ਕਤਰ ਵਿੱਚ ਕੰਮ ਕਰਦਿਆਂ ਸੁਰਜੀਤ ਨੂੰ ਸੱਤ ਸਾਲ ਹੋ ਗਏ ਸਨ, ਪਹਿਲਾ ਇੱਕ ਸਾਲ ਕਰਜ਼ਾ ਮੋੜਨ ਲਈ, ਦੂਜੇ ਤੇ ਤੀਜੇ ਸਾਲ ਦੀ ਕਮਾਈ ਵੱਡੀ ਭੈਣ ਦੇ ਵਿਆਹ ਵਿੱਚ ਚਲੀ ਗਈ। ਚੌਥੇ ਸਾਲ ਜਦੋਂ ਉਸਨੇ ਕੁਝ ਪੈਸੇ ਬਚਾ ਕੇ ਆਉਣ ਬਾਰੇ ਸੋਚਿਆ ਤਾਂ ਪਿਤਾ ਜੀ ਨੇ ਛੋਟੀ ਭੈਣ ਦਾ ਰਿਸ਼ਤਾ ਪੱਕਾ ਹੋਣ ਅਤੇ ਅਗਲੇ ਸਾਲ ਵਿਆਹ ਕਰਨ ਦਾ ਕਹਿਕੇ ਆਉਣ ਤੋਂ ਰੋਕ ਦਿੱਤਾ। ਚੌਥੇ ਅਤੇ ਪੰਜਵੇਂ ਸਾਲ ਦੀ ਕਮਾਈ ਛੋਟੀ ਭੈਣ ਦੇ ਵਿਆਹ ਵਿੱਚ ਚਲੀ ਗਈ। ਛੇਵੇਂ ਸਾਲ ਜਦੋਂ ਵਾਪਸ ਆਉਣ ਦਾ ਸੋਚਿਆ ਤਾਂ ਪਿਤਾ ਜੀ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਗਈ ਅਤੇ ਉਹ ਇੱਕ ਵਾਰ ਫਿਰ ਨਾ ਆ ਸਕਿਆ । ਹੁਣ ਪਿਤਾ ਜੀ ਦੇ ਇਲਾਜ ਲਈ ਆਪਣੇ ਯਾਰਾਂ- ਬੇਲੀਆਂ ਤੋਂ ਪੈਸੇ ਫੜ ਭੇਜੇ, ਪਰ ਪਿਤਾ ਜੀ ਨੂੰ ਬਚਾ ਨਾ ਸਕਿਆ । ਬੁੱਢੀ ਮਾਂ ਘਰ ਵਿਚ ਇਕੱਲੀ ਸੀ, ਪਰ ਜ਼ੇਬ ਵਿੱਚ ਇੱਕ ਧੇਲਾ ਵੀ ਨਹੀਂ ਸੀ ਤੇ ਜੋ ਕਰਜ਼ਾ ਪਿਤਾ ਜੀ ਦੇ ਇਲਾਜ ਲਈ ਲਿਆ ਸੀ, ਉਹ ਵੀ ਮੋੜਨਾ ਸੀ,ਇਸ ਲਈ ਉਹ ਵਾਪਸ ਆਉਣ ਦੀ ਹਿੰਮਤ ਨਹੀਂ ਕਰ ਸਕਿਆ। ਅਗਲੇ ਦੋ ਸਾਲਾਂ ਦੀ ਕਮਾਈ ਉੱਧਰ ਚਲੀ ਗਈ।
“ਸੱਤ ਸਾਲ ਬਾਅਦ ਉਹ ਖਾਲੀ ਹੱਥ ਘਰ ਨਹੀਂ ਜਾਣਾ ਚਾਹੁੰਦਾ ਸੀ ਪਰ ਮਾਂ ਦੀ ਜ਼ਿੱਦ ਤੇ ਭੈਣਾਂ ਨੇ ਵੀ ਕਿਹਾ ਵੀਰ, ਸਾਨੂੰ ਕੁਝ ਨਹੀਂ ਚਾਹੀਦਾ, ਬੱਸ ਤੂੰ ਆ ਜਾ। ਫਿਰ ਉਸਨੇ ਹਿੰਮਤ ਕੀਤੀ, ਟਿਕਟ ਅਤੇ ਜ਼ੇਬ ਖਰਚ ਜਿੰਨੇਂ ਪੈਸੇ ਜੋੜੇ ਤੇ ਇਹ ਸੋਚਿਆ ਕਿ ਹੁਣ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਮੇਰੇ ਸਿਰ ? ਪਿੰਡ ਜਾ ਕੇ ਛੋਟਾ – ਮੋਟਾ ਕਾਰੋਬਾਰ ਕਰਕੇ ਗੁਜ਼ਾਰਾ ਚੱਲੀ ਜਾਊ।
