ਗੱਲ 1971_72 ਦੀ ਹੈ ਜਦੋ ਮੈ ਸਰਕਾਰੀ ਮਿਡਲ ਸਕੂਲ ਘੁਮਿਆਰੇ ਪੜ੍ਹਦਾ ਸੀ। ਸਾਡੇ ਸਕੂਲ ਦੇ ਮੁੱਖ ਗੇਟ ਦੇ ਸਾਹਮਣੇ ਵਾਲੀ ਰਸਤੇ ਦੇ ਸਿਰੇ ਤੇ ਸਕੂਲ ਦੀ ਮੁੱਖ ਇਮਾਰਤ ਸੀ ਜਿਸ ਵਿੱਚ ਦੋ ਹੀ ਕਮਰੇ ਸਨ ਤੇ ਅੱਗੇ ਛੋਟਾ ਜਿਹਾ ਵਰਾਂਡਾ ਸੀ। ਇੱਕ ਕਮਰੇ ਵਿੱਚ ਹੈਡ ਮਾਸਟਰ ਸਰਦਾਰ ਗੁਰਚਰਨ ਸਿੰਘ ਮੁਸਾਫਿਰ ਦਾ ਦਫਤਰ ਸੀ ਤੇ ਦੂਜੇ ਕਮਰੇ ਨੂੰ ਸਾਇੰਸ ਪ੍ਰਯੋਗਸਾਲਾ ਦੇ ਰੂਪ ਵਿੱਚ ਵਰਤਿਆ ਜਾਂਦਾ ਸੀ। ਵਰਾਂਡੇ ਦੇ ਦੋਨਾ ਪਾਸੇ ਛੋਟੇ ਛੋਟੇ ਦੋ ਕਮਰੇ ਬਣੇ ਹੋਏ ਸਨ । ਇੱਕ ਵਿੱਚ ਸਕੂਲ ਦੇ ਕਲਰਕ ਦਾ ਦਫਤਰ ਸੀ ਤੇ ਦੂਜੇ ਵਿੱਚ ਲਾਈਬਰੇਰੀ ਬਣਾਈ ਹੋਈ ਸੀ। ਵਰਾਡੇ ਦੀ ਛੱਤ ਕਮਰਿਆਂ ਦੀ ਛੱਤ ਨਾਲੋ ਕਾਫੀ ਨੀਵੀ ਸੀ ਤੇ ਕਲਰਕ ਵਾਲੇ ਦਫਤਰ ਦੇ ਉਪੱਰ ਚੋਬਾਰਾ ਬਣਿਆ ਹੋਇਆ ਸੀ ਤੇ ਜਿਸ ਵਿੱਚ ਹੈਡ ਮਾਸਟਰ ਸਾਹਿਬ ਰਹਿੰਦੇ ਹੁੰਦੇ ਸਨ। ਉਸ ਸਮੇ ਉਹ ਅਜੇ ਕੰਵਾਰੇ ਹੀ ਸਨ।ਉਹਨਾ ਨੇ ਜਰਾ ਵੱਡੀ ਉਮਰੇ ਹੀ ਵਿਆਹ ਕਰਵਾਇਆ ਸੀ। ਬਾਕੀ ਜਮਾਤਾਂ ਲਈ ਇੱਕੋ ਲਾਈਨ ਵਿੱਚ ਕਈ ਕਲਾਸਰੂਮ ਬਣੇ ਹੋਏ ਸਨ। ਚਾਰੇ ਪਲਾਟਾਂ ਦੇ ਕਿਨਾਰੇ ਤੇ ਅਤੇ ਮੁੱਖ ਰਸਤੇ ਦੇ ਉਪੱਰ ਪਾਣੀ ਵਾਲੀ ਗੋਲ ਡਿੱਗੀ ਬਣੀ ਹੋਈ ਸੀ ਜਿਸ ਤੇ ਇੱਕ ਬਾਲਟੀ ਬੰਨੀ ਹੋਈ ਸੀ ਜਿਸ ਨਾਲ ਪਾਣੀ ਖਿੱਚ ਕੇ ਅਸੀ ਓਕ ਲਾਕੇ ਪਾਣੀ ਪੀਂਦੇ ਹੁੰਦੇ ਸੀ।
