ਦਲੀਪ ਸਿੰਘ ਪੰਦਰਾਂ ਵਰ੍ਹਿਆਂ ਦਾ ਸੀ..ਜਦੋਂ ਅੱਜ ਦੇ ਦਿਨ ਯਾਨੀ 8 March 1853 ਨੂੰ ਇੰਗਲੈਂਡ ਲੈ ਗਏ..!
ਖੜਨ ਤੋਂ ਪਹਿਲਾਂ ਉਸਦਾ ਪੰਜਾਬ ਪ੍ਰਤੀ ਮੋਹ ਭੰਗ ਕੀਤਾ..ਅੰਗਰੇਜ਼ੀ ਸਿਖਾਈ..ਮਾਹੌਲ ਸਿਰਜਿਆ..ਆਲੇ ਦਵਾਲੇ ਵਿੱਚ ਜਿਗਿਆਸਾ ਵਧਾਈ..ਮਿੱਠਾ ਜਹਿਰ ਵੀ ਦਿੰਦੇ ਗਏ..ਬਾਪ ਦੀਆਂ ਕਮਜ਼ੋਰੀਆਂ ਵਧਾ ਚੜਾ ਕੇ ਦੱਸੀਆਂ..!
ਫੇਰ ਅਸਰ ਹੋਇਆ..ਈਸਾਈ ਬਣ ਗਿਆ..ਕੇਸ ਕਟਾ ਦਿੱਤੇ..ਮਾਂ ਵੀ ਵਿੱਸਰ ਗਈ..!
ਓਧਰ ਜਿੰਦਾ ਚੁਨਾਰ ਦੇ ਕਿਲੇ ਵਿੱਚ ਰੋ ਰੋ ਅੰਨੀ ਹੋ ਗਈ..ਫੇਰ ਨਿਪਾਲ ਨੱਸ ਗਈ..ਅਖੀਰ ਕਲਕੱਤੇ ਦੋਵੇਂ ਮਾਂ ਪੁੱਤ ਮਿਲੇ..ਚੀਨ ਯੁੱਧ ਤੋਂ ਕਲਕੱਤੇ ਮੁੜਦੇ ਕੁਝ ਸਿੱਖ ਫੌਜੀਆਂ ਨੂੰ ਪਤਾ ਲੱਗਾ ਕੇ ਰਾਣੀ ਜਿੰਦਾ ਸਪੇਂਸ ਹੋਟਲ ਠਹਿਰੀ ਏ ਤਾਂ ਕਿੰਨੇ ਦਿਨ ਹੋਟਲ ਦੇ ਬਾਹਰ ਫਿਰਦੇ ਰਹੇ..ਮਹਾਰਾਣੀ ਦੀ ਇੱਕ ਝਲਕ ਪਾਉਣ ਲਈ..ਜੈਕਾਰੇ ਛੱਡਦੇ..!
ਅਖੀਰ ਖਹਿੜਾ ਕਰਕੇ ਪੁੱਤ ਦੇ ਨਾਲ ਇੰਗਲੈਂਡ ਚਲੀ ਗਈ..ਓਥੇ ਦੋਵੇਂ ਵੱਖੋ ਵੱਖ ਰੱਖੇ..ਹਫਤੇ ਵਿੱਚ ਦੋ ਵੇਰ ਮਿਲਦੇ..ਘੰਟਿਆਂ ਬੱਧੀ ਚੁੱਪ ਬੈਠੇ ਰਹਿੰਦੇ..ਉਹ ਦਲੀਪ ਨੂੰ ਟੋਹਂਦੀ..ਆਪਣੇ ਰਾਜ ਨੂੰ ਯਾਦ ਕਰਦਾ ਕੇ ਭੁੱਲ ਗਿਆ..ਪਰ ਉਹ ਉਸਨੂੰ ਅੰਗਰੇਜ ਵੱਲੋਂ ਮਿਲਦੀ ਵੱਡੀ ਪੈਨਸ਼ਨ ਬਾਰੇ ਦੱਸਦਾ..ਲੰਡਨ ਵਿੱਚ ਖਰੀਦੀ ਜਾਇਦਾਤ ਬਾਰੇ ਦੱਸਦਾ..ਉਹ ਅੱਗੋਂ ਆਖਦੀ ਪੁੱਤਰ ਇਹ ਤੇ ਉਸ ਅੱਗੇ ਤੁੱਛ ਮਾਤਰ ਵੀ ਨਹੀਂ ਜੋ ਤੈਥੋਂ ਲੁੱਟ ਲਿਆ ਗਿਆ..ਲੋਗਨ ਨਾਮ ਦਾ ਗੋਰਾ ਕੇਅਰ ਟੇਕਰ ਨਹੀਂ ਸੀ ਚਾਹੁੰਦਾ ਸੀ ਕੇ ਜਿੰਦਾ ਆਪਣੇ ਪੁੱਤ ਨੂੰ ਮਿਲੇ..ਫੇਰ ਇੱਕ ਦਿਨ ਜਿੰਦਾ ਮੁੱਕ ਗਈ..ਕੱਲੀ ਕਾਰੀ..ਮੁੜ ਪੰਜਾਬ ਦੀ ਧਰਤ ਤੇ ਸੰਸਕਾਰ ਦੀ ਇਜਾਜਤ ਵੀ ਨਹੀਂ ਮਿਲੀ..ਗੋਦਾਵਰੀ ਕੰਢੇ ਫੂਕ ਦਿੱਤੀ..!
ਕੀ ਸ਼ੈ ਬਣਾਈ ਏ ਮਾਂ..ਹਰ ਵੇਲੇ ਸੁੱਖ ਮੰਗਦੀ..ਜੇ ਕਦੀ ਢਿੱਡੋਂ ਜੰਮੇ ਲਈ ਮੌਤ ਵੀ ਮੰਗਣੀ ਪੈ ਜਾਵੇ ਤਾਂ ਉਹ ਵੀ ਬਿਨਾ ਪੀੜ ਵਾਲੀ ਹੀ ਮੰਗਦੀ..ਯਾਦ ਏ ਮਾਝੇ ਦੇ ਰਮਦਾਸ ਇਲਾਕੇ ਦਾ ਇੱਕ ਸਿੰਘ ਭਗੌੜਾ ਹੋ ਗਿਆ..ਇੱਕ ਵੇਰ ਦਿਨ ਢਲੇ ਮਾਂ ਨੂੰ ਮਿਲਣ ਆਇਆ ਤਾਂ ਮੱਥਾ ਚੁੰਮ ਆਖਣ ਲੱਗੀ ਵੇ ਲਾਡੀ ਅਸ੍ਲਾ ਵਧੀਆ ਰੱਖੀਂ..ਮੈਨੂੰ ਪਤਾ ਤੈਥੋਂ ਕੁੱਟ ਨੀ ਖਾਦੀ ਜਾਣੀ..!
ਦੋਸਤੋ ਰੱਬ ਹਰ ਥਾਂ ਹਾਜਿਰ ਨਹੀਂ ਸੀ ਰਹਿ ਸਕਦਾ ਸੋ ਉਸਨੇ ਮਾਂ ਦੀ ਸਿਰਜਣਾ ਕਰ ਛੱਡੀ!
ਹਰਪ੍ਰੀਤ ਸਿੰਘ ਜਵੰਦਾ