ਅੱਜ ਧੁੱਪ ਬਹੁਤ ਉਦਾਸ ਸੀ । ਪਤਝੜ ਦੇ ਮਹੀਨੇ ਹਰ ਚਿਹਰਾ ਫੁੱਲ ਦੀ ਤਰ੍ਹਾਂ ਮੁਰਝਾਇਆ ਹੋਇਆ ਸੀ । ਕਿਤੇ ਲਾਵਾਰਿਸ ਅੱਖਾਂ ਵਿੱਚੋਂ ਬੇਵਸੀ ਦੇ ਹੰਝੂ ਧਰਤੀ ਨੂੰ ਸਿੰਜ ਰਹੇ ਸੀ ਤੇ ਕਿਤੇ ਧੁਰ ਅੰਦਰੋਂ ਨਿਕਲ ਦੀ ਚੀਸ ਕਾਲਜੇ ਨੂੰ ਛੂਹ ਰਹੀ ਸੀ । ਨਾ ਉਮੀਦ ਸੀ ਆਪਣੇ ਪੁੱਤਾਂ ਨੂੰ ਲੱਭਣ ਦੀ ਇਹ ਰੁੱਤ ਦਾ ਸਫਰ ਘਰੋਂ ਘਰੀਂ ਜਾਰੀ ਸੀ । ” ਜੇ ਮੇਰੇ ਪੁੱਤ ਨੇ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਨਾ ਆਖਿਆ ਹੁੰਦਾ ਕੀ ਆਪਾਂ ਇਸ ਤਰ੍ਹਾਂ ਕਦੇ ਮਿਲਣਾ ਸੀ ”, ਇੱਕ ਲਾਵਾਰਿਸ ਮਾਂ ਨੇ ਸਿਰ ਉੱਪਰ ਲਈ ਮੈਲੀ ਜਿਹੀ ਚੁੰਨੀ ਦੇ ਲੜ ਨਾਲੋਂ ਆਪਣੇ ਬੇਕਸੂਰ ਮੋਏ ਹੋਏ ਪੁੱਤ ਦੀ ਫੋਟੋ ਨੂੰ ਸਾਫ ਕਰਦਿਆਂ ਉਹਨੇ ਆਪਣੇ ਹੰਝੂ ਮੇਰੇ ਅੱਗੇ ਸਾਉਣ ਦੇ ਮਹੀਨੇ ਵਾਂਗ ਵਹਾਅ ਦਿੱਤੇ ।” ਹਰ ਪਾਸੇ ਡਰ ਸੀ , ਪੁਲਿਸ ਪੀਲੇ ਪਟਕੇ ਵਾਲੇ ਸਿੱਖ ਜਵਾਨ ਪੁੱਤਰਾਂ ਨੂੰ ਅਕਾਰਣ ਹੀ ਚੱਕ ਕੇ ਲੈ ਜਾਂਦੀ । ਫਿਰ ਪੁੱਤ ਨਹੀਂ ਲਾਸ਼ਾਂ ਹੀ ਥਿਆਉਂਦੀਆਂ । ਲਾਵਾਰਿਸ ਆਖਕੇ ਪੁਲਿਸ ਆਪ ਹੀ ਲਾਂਬੂ ਲਾ ਦਿੰਦੀ । ਮਾਵਾਂ ਨੂੰ ਕਹਿ ਜਾਂਦੇ ਮਾਂ ਮੈ ਆਇਆ ਤੂੰ ਅੱਜ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਬਣਾ ਲਈ । ” ਚੁੱਲਿਆਂ ਤੇ ਧਰਿਆ ਸਾਗ ਪੱਕੀਆਂ ਮੱਕੀ ਦੀਆਂ ਰੋਟੀਆਂ ਅੱਜ ਵੀ ਉਹਨਾਂ ਨੂੰ ਉਡੀਕਦੀਆਂ ਨੇ ।” ਕੰਬਦੀਆਂ ਰੂਹਾਂ ਦੇ ਅਣਮੂਲੇ ਹੰਝੂ ਇੱਕ ਇੱਕ ਕਰਕੇ ਬਿੱਖਰ ਗਏ ।” ਪੀੜ ਪੀੜ ਹੋਏ ਜਿਸਮਾਂ ਦੀ ਚਸਕ ਪਤਾ ਨੀ ਅਜੇ ਕਦੋ ਮੁੱਕਣੀ ਏ ?” ਅੱਜ ਵੀ ਉਹ ਸੀਨ ਮੇਰੀਆਂ ਅੱਖਾਂ ਮੂਹਰੇ ਸ਼ੀਸ਼ੇ ਵਾਂਗ ਚਮਕ ਰਹੇ ਹਨ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