ਸਕੂਲ ਦੇ ਬਹੁਤੇ ਅਧਿਆਪਕ ਸਾਈਕਲਾਂ ਤੇ ਹੀ ਆਉਂਦੇ ਸਨ ਤੇ ਇੱਕ ਦੋ ਪਿੰਡ ਵਿੱਚ ਕਮਰਾ ਲੈ ਕੇ ਰਹਿੰਦੇ ਸਨ। ਮੋਟਰ ਸਾਈਕਲ ਤਾਂ ਬਹੁਤ ਹੀ ਘੱਟ ਲੋਕਾਂ ਕੋਲ ਹੁੰਦਾ ਸੀ। ਕਈ ਭੈਣਜੀਆਂ ਟੈਪੂ ਜਾ ਟਾਂਗੇ ਰਾਹੀ ਸਹਿਰੋਂ ਆਊਂਦੀਆਂ ਸਨ ਤੇ ਜਾ ਪਿੰਡ ਚ ਹੀ ਕਮਰੇ ਲੈਕੇ ਰਹਿੰਦੀਆਂ ਸਨ। ਗਿਆਨੀ ਮਹਿੰਦਰ ਸਿੰਘ ਸਾਨੂੰ ਪੰਜਾਬੀ ਪੜਾਉਂਦੇ ਸਨ। ਉਹਨਾ ਦੀ ਰਿਸaਤੇਦਾਰੀ ਪਿੰਡ ਲੁਹਾਰੇ ਪੈਂਦੀ ਸੀ ਤੇ ਇਸ ਲਈ ਅਸੀ ਸਾਰੇ ਉਹਨਾ ਨੂੰ ਭਾਊ ਮਾਸਟਰ ਵੀ ਆਖਦੇ ਸੀ।
ਸਾਡੇ ਨੋਮਾਹੀ ਟੇਸਟ ਸਨ। ਕਿਉਕਿ ਇਹ ਟੈਸਟ ਆਮ ਕਰਕੇ ਦਿੰਸਬਰ ਦੇ ਮਹੀਨੇ ਵਿੱਚ ਹੁੰਦੇ ਹਨ ਬੱਚਿਆ ਨੂੰ ਬਾਹਰ ਧੁੱਪੇ ਬਿਠਾਕੇ ਇਹ ਟੈਸਟ ਲਏ ਜਾਣੇ ਸਨ। ਪੰਜਾਬੀ ਦਾ ਪੇਪਰ ਸੀ । ਕਈ ਲੇਖ ਪੇਪਰ ਵਿੱਚ ਆਏ ਸਨ ਪਰ ਮੈਨੂੰ ਗੁਰੂ ਨਾਨਕ ਦੇਵ ਜੀ ਬਾਰੇ ਲਿਖਣਾ ਸੋਖਾ ਲੱਗਿਆ । ਮੈ ਲੇਖ ਤਾਂ ਲਿਖਣਾ ਸੁਰੂ ਕਰ ਲਿਆ ਪਰ ਦੋ ਕੁ ਪੈਰੇ ਲਿਖਣ ਤੋ ਬਾਅਦ ਮੇਰੇ ਕੁਝ ਸਮਝ ਨਾ ਆਵੇ ਕਿ ਹੋਰ ਕੀ ਲਿਖਾਂ।ਫਿਰ ਮੈ ਗੁਰੂ ਨਨਕ ਦੇਵ ਜੀ ਦੀਆਂ ਸਿੱਖਆਵਾਂ ਲਿਖਕੇ ਵਰਕੇ ਭਰਨ ਦੀ ਸੋਚੀ। ਪਰ ਗੱਲ ਨਾ ਬਣੀ। ਸਾਡੇ ਸਕੂਲ ਕਲਰਕ ਦੇ ਦਫਤਰ ਦੀ ਬਾਹਰਲੀ ਕੰਧ ਰਾਸaਟਰੀ ਗਾਣ ਜਨ ਗਣ ਮਨ ਲਿਖਿਆ ਹੋਇਆ ਸੀ ਤੇ ਲਾਈਬਰੇਰੀ ਵਾਲੇ ਪਾਸੇ ਦੀ ਕੰਧ ਤੇ ਸਾਊਪੁਣੇ ਦੇ ਗੁਣ ਲਿਖੇ ਹੋਏ ਸਨ। ਮੈ ਸਾਊਪੁਣੇ ਦੇ ਗੁਣਾਂ ਵਾਲੇ ਬੋਰਡ ਦੇ ਨਾਲ ਹੀ ਬੈਠਾ ਸੀ। ਫਿਰ ਕੀ ਸੀ ।