ਬਚਪਣ ਤੋ ਹੀ ਅਸੀ ਮਾਂ ਦੇ ਹੱਥਾਂ ਦੇ ਬਣੇ ਪਕਵਾਨ ਖਾਂਦੇ ਹਾਂ।ਘਰ ਵਿੱਚ ਅੋਰਤਾਂ ਹੀ ਬੜੀਆਂ ਰੀਝਾਂ ਨਾਲ ਪਕਵਾਨ ਬਣਾਉਦੀਆਂ ਹਨ।ਆਮ ਘਰਾਂ ਘਰ ਸਾਡੀ ਮਾਂ ਦਾਦੀ ਤੇ ਫਿਰ ਪਤਨੀ ਹੀ ਰਸੋਈ ਸੰਭਾਲਦੀਆਂ ਹਨ। ਤੇ ਹਮੇਸਾ ਪੋਸਟਿਕ ਤੇ ਸਵਾਦੀ ਖਾਣਾ ਬਣਾਉਣ ਦੀ ਕੋਸਿਸ ਕਰਦੀਆਂ ਹਨ।ਵੈਸੇ ਵੀ ਪਾਕ ਕਲਾ ਵਿੱਚ ਨਿਪੁੰਨ ਹੋਣਾ ਇੰਕ ਅੋਰਤ ਦੀ ਵੇਸਸਤਾ ਮੰਨੀ ਗਈ ਹੈ।ਪਰ ਹੁਣ ਤਾਂ ਫਾਸਟ ਫੂਲ ਦਾ ਬਹੁਤ ਚਲਣ ਹੈ । ਸਭ ਨੂੰ ਪਤਾ ਹੈ ਕਿ ਫਾਸਟ ਫੂਡ ਸਿਹਤ ਲਈ ਬਹੁਤ ਨੁਕਸਾਨ ਦਾਇਕ ਹੈ ਫਿਰ ਵੀ ਅਸੀ ਬਰਗਰ ਪੀਜੇ ਨੂਡਲ ਮੈਗੀ ਦਾ ਖਹਿੜਾ ਨਹੀ ਛੱਡਦੇ। ਬੱਚਿਆਂ ਨੂੰ ਕੀ ਵੱਡੀ ਉਮਰ ਦੇ ਲੋਕ ਵੀ ਇਹਨਾਂ ਵਸਤੂਆਂ ਦੇ ਦੀਵਾਨੇ ਹਨ। ਉਸੇ ਹੀ ਤੇਲ ਵਿੱਚ ਵਾਰੀ ਵਾਰੀ ਤਲੀਆਂ ਟਿੱਕੀਆਂ ਭਠੂਰੇ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਉਸ ਤੇਲ ਤੌ ਪੈੱਦਾ ਹੋਏ ਖਤਰਨਾਕ ਕੈਮੀਕਲ ਨਵੀਆਂ ਬੀਮਾਰੀਆਂ ਨੂੰ ਜਨਮ ਦਿੰਦੇ ਹਨ। ਪਰ ਅਸੀ ਵੇਖਦੇ ਹਾਂ ਇਹਨਾਂ ਫਾਸਟ ਫੂਡ ਵਾਲਿਆਂ ਦਾ ਧੰਦਾ ਦਿਨ ਪ੍ਰਤੀ ਦਿਨ ਫਲਦਾ ਫੁਲਦਾ ਜਾ ਰਿਹਾ ਹੈ। ਆਏ ਦਿਨ ਇੱਕ ਦੋ ਫਾਸਟ ਫੂਡ ਦੀਆਂ ਦੁਕਾਨਾਂ ਨਵੀਆਂ ਖੁਲ੍ਦੀਆਂ ਹਨ ਹਰ ਸਹਿਰ ਵਿੱਚ। ਹੁਣ ਤਾਂ ਮਲਟੀ ਨੈਸਨਲ ,ਬਰਾਂਡਡ ਕੰਪਨੀਆਂ ਵੀ ਫਾਸਟ ਫੂਡ ਦੇ ਕਾਰੋਬਾਰ ਵਿੱਚ ਕੁੱਦ ਪਈਆਂ ਹਨ। ਤੇ ਕਰੋੜਾਂ ਦਾ ਬਿਜਨਿਸ ਕਰਦੀਆਂ ਹਨ।