ਨਾਰੋਵਾਲ ਪਸਰੂਰ ਰੋਡ ਤੇ ਪੈਂਦਾ ਕਿਲਾ ਸ਼ੋਭਾ ਸਿੰਘ..ਅੱਡੇ ਤੇ ਜੂਸ ਪੀਣ ਖਲੋ ਗਏ..ਰੇਹੜੀ ਵਾਲਾ ਪੈਸੇ ਨਾ ਲਵੇ..ਕੋਲ ਸਕੂਲੋਂ ਮੁੜਦੇ ਜਵਾਕ..ਸਾਥੋਂ ਥੋੜਾ ਹਟਵੇਂ ਖਲੋ ਗਏ..ਇਕ ਦੂਜੇ ਨੂੰ ਹੁੱਜਾਂ ਮਾਰੀ ਜਾਣ..ਤੂੰ ਗੱਲ ਕਰ..ਸੈਨਤ ਮਾਰ ਕੋਲ ਸੱਦ ਲਿਆ..ਇਕ ਅਲੂਣਾਂ ਜਿਹਾ ਵਾਹਵਾ ਤੇਜ..ਮੈਨੂੰ ਪੁੱਛਣ ਲੱਗਾ ਤੁਸੀਂ ਮੂਸੇ ਵਾਲੇ ਦੇ ਪਿੰਡੋਂ ਹੋ?
ਆਖਿਆ ਨਹੀਂ..ਕਹਿੰਦਾ ਮੈਨੂੰ ਉਸਦੇ ਸਾਰੇ ਗਾਣੇ ਆਉਂਦੇ..ਜਦੋਂ ਮੁੱਕਿਆ ਤਾਂ ਮੇਰਾ ਅੱਬਾ ਕਿੰਨੇ ਦਿਨ ਸੁੱਤਾ ਨਹੀਂ..ਕਹਿੰਦਾ ਓਦੇ ਹਿੱਸੇ ਦਾ ਮੈ ਮਰ ਜਾਂਦਾ..ਫੇਰ ਖੜੇ ਖਲੋਤੇ ਨੇ 295 ਸੁਣਾ ਦਿੱਤਾ..ਇੰਨ ਬਿੰਨ..ਪੂਰੇ ਦਾ ਪੂਰਾ..ਫੇਰ ਪੱਟ ਤੇ ਥਾਪੀ ਮਾਰ ਸੱਜਾ ਹੱਥ ਉਤਾਂਹ ਚੁੱਕ ਲਿਆ..ਮੈਂ ਗੱਲਵੱਕੜੀ ਪਾ ਲਈ..ਮੇਰੀਆਂ ਅੱਖੀਆਂ ਵੀ ਗਿੱਲੀਆਂ ਹੋ ਗਈਆਂ..ਜੂਸ ਵਾਲਾ ਕਹਿੰਦਾ ਜਿਸ ਮੋੜ ਤੇ ਉਹ ਮੁੱਕਾ ਸੀ ਓਥੇ ਜਾ ਕੇ ਸਿਜਦਾ ਕਰ ਫ਼ਾਤਿਹਾ ਪੜ ਆਇਓ..ਉਹ ਲਹਿੰਦੇ ਵਾਲਿਆਂ ਨਾਲ ਕਰਾਰ ਕਰ ਕੇ ਗਿਆ ਸੀ..ਜਰੂਰ ਆਵੇਗਾ..ਨਾਰੋਵਾਲ ਸਿਆਲਕੋਟ ਫੈਸਲਾਬਾਦ ਮੁਲਤਾਨ ਲਾਹੌਰ ਵਜੀਰਾਬਾਦ ਕਰਤਾਰਪੁਰ ਡਸਕਾ..ਜਿਥੇ ਆਖੋਗੇ ਅਖਾੜੇ ਲਵਾਂਗਾ..ਅਸੀਂ ਉਡੀਕਦੇ ਰਹੇ ਤੇ ਜਿਊਣ ਜੋਗਾ ਕਿਧਰੇ ਹੋਰ ਰਵਾਨਾ ਹੋ ਗਿਆ..ਜਿਸ ਦਿਨ ਗੱਡੀ ਅੰਦਰ ਨਿਢਾਲ ਹੋਏ ਦੀ ਵੀਡੀਓ ਵੇਖੀ..ਸਾਰਾ ਦਿਨ ਸੱਥਾਂ ਵਿਚ ਓਸੇ ਦੀਆਂ ਗੱਲਾਂ ਹੁੰਦੀਆਂ ਰਹੀਆਂ..!
