ਦਾਦੀ ਮਾਂ | daadi maa

ਬਹੁਤ ਦਿਨਾਂ ਤੋਂ ਵੇਖ ਰਿਹਾ ਹਾਂ ਸਾਡੀ ਨਿੱਕੜੀ ਸੀਤੂ ਆਪਣੀ ਦਾਦੀ ਮਾਂ ਦੀ ਖੂਬ ਸੇਵਾ ਕਰਦੀ ਹੈ ਬਹੁਤ ਖਿਆਲ ਰੱਖਦੀ ਹੈ। ਆਪਣੇ ਹੱਥੀ ਖਾਣਾ ਖਵਾਉਂਦੀ ਹੈ।ਬਿਨਾ ਮੰਗੇ ਹੀ ਪਾਣੀ ਵੀ ਦਿੰਦੀ ਹੈ। ਜਦੋਂ ਕਿ ਇਹੀ ਨਿੱਕੜੀ ਦਾਦੀ ਮਾਂ ਨੂੰ ਹਰ ਗੱਲ ਤੇ ਭੱਜ ਭੱਜ ਪੈਂਦੀ ਸੀ।ਹੁਣ ਤਾਂ ਦਾਦੀ ਜੀ ਦਾਦੀ ਜੀ ਕਰਦੀ ਦਾ ਮੂੰਹ ਸੁਕਦਾ ਹੈ।
ਨਿੱਕੜੀ ਮੇਰੀਆਂ ਤਿੰਨਾਂ ਬੇਟੀਆਂ ਚੋ ਸਭ ਤੋਂ ਛੋਟੀ ਹੈ। ਭਾਂਵੇ ਅਸੀ ਲਾਡ ਪਿਆਰ ਇਹਨਾ ਤਿੰਨਾ ਵਿੱਚ ਕੋਈ ਫਰਕ ਨਹੀ ਰੱਖਦੇ। ਵੱਡੀਆਂ ਦੋਨੇ ਮੀਤੂ ਤੇ ਰੀਤੂ ਪੜਾਈ ਵਿੱਚ ਹੁਸਿਆਰ ਹਨ ਪਰ ਪਤਾ ਨਹੀ ਕਿਉ ਇਸ ਦਾ ਸੁਭਾਅ ਚਿੜਚਿੜਾ ਕਿਉਂ ਹੈ। ਅਸੀ ਦੋਨੋ ਜੀ ਵੀ ਇਸ ਦੀਆਂ ਆਦਤਾਂ ਨੂੰ ਲੈ ਕੇ ਅਕਸਰ ਝੁਰਦੇ ਰਹਿੰਦੇ। ਛੇਂਵੀ ਚ ਹੀ ਇਹਦਾ ਇਹ ਹਾਲ ਹੈ ਅੱਗੇ ਜਾਕੇ ਕੀ ਬਣੂ। ਮੈਂ ਮਾਂ ਨਾਲ ਗੱਲ ਕੀਤੀ ਉਹ ਵੀ ਹੈਰਾਨ ਸੀ। ਇੰਨੀ ਤਬਦੀਲੀ ਸਮਝ ਤੋਂ ਪਰ੍ਹੇ ਦੀ ਗੱਲ ਹੈ।ਕਿਤੇ ਕੋਈ ਹੋਰ ਹੀ ਗੱਲ ਹੀ ਨਾ ਹੋਵੇ। ਕਿਤੇ ਸਾਨੂੰ ਚੰਗੀ ਬਣਕੇ ਦਿਖਾਉਂਦੀ ਹੋਈ ਬੁੱਧੂ ਨਾ ਬਣਾਉਂਦੀ ਹੋਵੇ।
ਬੇਟਾ ਕੀ ਗੱਲ ਹੈ ਤੂੰ ਦਾਦੀ ਦੀ ਬੜੀ ਸੇਵਾ ਕਰਦੀ ਹੈ। ਕੀ ਲਾਲਚ ਦਿੱਤਾ ਹੈ ਤੈਨੂੰ ਤੇਰੀ ਦਾਦੀ ਨੇ? ਮੈਂ ਇੱਕ ਦਿਨ ਅੰਜਾਣ ਜਿਹਾ ਬਣਕੇ ਉਸ ਨੂੰ ਪੁਛਿਆ।
ਕੁਝ ਨਹੀ ਪਾਪਾ ।ਕਹਿ ਕੇ ਉਹ ਰੋਣ ਲੱਗ ਪਈ। ਮੈ ਉਸਨੂੰ ਵਲਚਾਇਆ ਤੇ ਖੁੱਲ ਕੇ ਸਾਰੀ ਗੱਲ ਦੱਸਣ ਨੂੰ ਕਿਹਾ।
ਪਾਪਾ ਮੈ ਘਰ ਵਿੱਚ ਤੀਜੀ ਕੁੜੀ ਸੀ ।ਤੁਸੀ ਤੇ ਮੰਮੀ ਨੇ ਮੈਨੂੰ ਜਨਮ ਲੈਣ ਦਾ ਮੋਕਾ ਦਿੱਤਾ। ਦਾਦੀ ਮਾਂ ਨੇ ਤੁਹਾਨੂੰ ਕੰਨਿਆ ਭਰੂਣ ਹੱਤਿਆ ਲਈ ਮਜਬੂਰ ਨਹੀ ਕੀਤਾ। । ਫਿਰ ਦਾਦੀ ਮਾਂ ਨੇ ਮੈਨੂੰ ਸੰਸਾਰ ਵੇਖਣ ਦਾ ਮੋਕਾ ਦਿੱਤਾ ਹੋਇਆ ਨਾ। ਪਿੱਛਲੇ ਹਫਤੇ ਸਕੂਲ ਵਿੱਚ ਬੇਟੀ ਬਚਾਓ ਦਿਵਸ ਮਨਾਇਆ ਗਿਆ ਸੀ ਤੇ ਮੈਨੂੰ ਪਤਾ ਲੱਗਿਆ ਲੋਕੀ ਕੁੜੀਆਂ ਨੂੰ ਪੇਟ ਵਿੱਚ ਹੀ ਮਾਰ ਦਿੰਦੇ ਹਨ। ਪਰ ਪਾਪਾ ਦਾਦੀ ਮਾਂ ਨੇ ਤਾਂ ਮੇਰੀ ਰੱਖਿਆ ਕੀਤੀ ਹੈ। ਮੈਂ ਦਾਦੀ ਮਾਂ ਦੀ ਬਦੋਲਤ ਹੀ ਇਸ ਸੰਸਾਰ ਵਿੱਚ ਹਾਂ। ਇੰਨਾ ਕਹਿਕੇ ਉਹ ਫਿਰ ਰੋਣ ਲੱਗ ਪਈ।
#ਰਮੇਸਸੇਠੀਬਾਦਲ
ਮੋ 98 766 27 233

Leave a Reply

Your email address will not be published. Required fields are marked *