ਆਖਿਰ ਸੱਠ ਬਾਹਟ ਸਾਲ ਮੇਰੇ ਨਾਲ ਰਹਿਕੇ ਕੱਲ੍ਹ ਅਚਾਨਕ ਉਹ ਮੇਰਾ ਸਾਥ ਛੱਡ ਗਿਆ। ਕਮਾਲ ਦੀ ਗੱਲ ਇਹ ਹੋਈ ਕਿ ਉਸਦੇ ਸੇਵਾਮੁਕਤ ਹੋਣ ਯ ਰੁਖਸਤ ਹੋਣ ਦਾ ਮੈਨੂੰ ਪਤਾ ਹੀ ਨਹੀ ਲੱਗਿਆ। ਨਾ ਹੀ ਮੈਨੂੰ ਉਸਦੀ ਡੈੱਡ ਬਾਡੀ ਮਿਲੀ। ਉਸਦੇ ਜਾਣ ਦੇ ਕਾਫ਼ੀ ਦੇਰ ਬਾਅਦ ਮੈਨੂੰ ਉਸਦੀ ਕਮੀ ਦਾ ਅਹਿਸਾਸ ਜਿਹਾ ਹੋਇਆ। ਜਦੋਂ ਮੈਨੂੰ ਕੁਝ ਓਪਰਾ ਜਿਹਾ ਫੀਲ ਹੋਇਆ ਤਾਂ ਮੈਂ ਗੌਰ ਨਾਲ ਸ਼ੀਸ਼ੇ ਚ ਵੇਖਿਆ ਤਾਂ ਉਹ ਆਪਣੀ ਜਗ੍ਹਾ ਤੇ ਨਹੀਂ ਸੀ। ਉਹ ਜਗ੍ਹਾ ਖਾਲੀ ਸੀ ਤੇ ਇੱਕ ਖਾਲੀਪਣ ਦਾ ਅਹਿਸਾਸ ਸੀ।
ਮੈਨੂੰ ਯਾਦ ਹੈ ਬਚਪਣ ਤੋਂ ਹੀ ਉਹ ਮੇਰੇ ਨਾਲ ਸੀ। ਉਸ ਦੀ ਸਹਾਇਤਾ ਨਾਲ ਮੈਂ ਪਤਾ ਨਹੀਂ ਕਿੰਨੇ ਹੀ ਸੇਬ ਅਮਰੂਦ ਬੇਰ ਬਰਗਰ ਪੀਜ਼ੇ ਨਾ ਜਾਣੇ ਕੀ ਕੁਝ ਖਾਧਾ ਹੋਵੇਗਾ। ਮੇਰੇ ਹੁਕਮ ਤੇ ਉਹ ਝੱਟ ਮੂਹਰੇ ਹੋਕੇ ਖਾਣ ਦੀ ਕਾਰਵਾਈ ਪਾਉਂਦਾ। ਕਈ ਵਾਰੀ ਤਾਂ ਉਹ ਮਿੱਠੀਆਂ ਪੱਪੀਆਂ ਲੈਣ ਵਿੱਚ ਵੀ ਮੇਰੀ ਮਦਦ ਕਰਦਾ। ਉਂਜ ਭਾਵੇਂ ਇਹ ਤਿੰਨ ਚਾਰ ਸੀ। ਕੁਝ ਉਪਰ ਰਹਿੰਦੇ ਸਨ ਕੁਝ ਥੱਲ੍ਹੇ। ਇਹਨਾਂ ਨੂੰ ਉਪਰਲੇ ਤੇ ਥੱਲੜੇ ਕਿਹਾ ਜਾਂਦਾ ਹੈ। ਪਰ ਉਸ ਇੱਕ ਦੇ ਜਾਣ ਨਾਲ ਤਾਂ ਮੇਰੀ ਸ਼ਕਲ ਹੀ ਵਿਗੜ ਗਈ।
ਇਹ ਗੱਲ ਨਹੀਂ ਕਿ ਮੈਂ ਉਸਦਾ ਖਿਆਲ ਨਹੀਂ ਸੀ ਰੱਖਦਾ। ਹਰ ਰੋਜ਼ ਕੁਝ ਖਾਣ ਤੋਂ ਪਹਿਲਾਂ ਉਹਨਾ ਨੂੰ ਬੁਰਸ਼ ਨਾਲ ਸ਼ਾਫ ਕਰਦਾ ਸੀ। ਇਸ ਲਈ ਕਿਸੇ ਵਧੀਆ ਪੇਸਟ ਦਾ ਇਸਤੇਮਾਲ ਕਰਦਾ ਸੀ। ਜਦੋਂ ਕੋਈਂ ਬਾਹਲੀ ਤਕਲੀਫ ਦਿੰਦਾ ਤਾਂ ਮੈਂ ਕੋਈਂ ਪੇਨ ਕਿਲਰ ਲ਼ੈ ਲੈਂਦਾ ਯ ਕਿਸੇ ਚੰਗੇ ਡੇਂਟਿਸਟ ਦੀਆਂ ਸੇਵਾਵਾਂ ਲੈਂਦਾ।