ਲਾਹੌਰ ਪੰਜਾਬ ਯੂਨੀਵਰਸਿਟੀ ਸਾਮਣੇ ਤੋਂ ਆਉਂਦਾ ਕੁੜੀਆਂ ਦਾ ਗਰੁੱਪ..ਅਕਸਰ ਨੀਵੀਂ ਪਾ ਕੇ ਲੰਘ ਜਾਇਆ ਕਰਦਾ ਪਰ ਅੱਜ ਖਲੋ ਗਈਆਂ..ਆਖਣ ਲੱਗੀਆਂ ਹਰੇਕ ਪੱਗ ਵਾਲਾ ਸਾਨੂੰ ਮੂਸੇ ਵਾਲਾ ਲੱਗਦਾ..ਇਕ ਆਖਦੀ ਸਾਡੇ ਘਰ ਉਸਦੀ ਫੋਟੋ ਲੱਗੀ..ਬਾਗੀ ਤਬੀਅਤ ਦਾ ਮਾਲਕ ਸਿਆਸਤਾਂ ਦੀ ਭੇਂਟ ਚੜ ਗਿਆ..!
ਓਥੇ ਹੀ ਕਿਸੇ ਦੱਸਿਆ ਉਸਨੂੰ ਮਾਰਨ ਵਾਲੇ ਅਦਾਲਤ ਵਿੱਚ ਮੁੱਕਰ ਗਏ..ਆਖਦੇ ਸਾਥੋਂ ਜਬਰਦਸਤੀ ਬਿਆਨ ਦਵਾਏ..ਹੁਣ ਸਾਫ ਹੋ ਗਿਆ..ਕਿਸਨੇ ਤੇ ਕਿਓਂ ਮਰਵਾਇਆ..ਸੱਚ ਤੇ ਕੱਚ ਹਮੇਸ਼ਾ ਚੁੱਭਦਾ..!
ਇੱਕ ਬਾਜੀ ਉਸਦੀ ਅੰਮੀਂ ਨੂੰ ਯਾਦ ਕਰੀ ਜਾਵੇ..ਅਖ਼ੇ ਕੱਲਾ ਕੱਲਾ ਕਿਓਂ ਜੰਮਿਆ ਸੀ..ਘਟੋਂ ਘੱਟ ਤਿੰਨ ਚਾਰ ਤੇ ਜਰੂਰ ਹੋਣੇ ਚਾਹੀਦੇ ਸਨ..ਚੜ੍ਹਦੇ ਵਾਲਿਆਂ ਵਿਚ ਪੈ ਗਿਆ ਆਹ ਕੱਲੇ ਕੱਲੇ ਦਾ ਰਿਵਾਜ ਸਾਨੂੰ ਪਸੰਦ ਨਹੀਂ..ਜੇ ਮੈਂ ਜਾਣਦੀ ਜੱਗੇ ਮਰ ਜਾਣਾ..ਇੱਕ ਦੇ ਮੈਂ ਦੋ ਜੰਮਦੀ..ਲਾਇਲ ਪੁਰ ਅੱਪੜੇ ਤਾਂ ਇੱਕ ਹੋਰ ਚੇਤੇ ਆ ਗਿਆ..ਜੱਗੇ ਮਾਰਿਆ ਲਾਇਲਪੁਰ ਡਾਕਾ..ਤਾਰਾਂ ਖੜਕ ਗਈਆਂ ਆਪੇ..ਤਰੀਕਾਂ ਭੁਗਤਣਗੇ ਮਾਪੇ..ਵਾਕਿਆ ਹੀ ਤਰੀਕਾਂ ਮਗਰੋਂ ਮਾਪਿਆਂ ਨੂੰ ਹੀ ਭੁਗਤਣੀਆਂ ਪੈਂਦੀਆਂ!
ਏਧਰੋਂ ਗਿਆ ਆਖਣ ਲੱਗਾ..ਲਹਿੰਦਾ ਅਜੇ ਸਾਥੋਂ ਤੀਹ ਸਾਲ ਪਿੱਛੇ..ਇੱਕ ਕਹਿੰਦਾ ਰਹਿਣ ਦਿਓ ਸਾਨੂੰ ਤੀਹ ਸਾਲ ਪਿੱਛੇ ਹੀ..ਨਹੀਂ ਚਾਹੀਦੀ ਸਾਨੂੰ ਐਸੀ ਤਰੱਕੀ ਜਿਹੜੀ ਹਮਸਾਇਆਂ ਤੋਂ ਵੱਖ ਕਰ ਦੇਵੇ..ਨਾਲ ਹੀ ਉਸਨੇ ਕੋਲ ਬੈਠੇ ਅੱਬੇ ਦੇ ਹੱਥ ਚੁੰਮ ਲਏ..ਟੋਏ ਟਿੱਬੇ ਟੱਪਦਿਆਂ ਗਏ ਸਮੁੰਦਰ ਟੱਪ..ਜਿੰਨੀ ਵੱਡੀ ਛਾਲ ਸੀ..ਓਨੀ ਵੱਡੀ ਸੱਟ!
ਲਹਿੰਦੇ ਪੰਜਾਬ ਗਏ ਇੱਕ ਦੋਸਤ ਵੱਲੋਂ ਦੱਸਿਆ ਬਿਰਤਾਂਤ..
ਹਰਪ੍ਰੀਤ ਸਿੰਘ ਜਵੰਦਾ