੱਡ ਭਰਨ ਦੀ ਖਾਨਾਪੂਰਤੀ ਲਈ ਮੈਂ ਹੀ ਨਹੀਂ ਸਭ ਨੇ ਰੋਟੀ ਖਾਧੀ। ਪਰ ਉਸ ਐਂਕਲ ਨੇ ਨਮਕ ਵਾਲੀ ਗੱਲ ਮੈਨੂੰ ਉਚੇਚੇ ਰੂਪ ਵਿੱਚ ਸੁਣਾਕੇ ਆਖੀ। ਜੋ ਮੇਰੇ ਸੀਨੇ ਨੂੰ ਚੀਰ ਗਈ। ਮਾਸਟਰ ਜੀ ਨੂੰ ਸਾਡੇ ਦੁੱਖ ਨਾਲ ਨਹੀਂ ਦਾਲ ਵਿੱਚ ਵੱਧ ਪਏ ਨਮਕ ਦਾ ਵਧੇਰੇ ਦੁੱਖ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