ਪੁਰਾਣੀ ਗੱਲ ਏ..ਫਰਾਂਸ ਤੋਂ ਗਰੁੱਪ ਲੈ ਦਰਬਾਰ ਸਾਬ ਅੱਪੜ ਗਿਆ..ਆਖਣ ਲੱਗੇ ਸਾਨੂੰ ਘੱਲੂਕਾਰੇ ਦੀ ਕੋਈ ਨਿਸ਼ਾਨੀ ਵਿਖਾ..ਕਿਸੇ ਇਸ ਗੁੰਮਟੀ ਬਾਰੇ ਦੱਸਿਆ..ਬੜੇ ਹੱਥ ਪੈਰ ਮਾਰੇ..ਸਕੱਤਰ ਦਿਲਮੇਘ ਸਿੰਘ ਤੱਕ ਵੀ ਪਹੁੰਚ ਕੀਤੀ ਪਰ ਮਨਜ਼ੂਰੀ ਨਾ ਦਿੱਤੀ..ਅਖ਼ੇ ਪ੍ਰਧਾਨ ਸਾਬ ਕਹਿੰਦੇ ਭਾਵਨਾਵਾਂ ਭੜਕਦੀਆਂ..ਅਖੀਰ ਤੇਜਾ ਸਿੰਘ ਸਮੁੰਦਰੀ ਹਾਲ ਤੇ ਅਦਾਲਤੀ ਮੁਆਵਜੇ ਵਾਲੇ ਕੇਸ ਦੀ ਮਜਬੂਰੀ ਵੱਸ ਰੱਖੇ ਧੂੰਏਂ ਦੇ ਕੁਝ ਨਿਸ਼ਾਨ ਵਿਖਾ ਖਾਨਾ ਪੂਰਤੀ ਕੀਤੀ..ਪਰ ਫਰਾਂਸੀਸੀ ਖੁਸਰ ਫੁਸਰ ਕਰੀ ਜਾਣ..ਏਨਾ ਨੁਕਸਾਨ ਤੇ ਨਹੀਂ ਹੋਇਆ ਜਿੰਨਾ ਇਹ ਲੋਕ ਰੌਲਾ ਪਾਉਂਦੇ..!
ਇੱਕ ਸਿਆਲਕੋਟੀਆ ਵਲੋਗਰ ਆਖ਼ ਰਿਹਾ ਸੀ..ਕਿਸੇ ਦਫਤਰ ਕੋਈ ਸਿੰਧੀ ਟੋਪੀ ਪਾਈ ਆਣ ਬਹੁੜੇ..ਪਠਾਣੀ ਸਲਵਾਰ ਧਾਰਨ ਕਰ ਆਏ..ਬਲੋਚੀ ਸਾਫਾ ਬੰਨ ਆਵੇ..ਕੋਈ ਕੁਝ ਨਾ ਆਖੂ..ਜੇ ਮੈਂ ਚਾਦਰਾ ਬੰਨ ਸਿਰ ਤੇ ਤੁਰਲੇ ਵਾਲੀ ਪੱਗ ਧਰ ਪੰਜਾਬੀ ਵਿਚ ਕੋਈ ਗੱਲ ਪੁੱਛ ਲਵਾਂ ਤਾਂ ਇੰਝ ਵੇਖਣਗੇ ਆਫਰੀ ਭੇਡ ਵੇਖਦੀ..ਕਈ ਆਖਣਗੇ ਤੂੰ ਤੇ ਹੈ ਹੀ ਸਿੱਖ..ਜਾ ਵਾਹਗਿਓ ਪਾਰ ਚੜ੍ਹਦੇ ਵੱਲ ਨਿੱਕਲ ਜਾ..!
