ਹਰ ਆਦਮੀ ਦੀ ਗੱਲ ਕਰਨ ਦਾ ਤਰੀਕਾਂ ਹੁੰਦਾ ਹੈ।ਬਹੁਤੇ ਲੋਕ ਗੱਲਾਂ ਦਾ ਖੱਟਿਆ ਹੀ ਖਾਂਦੇ ਹਨ। ਗੱਲਾਂ ਗੱਲਾਂ ਵਿੱਚ ਹੀ ਦਿਲ ਦੀ ਗੱਲ ਕਹਿ ਜਾਂਦੇ ਹਨ। ਜਾ ਉਹ ਕਹਿ ਦਿੰਦੇ ਹਨ ਜ਼ੋ ਉਹ ਕਹਿਣਾ ਤਾਂ ਚਾਹੁੰਦੇ ਹਨ ਪਰ ਸਿੱਧੇ ਰੂਪ ਵਿੱਚ ਨਹੀ।ਉਸ ਨੂੰ ਵੱਲ ਫਰੇਬ ਨਾਲ ਕਹਿੰਦੇ ਹਨ। ਮਤਲਬ ਕਿਸੇ ਹੋਰ ਤਰੀਕੇ ਨਾਲ ਆਪਣੀ ਗੱਲ ਦੂਜੇ ਬੰਦੇ ਕੋਲ ਪਹੁੰਚਾ ਦਿੰਦੇ ਹਨ। ਤੇ ਕਈ ਵਿਚਾਰੇ ਜ਼ੋ ਇਸ ਕਲਾ ਤੌ ਅਣਜਾਣ ਹੁੰਦੇ ਹਨ ਬੱਸ ਠਾਹ ਸੋਟਾ ਮਾਰਦੇ ਹਨ। ਤੇ ਗੱਲ ਵਿਗੜ ਜਾਂਦੀ ਹੈ।ਤੇ ਕਈ ਵਾਰੀ ਇਸ ਤਰਾਂ ਦੀ ਗੱਲ ਕਹੀ ਭਾਨੀ ਵੀ ਬਣ ਜਾਂਦੀ ਹੈ।ਸਿਆਣੇ ਲੋਕ ਭਾਨੀ ਵੀ ਖੰਡ ਦੀ ਚਾਸ਼ਨੀ ਚੜ੍ਹਾਕੇ ਮਾਰਦੇ ਹਨ। ਯਾਨਿ ਮਿੱਠੀ ਭਾਨੀ।
ਹਿੰਦੀ ਫਿਲਮ ਸ਼ੋਅਲੇ ਬਹੁਤ ਹੀ ਸੁਪਰਹਿੱਟ ਫਿਲਮ ਸੀ ਅੱਜ ਵੀ ਉਸਦੇ ਡਾਇਾਲਾਗ ਮਸ਼ਹੂਰ ਹਨ। ਫਿਲਮ ਵਿੱਚ ਜਦੋ ਅਮਿਤਾਬ ਬੱਚਨ ਧਰਮਿੰਦਰ ਅਤੇ ਹੇਮਾਂ ਮਾਲਿਨੀ (ਬਸੰਤੀ) ਦੇ ਵਿਆਹ ਦੀ ਗੱਲ ਕਰਨ ਮਾਸੀ ਕੋਲੇ ਜਾਂਦਾ ਹੈ ਤਾਂ ਉਹ ਇਸੇ ਕਲਾ ਦਾ ਪ੍ਰਯੋਗ ਕਰਦਾ ਹੈ। ਚਾਹੇ ਫਿਲਮ ਵਿੱਚ ਇਹ ਸੰਵਾਦ ਹਾਸੀ ਲਈ ਹੀ ਪਾਇਆ ਗਿਆ ਸੀ ਪਰ ਸਾਡੇ ਸਮਾਜ ਦੀ ਅਸਲ ਤਸਵੀਰ ਪੇਸ਼ ਕੀਤੀ ਸੀ। ਇਹ ਇੱਕ ਵਿਅੰਗ ਵੀ ਸੀ ਸਮਾਜ ਦੇ ਲੋਕਾਂ ਦੇ ਕਿਰਦਾਰ ਤੇ।ਜਿਸ ਤਰਾਂ ਅੱਜ ਦੇ ਚਲਾਕ ਲੋਕ ਭਾਨੀ ਮਾਰਦੇ ਹਨ ਇਹ ਵੀ ਤਾਂ ਭਾਨੀ ਹੀ ਸੀ।
ਜਦੋ ਅਸੀ ਕਾਲਜ ਪੜ੍ਹਦੇ ਸੀ ਤਾਂ ਸਾਡੇ ਇੱਕ ਪ੍ਰੋਫੈਸਰ ਸਾਹਿਬ ਕਾਲਜ ਦੇ ਪਿੰਸੀਪਲ ਸਾਹਿਬ ਕੋਲੇ ਗਏ ਅਤੇ ਕਹਿੰਦੇ ਸਰ ਜੀ ਆਪਣੇ ਕਾਲਜ ਦੇ ਹੋਸਟਲ ਦੀ ਹਾਲਤ ਬੁਰੀ ਹੋ ਰਹੀ ਹੈ। ਖਿੜ੍ਹਕੀਆਂ ਦੇ ਸ਼ੀਸੇ ਟੁੱਟੇ ਹੋਏ ਹਨ। ਚੁਗਾਠਾਂ ਨੂੰ ਸਿਉਂਕ ਲੱਗ ਗਈ ਹੈ। ਜੇ ਤੁਸੀ ਮੈਨੂੰ ਹੋਸਟਲ ਦਾ ਇੰਚਾਰਜ ਬਣਾ ਦਿਉ ਤਾਂ ਮੈ ਮਿਸਤਰੀ ਲਗਵਾਕੇ ਠੀਕ ਕਰਵਾ ਦੇਵਾਂਗਾ। ਤੁਸੀ ਹੋਸਟਲ ਦਾ ਇੰਚਾਰਜ ਬਨਣਾ ਚਾਹੁੰਦੇ ਹੋ ਜਾ ਹੋਸਟਲ ਦੀ ਮਾੜੀ ਹਾਲਤ ਦਾ ਫਿਕਰ ਕਰਦੇ ਹੋ। ਪਿੰਸੀਪਲ ਸਾਹਿਬ ਨੇ ਉਸ ਦੀ ਗੱਲਾਂ ਵਿੱਚਲੀ ਗੱਲ ਦੀ ਮੰਸ਼ਾ ਦਾ ਚੋੜੇ ਚਿੱਟੇ ਹੀ ਖੁਲਾਸਾ ਕਰ ਦਿੱਤਾ। ਕਈ ਵਾਰੀ ਮੈਨੂੰ ਇਹ ਗੱਲ ਯਾਦ ਆਉਂਦੀ ਹੈ ਤੇ ਮੈ ਗੱਲਾਂ ਵਿਚੋ ਗੱਲ ਕਰਨ ਦੀ ਉਸ ਕਲਾ ਬਾਰੇ ਸੋਚਦਾ ਹਾਂ।
ਇਕ ਵਾਰੀ ਕਿਸੇ ਬੰਦੇ ਨੂੰ ਰਿਸ਼ਤਾ ਹੋਣ ਲੱਗਿਆ । ਗੱਲ ਬਾਤ ਲੱਗਭਗ ਸਿਰੇ ਚੜ੍ਹ ਗਈ ਸੀ ।ਕੋਈ ਨੇੜੇ ਦਾ ਆਦਮੀ ਆਇਆ ਤੇ ਕਹਿੰਦਾ ਚੰਗਾ ਵੀ ਭਰਾਵਾ ਤੈਨੂੰ ਵਧਾਈਆਂ। ਬਹੁਤ ਵਧੀਆ ਹੋਇਆ। ਰੱਬ ਨੇ ਤੇਰੀ ਚੰਗੀ ਸੁਣ ਲਈ। ਹੁਣ ਜਿਵੇ ਤੈਨੂੰ ਅੋਖਾ ਸੋਖਾ ਰਿਸ਼ਤਾ ਹੋ ਗਿਆ ਉਵੇ ਹੁਣ ਹੋਲੀ ਹੋਲੀ ਮਿਰਗੀ ਵੀ ਹੱਟ ਜਾਵੇਗੀ। ਲੜਕੀਆਂ ਵਾਲਿਆਂ ਨੇ ਮਿਰਗੀ ਦਾ ਨਾਮ ਸੁਣਕੇ ਹੀ ਸਿਰ ਹਿਲਾ ਦਿੱਤਾ ਅਤੇ ਲਿਆਂਦਾ ਸਗਨ ਦਾ ਸਮਾਨ ਵਾਪਿਸ ਲੈ ਤੁਰਦੇ ਬਣੇ। ਤੇ ਉਹ ਆਪਣੀ ਆਪਣੀ ਭਾਨੀ ਮਾਰਨ ਵਾਲੀ ਆਦਤ ਪੁਗਾ ਗਿਆ ਸੀ।