ਇਹਨਾ ਕੰਪਣੀਆਂ ਦੇ ਹੁੰਦਿਆਂ ਫਿਰ ਹੁਣ ਘਰੇ ਪਕੋਝੇ, ਮਰੂੰਡੇ ਖਿਲ੍ਹਾਂ ਗੁਲਗਲੇ ਮਾਲ੍ਹ ਪੂੜੇ ਪੀਲੇ ਚੋਲ ਕੋਣ ਬਨਾਉਦਾ ਹੈ । ਨਾ ਕੋਈ ਖਾਂਦਾ ਹੈ ਤੇ ਨਾ ਕਿਸੇ ਤੋ ਖੇਚਲ ਹੁੰਦੀ ਹੈ।
ਮੇਰੇ ਯਾਦ ਹੈ ਇੱਕ ਵਾਰੀ ਜਦੋ ਮੇਰੀ ਮਾਂ ਨੇ ਮੈਨੂੰ ਖਾਣ ਲਈ ਰੋਟੀ ਪਾਕੇ ਦਿੱਤੀ ਤਾਂ ਸਾਗ ਵਾਲੀ ਕੋਲੀ ਵੇਖ ਕੇ ਮੈ ਖਾਣੇ ਵਾਲੀ ਪਲੇਟ ਚਲਾਕੇ ਮਾਰੀ । ਸਾਰਾ ਸਾਗ ਫਰਸ ਤੇ ਡੁਲ੍ਹ ਗਿਆ। ਨਿਰਾਸ਼ਾ ਨਾਲ ਮੇਰੀ ਮਾਂ ਦਾ ਚੇਹਰਾ ਉੱਤਰ ਗਿਆ । ਮਖਿਆ ਰੋਜ ਹੀ ਸਾਗ ਧਰ ਲੈਂਦੀ ਹਂੈ ਕਦੇ ਸਬਜੀ ਵੀ ਬਣਾ ਲਿਆ ਕਰੋ।ਮੈ ਨਹੀ ਖਾਣਾ ਸਾਗ ਸੂਗ। ਮੇਰੇ ਗੁੱਸੇ ਨੂੰ ਵੇਖ ਕੇ ਮਮਤਾ ਦੀ ਮਾਰੀ ਮੇਰੀ ਮਾਂ ਨੇ ਦੋ ਆਲੂ ਕੱਟ ਕੇ ਸੁੱਕੀ ਸਬਜੀ ਬਣਾ ਦਿੱਤੀ। ਉਸਨੂੰ ਸਬਜੀ ਬਣਾਉਣ ਤੇ ਵੱਧ ਤੋ ਵੱਧ ਪੰਜ ਮਿੰਟ ਹੀ ਮਸਾਂ ਲੱਗੇ ਹੋਣਗੇ। ਸਬਜੀ ਨਾਲ ਮੈ ਰੋਟੀ ਖੁਸ ਹੋਕੇ ਖਾ ਲਈ। ਬੇਟਾ ਸਾਗ ਸਰਦੀਆਂ ਦਾ ਤੋਹਫਾ ਹੁੰਦਾ ਹੈ। ਮੈ ਕਿੰਨੀ ਮਿਹਨਤ ਕਰਕੇ ਸਿਰਫ ਇਸ ਲਈ ਬਨਾTਂਦੀ ਹਾਂ ਕਿ ਆਪਾਂ ਸਾਰੇ ਇਸ ਦਾ ਸਵਾਦ ਚੱਖ ਸਕੀਏ। ਸਹਿਰਾਂ ਵਿੱਚ ਤਾਂ ਲੋਕ ਸਾਗ ਨੂੰ ਤਰਸਦੇ ਹਨ। ਜਦੋ ਵੀ ਮੈ ਸਾਗ ਬਣਾਉਦੀ ਹਾਂ ਤਾਂ ਕਦੇ ਤੇਰੀ ਸਹਿਰ ਆਲੀ ਮਾਸੀ ਨੂੰ ਜਾ ਕਦੇ ਤੇਰੀ ਭੂਆ ਨੂੰ ਜਰੂਰ ਭੇਜਦੀ ਹਾਂ। ਤੇ ਉਹ ਸਾਰੇ ਬਹੁਤ ਖੁਸ ਹੁੰਦੇ ਹਨ ਸਾਗ ਖਾ ਕੇ। ਨਾਲੇ ਸਾਗ ਕੋਈ ਉੰਜ ਹੀ ਨਹੀ ਬਣ ਜਾਂਦਾ । ਬਹੁਤ ਮਿਹਨਤ ਕਰਨੀ ਪੈੰਦੀ ਹੈ ਤੇ ਵਿੱਚ ਦੇਸੀ ਘਿਉ ਜਾ ਮੱਖਣ ਵੀ ਪਾਉੰਣਾ ਪੈੰਦਾ ਹੈ।