ਨਿੱਕਾ ਹੁੰਦਾ ਮੈਂ ਮੇਰੇ ਦਾਦਾ ਜੀ ਨਾਲ ਮੇਰੇ ਪਾਪਾ ਜੀ ਦੀ ਭੂਆ ਭਗਵਾਨ ਕੌਰ ਦੀ ਲੜਕੀ ਦੀ ਸ਼ਾਦੀ ਤੇ ਰਾਮਾਂ ਮੰਡੀ ਗਿਆ। ਵੈਸੇ ਉਹ ਰਾਮਾਂ ਮੰਡੀ ਦੇ ਨੇੜੇ ਪਿੰਡ ਗਿਆਨਾ ਰਹਿੰਦੇ ਸਨ। ਗਿਆਨੇ ਤੋਂ ਸਿਰਫ ਵਿਆਹ ਕਰਨ ਲਈ ਉਹ ਰਾਮਾਂ ਮੰਡੀ ਆਏ ਸਨ। ਇੱਕ ਮਹੀਨੇ ਲਈ ਕੋਈ ਮਕਾਨ ਕਿਰਾਏ ਤੇ ਲਿਆ ਸੀ। ਜਿਸ ਦਿਨ ਅਸੀਂ ਗਏ ਉਸ ਦਿਨ ਘਰੇ ਹਲਵਾਈ ਬੈਠਾ ਹੋਇਆ ਸੀ। ਵਿਆਹ ਵਾਲੀ ਲੜਕੀ ਮੇਰੇ ਦਾਦਾ ਜੀ ਦੀ ਭਾਣਜੀ ਲਗਦੀ ਸੀ ਤੇ ਦਾਦਾ ਜੀ ਨੇ ਸੈਂਤ ਦੀ ਰਸਮ ਕਰਾਉਣੀ ਸੀ ਇਸ ਲਈ ਅਸੀਂ ਸੁਵੱਖਤੇ ਹੀ ਰਾਮਾਂ ਮੰਡੀ ਪਹੁੰਚ ਗਏ ਸੀ। ਮੇਰੀ ਓਹਨਾ ਨਾਲ ਬਹੁਤੀ ਜਾਣ ਪਹਿਚਾਣ ਨਹੀਂ ਸੀ ਪਰ ਉਹਨਾਂ ਦੀ ਵੱਡੀ ਬੇਟੀ ਦਾ ਮੁੰਡਾ ਮੇਰਾ ਹਮ ਉਮਰ ਸੀ । ਉਸਦੇ ਨਾਨਕੇ ਸਨ ਉਹ ਪਰਿਵਾਰ। ਉਹ ਸਾਰਿਆਂ ਦਾ ਲਾਡਲਾ ਵੀ ਸੀ ਤੇ ਪਰਿਵਾਰ ਦੇ ਨਿੱਕੇ ਮੋਟੇ ਕੰਮ ਵੀ ਕਰਦਾ ਸੀ। ਦਿਨੇ ਅਸੀਂ ਦੋਨਾਂ ਨੇ ਖੂਬ ਖੜਮਸਤੀ ਕੀਤੀ। ਵਿਆਹ ਲਈ ਇੱਕਠੇ ਕੀਤੇ ਬਿਸਤਰਿਆਂ ਤੇ ਵਾਹਵਾ ਛਾਲਾਂ ਮਾਰੀਆਂ। ਸ਼ਾਮੀ ਕੋਈ ਅੱਠ ਕ਼ੁ ਵਜੇ ਹਲਵਾਈ ਨੇ ਕੋਈ ਚੀਜ਼ ਬਜ਼ਾਰੋਂ ਮੰਗਵਾਉਣ ਦਾ ਫਰਮਾਨ ਜਾਰੀ ਕਰ ਦਿੱਤਾ। ਪਾਪਾ ਜੀ ਦੇ ਫੁਫੜ ਜੋ ਕਾਫੀ ਬਜ਼ੁਰਗ ਸਨ ਨੇ ਪੈਸੇ ਦੇ ਕੇ ਆਪਣੇ ਦੋਹਤੇ ਨੂੰ ਜੋ ਮੇਰਾ ਪਾਗੀ ਸੀ ਨੂੰ ਬਜ਼ਾਰ ਭੇਜ ਦਿੱਤਾ। ਉਹ ਮੈਨੂੰ ਵੀ ਨਾਲ ਲੈ ਗਿਆ। ਅਸੀਂ ਰੇਲਵੇ ਲਾਈਨ ਟੱਪ ਕੇ ਬਜ਼ਾਰੋਂ ਸਮਾਨ ਲੈ ਆਏ। ਰਸਤੇ ਵਿੱਚ ਰਾਮਲੀਲਾ ਚੱਲ ਰਹੀ ਸੀ। ਉਸ ਵਿੱਚ ਕੋਈ ਲੜਾਈ ਦਾ ਸੀਨ ਸੀ। ਤੇ ਹਨੂਮਾਨ ਜੀ ਦਾ ਕਿਰਦਾਰ ਨਿਭਾਉਣ ਵਾਲਾ ਸਖਸ਼ ਵੀ ਕਾਫੀ ਟਪੂਸੀਆਂ ਮਾਰ ਰਿਹਾ ਸੀ। ਸੀਨ ਥੋੜਾ ਲੰਬਾ ਚੱਲਿਆ ਤੇ ਪੂਰਾ ਸੀਨ ਵੇਖ ਕੇ ਅਸੀਂ ਘਰ ਆ ਗਏ। ਆਉਂਦਿਆਂ ਨੇ ਵੇਖਿਆ ਕਿ ਘਰੇ ਸਾਨੂੰ ਦੋਹਾਂ ਨੂੰ ਲੈ ਕੇ ਕਾਫੀ ਰੌਲਾ ਪਿਆ ਹੋਇਆ ਸੀ। ਸਾਰੇ ਸਾਡੇ ਲੇਟ ਆਉਣ ਤੋਂ ਪ੍ਰੇਸ਼ਾਨ ਸਨ। ਹਲਵਾਈ ਨੇ ਵੀ ਖੂਬ ਬਲਦੀ ਤੇ ਤੇਲ ਪਾਇਆ ਹੋਇਆ ਸੀ। ਘਰੇ ਵੜ੍ਹਦੇ ਸਾਰ ਪੁੱਛ ਪੜਤਾਲ ਸ਼ੁਰੂ ਹੋ ਗਈ। ਫਿਰ ਗਾਲ਼ਾਂ ਦੀ ਬੁਛਾੜ ਤੇ ਫਿਰ ਨਾਨੇ ਦਾ ਡੰਡਾ ਦੋਹਤੇ ਤੇ ਵਰ੍ਹਨ ਲੱਗਿਆ। ਦੋਹਤਾ ਰਾਮਲੀਲਾ ਵਿਚਲੇ ਉਸ ਹਨੂਮਾਨ ਜੀ ਦੇ ਪਾਤਰ ਵਾਂਗੂ ਟਪੂਸੀਆਂ ਮਾਰੇ ਪਰ ਨਾਨਾ ਜੀ ਦਾ ਗ਼ੁੱਸਾ ਸਿਖਰ ਤੇ ਸੀ। ਭਾਵੇਂ ਇਸ ਦਾ ਮੈਂ ਵੀ ਸਹਿ ਦੋਸ਼ੀ ਸੀ ਪਰ ਮੈਨੂੰ ਮੇਰੇ ਦਾਦਾ ਜੀ ਨੇ ਵੀ ਕੁਝ ਨਹੀਂ ਆਖਿਆ। ਸ਼ਰਮਿੰਦਗੀ ਮੈਨੂੰ ਵੀ ਆ ਰਹੀ ਦੀ ਪਰ ਓਹ ਉਮਰ ਤਾਂ ਬੇ ਸ਼ਰਮੀ ਵਾਲੀ ਸੀ। ਮੇਰਾ ਚਿਹਰਾ ਉਤਰਿਆ ਹੋਇਆ ਸੀ । ਉਸ ਵਿਚਾਰੇ ਨੂੰ ਕਿਸੇ ਨਾ ਛੁਡਾਇਆ। ਨਾਨਕੇ ਜਿਥੋਂ ਅਕਸਰ ਹੀ ਪਿਆਰ ਮਿਲਦਾ ਹੁੰਦਾ ਹੈ ਕੁੱਟ ਦਾ ਪ੍ਰਸ਼ਾਦ ਮਿਲਦਾ ਪਹਿਲੀ ਵਾਰੀ ਦੇਖਿਆ ਸੀ। ਉਸ ਵਿਆਹ ਦਾ ਆਹੀ ਸੀਨ ਯਾਦਗਾਰੀ ਸੀ।
#ਰਮੇਸ਼ਸੇਠੀਬਾਦਲ