ਇਸੇ ਤਰਾਂ ਕਹਿੰਦੇ ਕਿਸੇ ਦੀ ਕਮੀਜ ਦਾ ਬਟਨ ਟੁੱਟਿਆ ਸੀ। ਵੇਖਦਾ ਤਾਂ ਉਹ ਵੀ ਸੀ ਪਰ ਘਰਵਾਲੀ ਨੂੰ ਕਹਿਦਾ ਨਹੀ ਸੀ। ਇਕ ਦਿਨ ਉਸਨੇ ਵੇਖਿਆ ਕਿ ਉਸਦੀ ਘਰਵਾਲੀ ਉਸਦੇ ਪਜਾਮੇ ਦੇ ਪੌਂਚੇ ਦੀ ਤਰਪਾਈ ਕਰ ਰਹੀ ਸੀ। ਚੱਲ ਸੁਕਰ ਹੈ ਜਿਵੇ ਪਜਾਮੇ ਦੀ ਸੁਣੀ ਗਈ ਉਵੇ ਕਦੇ ਬਟਨ ਦੀ ਵੀ ਸੁਣੀ ਜਾਊਗੀ। ਤੇ ਭਲੀ ਮਾਨਸ ਸਮਝ ਗਈ ਅਤੇ ਝੱਟ ਕਮੀਜ ਦਾ ਬਟਨ ਵੀ ਲਗਾ ਦਿੱਤਾ।
ਅਕਸਰ ਮੁੰਡੇ ਕੁੜੀ ਦੇ ਰਿਸ਼ਤਿਆਂ ਦੇ ਮੋਕੇ ਵੀ ਲੋਕੀ ਗੱਲਾਂ ਵਿੱਚ ਗੱਲ ਕਰਕੇ ਹੀ ਆਪਣੀ ਜਮੀਨ ਜਾਇਦਾਦ ਬਾਰੇ ਅਸਿੱਧੀ ਸੇਖੀ ਮਾਰਦੇ ਹਨ। ਤੇ ਇਸ ਤਰਾਂ ਹੀ ਆਪਣੇ ਭਾਈਚਾਰੇ ਦੇ ਆਪਸੀ ਪਿਆਰ ਅਤੇ ਸਹਿਚਾਰ ਬਾਰੇ ਦੱਸਦੇ ਹਨ। ਬਹੁਤੇ ਲੋਕ ਲੀਡਰਾਂ ਅਫਸਰਾਂ ਕੋਲ ਜਾ ਕੇ ਹੋਰ ਤੇ ਹੋਰ ਗੱਲਾਂ ਕਰਦੇ ਕਰਦੇ ਆਪਣੇ ਮਤਲਬ ਦੀ ਗੱਲ ਕਹਿ ਜਾਂਦੇ ਹਨ ਅਤੇ ਆਪਣਾ ਮਤਲਬ ਪੂਰਾ ਕਰ ਲੈਂਦੇ ਹਨ। ਇਹੀ ਤਾਂ ਗੱਲਾਂ ਵਿੱਚ ਗੱਲ ਕਰਨ ਦੀ ਕਲਾ ਹੁੰਦੀ ਹੈ। ਅਤੇ ਸਮਝਣ ਵਾਲਾ ਸਮਝ ਜਾਂਦਾ ਹੈ ਕਿ ਹੁਣ ਇਹ ਗੱਲਾਂ ਗੱਲਾਂ ਵਿੱਚ ਕੀ ਅਤੇ ਕਿਉ ਗੱਲ ਕਰ ਰਿਹਾ ਹੈ।
ਰਮੇਸ਼ ਸੇਠੀ ਬਾਦਲ
ਮੋ 98 766 27 233