ਮੈਨੂੰ ਮੇਰੀ ਮਾਂ ਦੀਆਂ ਗੱਲਾਂ ਫੋਕੀਆਂ ਜਿਹੀਆਂ ਲੱਗੀਆਂ ਕਿਉਕਿ ਮੈਨੂੰ ਸਾਗ ਸੁਆਦ ਨਹੀ ਸੀ ਲੱਗਦਾ । ਮੈ ਸਾਗ ਖਾਕੇ ਰਾਜੀ ਹੀ ਨਹੀ ਸੀ ।ਮੈਨੂੰ ਲੱਗਿਆ ਮੈਨੂੰ ਸਾਗ ਖਵਾਉਣ ਲਈ ਹੀ ਮੇਰੀ ਮਾਂ ਸਾਗ ਦੀਆਂ ਤਰੀਫਾਂ ਕਰਦੀ ਹੈ। ਹੈ ਕੀ ਸਾਗ ਵਿੱਚ? ਸਰੋਂ ਦੇ ਬੂਟਿਆਂ ਨੂੰ ਕੁਤਰ ਕੇ ਸਾਗ ਰਿੰਨਿਆ ਜਾਂਦਾ ਹੈ ਜਿਵੇ ਆਪਾਂ ਪਸੂਆਂ ਲਈ ਪੱਠੇ ਕੁਤਰਦੇ ਹਾਂ। ਫਰਕ ਇੰਨਾ ਹੈ ਕਿ ਪਸੂ ਕੱਚਾ ਖਾ ਲੈਦੇ ਹਨ ਤਾਂ ਅਸੀ ਉਸਨੂੰ ਰਿੰਨ ਕੇ ਨਮਕ ਮਿਰਚ ਪਾਕੇ ਖਾਂਦੇ ਹਾਂ।ਇਹ ਮੇਰੀ ਸੋਚ ਸੀ।
ਫਿਰ ਕਈ ਸਮੇਂ ਬਾਅਦ ਇੱਕ ਦਿਨ ਐਤਵਾਰ ਸੀ ਤੇ ਮੈ ਘਰੇ ਹੀ ਸੀ ।ਮੇਰੀ ਮਾਂ ਨੇ ਕੰਮ ਵਾਲੀ ਮਾਦਾ ਕੋਲੋ ਖੇਤੋ ਸਾਗ ਮੰਗਵਾਇਆ ਤੇ ਉਸ ਨੂੰ ਵਿਸੇਸ ਰੂਪ ਵਿੱਚ ਕਿਹਾ ਕਿ ਕੱਚੀਆਂ ਕੱਚੀਆਂ ਗੰਦਲਾਂ ਵਾਲਾ ਸਾਗ ਤੋੜਕੇ ਲਿਆਈ। ਤੇ ਨਾਲ ਹੀ ਉਸਨੂੰ ਥੋੜਾ ਜਿਹਾ ਪਾਲਕ ਮੇਥੀ ਤੇ ਬਾਥੂ ਲਿਆਉਣ ਲਈ ਆਖਿਆ। ਜਦੋ ਉਹ ਇਹ ਸਾਰਾ ਕੁਝ ਲਿਆਈ ਤਾਂ ਮੇਰੀ ਮਾਂ ਨੇ ਇੱਕ ਇੱਕ ਸਰੋ ਦੇ ਸਾਗ ਦੀ ਗੰਦਲ ਨੂੰ ਛਿੱਲਿਆ ਤੇ ਫਿਰ ਉਸ ਨੁੰ ਦਾਤ ਦੀ ਸਹਾਇਤਾ ਨਾਲ ਬਰੀਕ ਬਰੀਕ ਕੱਟਿਆ।ਉਸਨੇ ਹਰ ਗਲੇ ਸੜੇ ਪੱਤੇ ਨੂੰ ਬਾਹਰ ਸੁੱਟ ਦਿੱਤਾ। ਇਸੇ ਤਰਾਂ ਹੀ ਉਸਨੇ ਪਾਲਕ ਦਾ ਇੱਕ ਇੱਕ ਪੱਤਾ ਸਾਫ ਕਰਕੇ ਕੱਟਿਆ। ਮੇਥੀ ਤੇ ਬਾਥੂ ਨੂੰ ਡੁੰਗਣਾ ਕੋਈ ਸੋਖਾ ਕੰਮ ਨਹੀ ਸੀ।