ਘਰ ਦੀ ਰੋਟੀ | ghar di roti

1989 ਦੀ ਗੱਲ ਹੈ ਅਸੀਂ ਦੋ ਤਿੰਨ ਦੋਸਤ ਸੀਨੀਅਰ ਪੱਤਰਕਾਰ ਅਤੇ ਸਾਡੇ ਦੋਸਤ ਸ੍ਰੀ Azad Fateh Singh ਨਾਲ ਇੰਦੌਰ ਤੋਂ ਅੱਖਾਂ ਦਾ ਅਪ੍ਰੇਸ਼ਨ ਕਰਵਾਉਣ ਗਏ। ਉਸ ਅਪ੍ਰੇਸ਼ਨ ਨਾਲ ਐਨਕ ਉਤਰ ਜਾਂਦੀ ਸੀ। ਉਂਜ ਤਾਂ ਉੱਥੇ ਜਲਦੀ ਨੰਬਰ ਨਹੀਂ ਸੀ ਆਉਂਦਾ ਪਰ ਆਜ਼ਾਦ ਸਾਹਿਬ ਦੀ ਉਸ ਡਾਕਟਰ ਨਾਲ ਖਾਸ ਲਿਹਾਜ ਸੀ। ਕਿਉਂਕਿ ਆਜ਼ਾਦ ਸਾਹਿਬ ਸ਼ੁਰੂ ਤੋਂ ਹੀ ਜੁਗਾੜੀ ਹਨ ਅਤੇ ਆਪਣੀਆਂ ਗੱਲਾਂ ਨਾਲ ਹਰ ਕਿਸੇ ਨੂੰ ਆਪਣਾ ਬਣਾ ਲੈਂਦੇ ਹਨ। ਇਹ ਸ਼ਾਇਦ ਜੂਨ ਦਾ ਮਹੀਨਾ ਸੀ। ਅਸੀਂ ਦਿੱਲੀ ਤੋਂ ਰਾਤ ਦੀ ਟ੍ਰੇਨ ਲਈ। ਹੁਣ ਸ੍ਰੀ ਆਜ਼ਾਦ ਸਾਹਿਬ ਰਾਤ ਨੂੰ ਕੈਮੀਕਲ ਯੁਕਤ ਤਰਲ ਪਦਾਰਥ ਪੀਣ ਦੇ ਆਦੀ ਸਨ। ਇਸ ਲਈ ਇਹਨਾਂ ਨੇ ਉਹ ਤਰਲ ਪਦਾਰਥ ਆਪਣੇ ਹੱਥ ਫੜ੍ਹੀ ਥਰਮਸ ਵਿੱਚ ਪਾ ਲਿਆ ਤੇ ਸਿਪ ਸਿਪ ਕਰਕੇ ਪੀਂਦੇ ਰਹੇ। ਇੰਦੌਰ ਜਾਕੇ ਵੀ ਇਹਨਾਂ ਨੇ ਕਿਸੇ ਹੋਟਲ ਵਿੱਚ ਕਮਰਾ ਲੈਣ ਦੀ ਬਜਾਇ ਸ੍ਰੀ ਗੁਰਦੁਆਰਾ ਸਾਹਿਬ ਠਹਿਰਨ ਦਾ ਫੈਸਲਾ ਕੀਤਾ। ਇਹਨਾਂ ਨੇ ਓਥੋਂ ਦੀ ਸੇਵਾਦਾਰ ਜੋੜੀ ਨੂੰ ਜਾਣ ਸਾਰ ਸੌ ਦਾ ਨੋਟ ਫੜਾਇਆ ਤੇ ਦੇਸੀ ਘਿਓ ਆਟਾ ਸਬਜ਼ੀਆਂ ਲਿਆਉਣ ਲਈ ਕਿਹਾ। ਕਿਉਂਕਿ ਅਸੀਂ ਉਥੇ ਤਿੰਨ ਚਾਰ ਦਿਨ ਰਹਿਣਾ ਸੀ। ਉਸ ਸਚੱਜੀ ਸਿੰਘਣੀ ਨੇ ਓਹੀ ਕੀਤਾ ਤੇ ਉਹ ਸਾਨੂੰ ਤਿੰਨ ਟਾਈਮ ਵਧੀਆ ਰੋਟੀ ਪਕਾਕੇ ਖਵਾਉਂਦੀ ਰਹੀ। ਅਗਲੇ ਦਿਨ ਅਸੀਂ ਉਸਨੂੰ ਕੁਝ ਪੈਸੇ ਹੋਰ ਦਿੱਤੇ। ਸਾਡੇ ਸਮੇਤ ਉਹ ਦੋਨੇ ਜੀਅ ਵੀ ਰੋਟੀ ਖਾਂਦੇ ਸਨ। ਉਸ ਔਰਤ ਨੇ ਥੌੜੇ ਜਿਹੇ ਨਿੰਬੂ ਕੱਟਕੇ ਅਚਾਰ ਵੀ ਪਾ ਲਿਆ। ਕਿਉਂਕਿ ਉਹ ਜਾਣਦੀ ਸੀ ਕਿ ਪੰਜਾਬੀ ਅਚਾਰ ਤੋਂ ਬਿਨਾਂ ਰੋਟੀ ਨਹੀਂ ਖਾਂਦੇ। ਇਸ ਤਰ੍ਹਾਂ ਆਪਣੇ ਇੰਦੌਰ ਪ੍ਰਵਾਸ ਦੌਰਾਨ ਅਸੀਂ ਘਰ ਵਰਗੀ ਰੋਟੀ ਦਾ ਆਨੰਦ ਮਾਣਦੇ ਰਹੇ। ਇਹ ਸਭ ਆਜ਼ਾਦ ਸਾਹਿਬ ਹਿੰਮਤ ਕਰਕੇ ਹੀ ਸੰਭਵ ਹੋਇਆ। ਚੌਥੇ ਦਿਨ ਅਸੀਂ ਅਪ੍ਰੇਸ਼ਨ ਕਰਵਾਕੇ ਵਾਪਿਸ ਆ ਗਏ। ਅੱਜ ਕੁਦਰਤੀ ਘਰੇ ਬਣੇ ਨਿੰਬੂ ਦੇ ਅਚਾਰ ਨੂੰ ਵੇਖਕੇ ਇਹ ਗੱਲ ਚੇਤੇ ਆ ਗਈ।
#ਰਮੇਸ਼ਸੇਠੀਬਾਦਲ

One comment

Leave a Reply

Your email address will not be published. Required fields are marked *