ਓਹਨਾ ਨੂੰ ਚੜ੍ਹਦੇ ਦਾ ਮੇਹਣਾ ਤੇ ਸਾਨੂੰ ਲਹਿੰਦੇ ਦੇ ਡਰਾਵੇ..ਜਵਾਕ ਪੰਜਾਬੀ ਵਿਚ ਕੁਝ ਪੁੱਛ ਲੈਣ ਤਾਂ ਉਸ੍ਤਾਨੀਆਂ ਉਰਦੂ ਵਿਚ ਹੀ ਜੁਆਬ ਦੇਣਗੀਆਂ..ਇੱਕ ਗੋਹਾ ਹਟਾ ਰਹੇ ਜਵਾਕ ਨੂੰ ਪੁੱਛ ਲਿਆ ਪੰਜਾਬੀ ਆਉਂਦੀ ਏ ਤਾਂ ਸ਼ਰਮ ਮਹਿਸੂਸ ਕਰ ਗਿਆ ਅਖ਼ੇ ਥੋੜੀ ਥੋੜੀ ਆਉਂਦੀ ਏ..ਕਿਰਸਾਨੀ ਦੇ ਓਹੀ ਰੋਣੇ..ਗਰਕਣ ਦੀ ਕਗਾਰ ਤੇ..ਦਸ ਹਾਰਸ ਪਾਵਰ ਦੀ ਬੰਬੀ..ਮਹੀਨੇ ਦਾ ਲੱਖ ਰੁਪਈਆ ਬਿੱਲ..ਯੂਰੀਆ ਬਲੈਕ ਵਿਚ ਵੀ ਨਹੀਂ ਮਿਲਦਾ..ਨਕਲੀ ਬੀਜ..ਨਦੀਨ ਨਾਸ਼ਕ ਦਵਾਈਆਂ..ਡੇਢ ਲੱਖ ਨੂੰ ਕਿੱਲੇ ਦਾ ਠੇਕਾ..ਨਾੜ ਨੂੰ ਅੱਗ ਲਾ ਦੇਈਏ ਤਾਂ ਧੂੰਆਂ ਇਸਲਾਮਾਬਾਦ ਅੱਪੜ ਜਾਂਦਾ..ਭੇਡ ਚਾਲ ਏਨੀ ਕੇ ਜੇ ਇੱਕ ਨੇ ਖਰਬੂਜੇ ਬੀਜ ਲਏ ਤਾਂ ਅਗਲੀ ਵੇਰ ਸਾਰੇ ਪਿੰਡ ਨੇ ਓਹੀ ਫਸਲ ਅਪਣਾ ਲੈਣੀ..ਫੇਰ ਡਿਮਾਂਡ ਸਪਲਾਈ ਦਾ ਤਵਾਜੁਨ ਵਿਗੜ ਗਿਆ ਤੇ ਰੇਟ ਥੱਲੇ..!
ਕਹਿਣ ਦਾ ਭਾਵ..ਜਿਸ ਰੋਗ ਨਾਲ ਮਰੀ ਸੀ ਬੱਕਰੀ ਓਹੀ ਰੋਗ ਪਠੋਰੇ ਨੂੰ..ਭਾਵੇਂ ਏਧਰ ਮਾਝ ਦੁਆਬ ਦਾ ਇਲਾਕਾ ਹੋਏ ਤੇ ਭਾਵੇਂ ਓਧਰ ਨਾਰੋਵਾਲ ਫੈਸਲਾਬਾਦ ਦੀ ਬੈਲਟ..ਉੜਾ ਜੂੜਾ ਅਤੇ ਇਤਿਹਾਸ ਵਿਰਸਿਆਂ ਦੀਆਂ ਬਾਤਾਂ ਸਭ ਕੁਝ ਕੰਡੇ ਵਾਂਙ ਚੁਭਦਾ..!
ਆਪਣੇ ਵਾਲਿਓਂ ਖਿਆਲ ਰਹੇ..ਰੌਲੇ ਗੌਲੇ ਵਿਚ ਪ੍ਰਸ਼ਾਦ ਘਰ ਉਪਰ ਰਹਿ ਇਹ ਕੀਮਤੀ ਗੁੰਮਟੀ ਕੋਈ ਰੈਨੋਵੇਸ਼ਨ ਦੇ ਨਾਮ ਤੇ ਨੇਸਤੋਨਾਬੂਦ ਨਾ ਕਰ ਦੇਵੇ..ਨਾਗਪੁਰੀ ਏਜੰਡਾ..ਪਹਿਲੋਂ ਕਾਰ ਸੇਵਾ ਦੇ ਨਾਮ ਹੇਠ ਨੰਗੀ ਅੱਖ ਨਾਲ ਦਿਸਦੀਆਂ ਸਾਰੀਆਂ ਥਾਵਾਂ ਢਾਹ ਦੇਵੋ..ਜਦੋਂ ਸਪਸ਼ਟ ਹਵਾਲੇ ਮੁੱਕ ਗਏ ਓਦੋਂ ਕਿਤਾਬਾਂ ਵਿਚਲਾ ਇਤਿਹਾਸ ਬਦਲ ਦਿਓ..!
ਰਹੀ ਗੱਲ ਚਸ਼ਮਦੀਦ ਸਮਲਕਾਲੀਆਂ ਦੀ..ਓਹਨਾ ਕਿਹੜਾ ਓਦੋਂ ਮੜੀਆਂ ਵਿਚੋਂ ਉੱਠ ਹਵਾਲੇ ਦੇਣ ਬਹੁੜ ਪੈਣਾ..ਫੇਰ ਓਦੋਂ ਚਿੱਤ ਵੀ ਸਾਡਾ ਤੇ ਪੱਟ ਵੀ..ਬਿੱਪਰਵਾਦ ਸ਼ਿਕਾਰ ਨੂੰ ਨਾਗ ਵਲ ਪਾ ਹੌਲੀ ਹੌਲੀ ਇੰਝ ਹੀ ਨਿਗਲਦਾ..ਠੀਕ ਓਦਾਂ ਜਿੱਦਾਂ ਬੁੱਧ ਅਤੇ ਜੈਨੀਂ ਨਿਗਲ ਲਏ ਗਏ!
ਹਰਪ੍ਰੀਤ ਸਿੰਘ ਜਵੰਦਾ