ਪਤਾ ਨਹੀ ਕਿੰਨੇ ਘੰਟਿਆਂ ਦੀ ਸਖਤ ਮਿਹਨਤ ਕਰਕੇ ਮੇਰੀ ਮਾਂ ਨੇ ਸਾਗ ਕੱਟਣ ਦਾ ਕੰਮ ਨਿਪਟਾਇਆ। ਸਾਗ ਕੱਟਦੀ ਕੱਟਦੀ ਨੇ ਹੀ ਗੋਹੇ ਦੀਆਂ ਪਾਥੀਆਂ ਪਾਕੇ ਕੋਲ ਪਈ ਹਾਰੀ ਤੇ ਰੱਖੀ ਤੋੜੀ ਚ ਸਾਗ ਰਿੰਨਣਾ ਵੀ ਰੱਖ ਦਿੱਤਾ। ਫਿਰ ਉਹ ਨਾਲ ਦੀ ਨਾਲ ਸਾਗ ਕੱਟੀ ਵੀ ਗਈ ਤੇ ਤੋੜੀ ਚ ਪਾਈ ਗਈ।ਸਾਗ ਕੱਟਣ ਦੇ ਕੰਮ ਤੋ ਵਿਹਲੀ ਹੋ ਕੇ ਉਸ ਨੇ ਹਰੀਆਂ ਮਿਰਚਾਂ ਵੀ ਕੱਟ ਕੇ ਰਿੱਝਦੇ ਸਾਗ ਵਿੱਚ ਪਾ ਦਿੱਤੀਆਂ। ਫਿਰ ਉਸਨੇ ਲਸਣ ਦੀਆਂ ਗੰਢੀਆਂ ਕੱਢਕੇ ਤੇ ਕੱਟਕੇ ਉਸ ਵਿੱਚ ਪਾਈਆਂ।ਮੈਨੂੰ ਮੇਰੀ ਮਾਂ ਦੀ ਮਿਹਨਤ ਤੇ ਸਬਰ ਵੇਖ ਕੇ ਹੈਰਾਨੀ ਹੋ ਰਹੀ ਸੀ।
ਫਿਰ ਮੇਰੀ ਮਾਂ ਹੋਰ ਕੰਮ ਕਰਦੀ ਕਰਦੀ ਹਾਰੀ ਤੇ ਰਿੱਝਦੇ ਸਾਗ ਨੂੰ ਵਾਰੀ ਵਾਰੀ ਸੰਭਾਲਦੀ।ਉਬਾਲੇ ਜਿਹੇ ਖਾਂਦਾ ਸਾਗ ਤੋੜੀ ਤੋ ਬਾਹਰ ਨਿੱਕਲਦਾ ਪਰ ਮੇਰੀ ਮਾਂ ਫਿਰ ਕੜਛੀ ਮਾਰ ਕੇ ਉਸਨੂੰ ਠੀਕ ਕਰਦੀ। ਜਦੋ ਸਾਗ ਬਣ ਗਿਆ ਤਾਂ ਮੇਰੀ ਮਾਂ ਨੇ ਮੱਧਣੀ ਨਾਲ ਸਾਗ ਨੂੰ ਮੱਧਣਾ ਸੁਰੂ ਕਰ ਦਿੱਤਾ । ਵਿੱਚ ਵਿੱਚ ਦੀ ਉਹ ਵਿੱਚ ਬਾਜਰੇ ਦਾ ਆਟਾ ਪਾTਦੀ ਤੇ ਫਿਰ ਮੱਧਣਾ ਸੁਰੂ ਕਰ ਦਿੰਦੀ। ਕਾਫੀ ਮੱਧ ਕੇ ਮੇਰੀ ਮਾਂ ਨੇ ਉਹ ਸਾਗ ਮਲਾਈ ਵਰਗਾ ਬਣਾ ਦਿੱਤਾ।