ਆਉਣ ਦੇ ਦੂਜੇ ਦਿਨ ਉਹ ਆਪਣੀ ਵੱਡੀ ਭੈਣ ਨੂੰ ਮਿਲਣ ਗਿਆ ਤੇ ਵਾਪਸੀ ‘ਤੇ ਉਹ ਆਪਣੇ ਭਣੇਵੇਂ- ਭਣੇਵੀਂ ਦੇ ਹੱਥ ਵਿੱਚ ਸੌ ਰੁਪਏ ਰੱਖ ਕੇ ਵਾਪਸ ਪਰਤਿਆ।
ਵਾਪਸ ਆਉਂਦਾ ਉਹ ਦੂਜੀ ਭੈਣ ਕੋਲ ਪਹੁੰਚਿਆ ਤਾਂ ਪੈਸੇ ਵੀ ਕਿਰਾਏ ਅਤੇ ਸੌਦਾ ਖਰੀਦਣ ਜਿੰਨੇ ਹੀ ਸਨ ਪਰ ਉਸ ਨੂੰ ਇਹ ਆਸ ਸੀ ਕਿ ਇਹ ਭੈਣ ਜੋ ਉਸਦੇ ਬਹੁਤ ਨੇੜੇ ਹੈ, ਕੁਝ ਨਹੀਂ ਕਹੇਗੀ। ਇਸਲਈ, ਉਸਨੇ,ਉਸ ਭੈਣ ਦੇ ਜਵਾਕ ਦੇ ਹੱਥ ਕੁੱਝ ਵੀ ਨਾ ਰੱਖਿਆ।
ਘਰ ਪਹੁੰਚ ਕੇ ਮਾਂ ਨੇ ਦੱਸਿਆ ਕਿ ਵੱਡੀ ਭੈਣ ਦਾ ਫੋਨ ਆਇਆ ਸੀ, ਉਸ ਨੇ ਕਿਹਾ, ਭਰਾ ਸੱਤ ਸਾਲ ਬਾਅਦ ਕਤਰ ਤੋਂ ਆਇਆ ਸੀ ਅਤੇ ਮੇਰੇ ਬੱਚਿਆਂ ਦੇ ਹੱਥ ‘ਤੇ ਸੌ ਰੁਪਏ ਦੇ ਕੇ ਚਲਾ ਗਿਆ । ਅਸੀਂ ਭਿਖਾਰੀਆਂ ਨੂੰ ਇਸਤੋਂ ਵੱਧ ਦਿੰਦੇ ਹਾਂ।
ਦੂਸਰੀ ਭੈਣ ਨੇ ਕਿਹਾ ਕਿ ਉਹ ਸੱਤ ਸਾਲ ਬਾਅਦ ਕਤਰ ਤੋਂ ਆਇਆ ਹੈ, ਜੇਕਰ ਉਹ ਦਸ ਰੁਪਏ
ਨਿਆਣੇ ਦੇ ਹੱਥਾਂ ‘ਤੇ ਧਰ ਦਿੰਦਾ ਤਾਂ ਉਹ ਆਖਦਾ ਕਿ ਮਾਮਾ ਬਾਹਰੋਂ ਆਇਆ ਸੀ।
ਮੇਰੇ ਸਹੁਰੇ ਘਰ ਮੇਰਾ ਨੱਕ ਵਢਾ ਕੇ ਚਲਾ ਗਿਆ।
ਹੁਣ ਉਹ ਉੱਥੇ ਖੜ੍ਹਾ ਆਪਣੀ ਪਿਛਲੇ ਸੱਤ ਸਾਲਾਂ ਦੀ ਕਮਾਈ ਦਾ ਹਿਸਾਬ ਲਗਾ ਰਿਹਾ ਸੀ।
✍️ਸ੍ਰ. ਰਣਜੋਧ ਸਿੰਘ ਗਿੱਲ “ਜੋਧ ਦੇਹੜਕਾ”
ਰਿਸ਼ਤੇ ਵੀ ਹੁਣ ਜੇਬ ਦੇ ਬੋਝ ਨਾਲ਼ ਹੀ ਬਚਦੇ ਹਨ ਜੀ