ਮੈਨੂੰ ਇੱਕ ਫੁਰਨਾ ਫੁਰਿਆ ਮੈ ਸਾਊਪੂਣੇ ਦੇ ਸਾਰੇ ਗੁਣ ਬਾਬੇ ਨਾਨਕ ਦੀਆਂ ਸਿੱਖਿਆਵਾਂ ਚ ਚੇਪ ਦਿੱਤੇ। ਮੈਨੂੰ ਲੱਗਿਆ ਕਿ ਇਹੀ ਠੀਕ ਰਹੇਗਾ। ਉਹ ਇੰਨੇ ਜਿਆਦਾ ਸਨ ਕਿ ਮੈਨੂੰ ਸਮੇ ਦਾ ਵੀ ਖਿਆਲ ਨਾ ਰਿਹਾ। ਤੇ ਮੇਰਾ ਬਾਕੀ ਦਾ ਪੇਪਰ ਰਹਿ ਗਿਆ। ਜਦੋ ਮਾਸਟਰ ਮਹਿੰਦਰ ਸਿੰਘ ਨੇ ਪੇਪਰ ਮਾਰਕਿੰਗ ਲਈ ਮੇਰੇ ਪੇਪਰ ਨੂੰ ਪੜਿਆ ਤਾਂ ਉਸਨੂੰ ਸਮਝ ਨਾ ਆਵੇ ਕਿ ਇਹ ਕੀ ਲਿਖਿਆ ਹੈ ਤੇ ਇਸ ਨੇ ਕਿੱਥੋਂ ਲਿਖਿਆ ਹੈ । ਮੇਰੀਆਂ ਲਿਖੀਆਂ ਬਾਬੇ ਨਾਨਕ ਦੀਆਂ ਸਿੱਖਿਆਵਾਂ ਵਾਲੇ ਪੰਨੇ ਤੇ ਕੋਈ ਵੀ ਗਲਤੀ ਨਹੀ ਸੀ ਪਰ ਵਾਰਤਾ ਮੇਲ ਨਹੀ ਸੀ ਖਾਂਦੀ। ਜਦੋੱ ਉਸਨੂੰ ਮੇਰੀ ਅਸਲ ਚਲਾਕੀ ਦੀ ਸਮਝ ਆਈ ਤਾਂ ਉਹ ਤਾਂ ਉਹ ਬਹੁਤ ਹੱਸੇ। ਤੇ ਉਹਨਾ ਨੇ ਮੇਰਾ ਪੇਪਰ ਬਾਕੀ ਅਧਿਆਪਕਾਂ ਨੂੰ ਵੀ ਦਿਖਾਇਆ। ਤੇ ਉਹ ਵੀ ਸਾਰੇ ਮੇਰੀ ਕਾਰਗੁਜਾਰੀ ਵੇਖ ਕੇ ਬਹੁਤ ਹੱਸੇ ਤੇ ਮੇਰੇ ਇਸ ਕਾਰਨਾਮੇ ਤੇ ਵਾਹਵਾ ਚਰਚਾ ਹੋਈ। ਗਿਆਨੀ ਜੀ ਨੇ ਮੈਨੂੰ ਉਸ ਲੇਖ ਦੇ ਨੰਬਰ ਨਾ ਦਿੱਤੇ । ਮੇਰਾ ਪੇਪਰ ਵੀ ਬਾਕੀ ਰਹਿ ਗਿਆ ਸੀ ਜਿਸ ਕਰਕੇ ਮੈਨੁੰ ਪੰਜਾਬੀ ਵਿੱਚੋਂ ਫੇਲ ਕਰ ਦਿੱਤਾ ।ਬਾਕੀ ਸਾਰੇ ਅਧਿਆਪਕਾਂ ਨੇ ਵੀ ਮੇਰੇ ਨਾਲ ਸਮੇ ਸਮੇ ਤੇ ਇਸ ਬਾਰੇ ਪੁਛ ਪੜਤਾਲ ਕੀਤੀ। ਮੈ ਹੁਸਿਆਰੀ ਨਾਲ ਨਕਲ ਮਾਰਕੇ ਵੀ ਪਾਸ ਨਾ ਹੋ ਸਕਿਆ। ਮਨਘੜੰਤ ਤਰੀਕੇ ਨਾਲ ਲਿੱਖੀਆਂ ਸਿੱਖਿਆਵਾਂ ਨੇ ਮੇਰੇ ਪੰਜਾਬੀ ਚੋ ਫੇਲ ਦਾ ਠੱਪਾ ਲਗਵਾ ਦਿੱਤਾ।ਬਾਅਦ ਵਿੱਚ ਹੈਡ ਮਾਸਟਰ ਮੁਸਾਫਿਰ ਸਾਹਿਬ ਨੇ ਵੀ ਮੈਨੂੰ ਮਿਠੀਆਂ ਝਿੜਕਾਂ ਦਿੱਤੀਆਂ।ਮੈਨੂੰ ਵੀ ਬਹੁਤ ਪਛਤਾਵਾ ਹੋਇਆ ਕਿ ਮੈਂ ਨਕਲ ਵੀ ਮਾਰੀ ਤੇ ਪਾਸ ਵੀ ਨਾ ਹੋਇਆ।
ਰਮੇਸ ਸੇਠੀ ਬਾਦਲ
ਮੋ 98 766 27 233