ਹੁਣ ਸਾਗ ਨੂੰ ਤੜਕਾ ਲਾਉਣ ਦਾ ਕੰਮ ਅਜੇ ਬਾਕੀ ਸੀ ਇਸ ਲਈ ਉਸਨੇ ਬਰੀਕ ਬਰੀਕ ਪਿਆਜ ਟਮਾਟਰ ਤੇ ਅਦਰਕ ਕੱਟਿਆ। ਖੂਬ ਸਾਰਾ ਦੇਸੀ ਘਿਉ ਪਾਕੇ ਉਸਨੇ ਸਾਗ ਨੂੰ ਤੜਕਾ ਲਾਇਆ। ਸਾਰੇ ਘਰ ਵਿੱਚ ਸਾਗ ਦੀ ਖੁਸਬੂ ਫੈਲ ਗਈ ਸੀ। ਉਸ ਦਿਨ ਮੈ ਬੜੇ ਚਾਅ ਨਾਲ ਮੈ ਸਾਗ ਖਾਧਾ। ਮੈਨੂੰ ਸਾਗ ਵਿੱਚੋ ਮੇਰੀ ਮਾਂ ਦੇ ਹੱਥਾਂ ਦੀ ਮਹਿਕ ਜਿਹੀ ਆਈ। ਹੁਣ ਵੀ ਮੈ ਸਾਗ ਵਿੱਚ ਮੱਖਣ ਜਾ ਦੇਸੀ ਘਿਉ ਪਾਕੇ ਖਾਂਦਾਂ ਹਾਂ।
ਮੈਨੂੰ ਮੇਰੀ ਮਾਂ ਦੀਆਂ ਸਾਰੀਆਂ ਗੱਲਾਂ ਸੱਚ ਲੱਗੀਆਂ । ਸੱਚੀ ਮਾਂ ਬੱਚਿਆਂ ਲਈ ਕਿੰਨੀਆਂ ਨਿਆਮਤਾਂ ਬਣਾਉਂਦੀ ਹੈ।ਮਾਂ ਜੇ ਚਾਹੁੰਦੀ ਤਾਂ ਪਲਾਂ ਵਿੱਚ ਕੋਈ ਸਬਜੀ ਬਣਾਕੇ ਮੈਨੂੰ ਖੁਸ ਕਰ ਸਕਦੀ ਸੀ। ਇਹੀ ਹੀ ਨਹੀ ਮੇਰੀ ਮਾਂ ਅਕਸਰ ਸਰਦੀ ਦੇ ਸੁਰੂ ਵਿੱਚ ਹੀ ਸਾਡੇ ਲਈ ਖੋਏ ਤੇ ਕਦੇ ਆਟੇ ਦੀਆਂ ਪਿੰਨੀਆਂ ਡਰਾਈ ਫਰੂਟ ਪਾਕੇ ਬਣਾਉਦੀ। ਕਦੇ ਕਦੇ ਉਹ ਗਾਜਰਾਂ ਕੱਦੂਕਸ ਕਰਕੇ ਗਜਰੇਲਾ ਬਣਾਉਦੀ।ਲੋਹੜੀ ਦੇ ਦਿਨਾਂ ਦੇ ਨੇੜੇ ਉਹ ਬਾਜਰੇ ਛੋਲੇ ਆਦਿ ਦੇ ਦਾਣੇ ਭੁਨਾ ਕੇ ਮੰਰੂਡੇ ਬਨਾTੁਂਦੀ।ਸਾਡੇ ਲਈ ਖਾਣ ਵਾਸਤੇ ਪੀਪੇ ਕਿਸੇ ਨਾ ਕਿਸੇ ਚੀਜ ਨਾਲ ਭਰੇ ਰਹਿੰਦੇ। ਉਹ ਜਮਾਨਾ ਵੱਖਰਾ ਸੀ ਉਸ ਸਮੇ ਬਜਾਰ ਦੀਆਂ ਵਸਤੂਆਂ ਨਾਲੋ ਘਰਦੀਆਂ ਬਣੀਆਂ ਚੀਜਾਂ ਨੂੰ ਪਹਿਲ ਦਿੱਤੀ ਜਾਂਦੀ ਸੀ। ਉਸ ਵਿੱਚ ਸੁੱਧਤਾ ਦੇ ਨਾਲ ਨਾਲ ਮਮਤਾ ਦੀ ਮਿਠਾਸ ਵੀ ਹੁੰਦੀ ਸੀ। ਮਾਂ ਦੇ ਹੱਥਾਂ ਦੇ ਬਣੇ ਸਾਗ ਦੀ ਮਹਿਕ ਮੈਨੂੰ ਹੁਣ ਵੀ ਯਾਦ ਆਉੰਦੀ ਹੈ।
ਰਮੇਸ ਸੇਠੀ ਬਾਦਲ
ਸੰਪਰਕ 98 766 27233