ਮੈਨੂੰ ਯਾਦ ਹੈ ਪਹਿਲਾਂ ਇਹ ਦੋ ਹੀ ਆਏ ਤੇ ਉਹ ਵੀ ਉਪਰਲੇ। ਸਾਡੇ ਸਮਾਜ ਵਿੱਚ ਉਪਰਲਿਆਂ ਦੇ ਪਹਿਲਾਂ ਆਉਣ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਅਖੇ ਨਾਨਕਿਆਂ ਤੇ ਭਾਰ ਹੁੰਦਾ ਹੈ। ਉਦੋਂ ਵੀ ਮੇਰੀ ਨਾਨੀ ਨੇ ਮੇਰੇ ਮਾਮੇ ਬਿਹਾਰੀ ਨੂੰ ਮੇਰੇ ਦਾਦਕੇ ਉਚੇਚਾ ਭੇਜਿਆ ਸੀ। ਉਹ ਇੱਕ ਕਾਂਸੀ ਦਾ ਛੰਨਾ ਤੇ ਹੋਰ ਨਿੱਕ ਸੁੱਕ ਦੇਕੇ ਗਿਆ ਸੀ। ਉਸਨੂੰ ਸ਼ਾਇਦ ਦੰਦ ਠੋਕਣਾ ਕਹਿੰਦੇ ਹਨ। ਇਹ ਰਸਮ ਨਾਨਕਿਆਂ ਨੇ ਕਰਨੀ ਹੁੰਦੀ ਹੈ।
ਦੰਦ ਇਨਸਾਨ ਦਾ ਜਰੂਰੀ ਅੰਗ ਹੁੰਦੇ ਹਨ। ਪਹਿਲਾਂ ਦੁੱਧ ਦੇ ਦੰਦ ਆਉਂਦੇ ਹਨ ਫਿਰ ਇਹ ਚਲੇ ਜਾਂਦੇ ਹਨ ਤੇ ਪੱਕੇ ਦੰਦ ਆਉਂਦੇ ਹਨ। ਜੋ ਜਿੰਦਗੀ ਵਿੱਚ ਕਾਫੀ ਸਮਾਂ ਸਾਥ ਨਿਭਾਉਂਦੇ ਹਨ। ਆਮ ਕਰਕੇ ਇਹਨਾਂ ਦਾ ਜਾਣਾ ਬੁਢਾਪੇ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ।
ਕੱਲ੍ਹ ਸ਼ਾਮੀ ਜਦੋਂ ਮੈਂ ਖਜੂਰਾਂ ਖਾ ਰਿਹਾ ਸੀ ਤਾਂ ਸ਼ਾਇਦ ਓਦੋਂ ਇਹ ਸ਼ਹੀਦ ਹੋ ਗਿਆ। ਇਹ ਨਿੱਕਲਿਆ ਯ ਟੁੱਟਿਆ ਨਹੀਂ ਸਗੋਂ ਭੁਰਿਆ ਹੈ। ਇਸ ਤਰ੍ਹਾਂ ਭੁਰਣ ਨਾਲ ਇਹਨਾਂ ਦੀ ਜੜ੍ਹ ਅੰਦਰ ਰਹਿ ਜਾਂਦੀ ਹੈ। ਇਸ ਤਰ੍ਹਾਂ ਇਹ ਬਿਨਾਂ ਕੋਈਂ ਤਕਲੀਫ ਦਿੱਤੇ ਚੁਪਚਾਪ ਰਵਾਨਗੀ ਪਾ ਲੈਂਦੇ ਹਨ।
ਮੇਰੇ ਨਾਲ ਦੀ ਕਹਿੰਦੀ “ਫਿਕਰ ਨਾ ਕਰੋ ਆਪਾਂ ਕੈਪ ਚੜ੍ਹਵਾ ਲਵਾਂਗੇ।”
ਉਸਨੂੰ ਕੀ ਪਤਾ ਮੈਨੂੰ ਉਸਦੇ ਜਾਣ ਦਾ ਗਮ ਨਹੀਂ ਪਰ ਉਸ ਨਵੀਂ ਪਈ ਲੀਹ ਦਾ ਹੈ। ਇਹ ਸ਼ੁਰੂਆਤ ਹੈ। ਹੁਣ ਇਸੇ ਰਸਤੇ ਬਾਕੀ ਵੀ ਜਾਣ ਦੀ ਤਿਆਰੀ ਵੱਟਣਗੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