ਸੁਵੇਰੇ ਪਿੱਛੇ ਆਉਂਦੇ ਇੱਕ ਗੋਰੇ ਵੀਰ ਨੇ ਉੱਚੀ ਸਾਰੀ ਹਾਰਨ ਮਾਰ ਦਿੱਤਾ..ਸ਼ਾਇਦ ਹਰੀ ਬੱਤੀ ਤੇ ਗੱਡੀ ਤੋਰਦਿਆਂ ਮੈਨੂੰ ਕੁਝ ਸਕਿੰਟ ਵੱਧ ਲਗ ਗਏ ਸਨ..ਕਰਮਾਂ ਵਾਲੇ ਨੇ ਇਥੇ ਹੀ ਬੱਸ ਨਹੀਂ ਕੀਤੀ..ਗੱਡੀ ਮੇਰੇ ਬਰੋਬਰ ਕਰਕੇ ਕੁਝ ਆਖ ਕੇ ਵੀ ਗਿਆ..ਜਰੂਰ ਮੰਦੀ ਗੱਲ ਹੀ ਆਖੀ ਹੋਣੀ..ਖੈਰ ਆਈ ਗਈ ਕਰ ਦਿੱਤੀ..!
ਫੇਰ ਮੈਕਡੋਨਲ ਦੇ ਡਰਾਈਵ ਥਰੂ ਤੇ ਕੌਫੀ ਲੈਣ ਲਾਈਨ ਵਿਚ ਲੱਗ ਗਿਆ..ਪੈਸੇ ਦੇਣ ਲੱਗਾ ਤਾਂ ਕੁੜੀ ਆਖਣ ਲੱਗੀ ਅਗਲੀ ਗੱਡੀ ਵਾਲੀ ਮੇਮ ਪੇ ਕਰ ਗਈ..ਨਾਲੇ ਮੈਰੀ-ਕ੍ਰਿਸਮਿਸ ਵੀ ਆਖਦੀ ਸੀ..!
ਦੋਵੇਂ ਵਰਤਾਰੇ ਅੱਗੜ ਪਿੱਛੜ ਵਾਪਰੇ..ਦੁਨੀਆ ਵਿਚ ਦੋ ਤਰਾਂ ਦੇ ਲੋਕ ਹੁੰਦੇ..ਕੁਝ ਬਿਨਾ ਵਜਾ ਲੜਾਈ ਝਗੜੇ ਦਾ ਬਹਾਨਾ ਲੱਭਦੇ ਹੋਏ ਤੇ ਕੁਝ ਠੰਡੀ ਹਵਾ ਦੇ ਬੁੱਲੇ ਵਰਗੇ..!
ਅਕਸਰ ਪਹਿਲੇ ਪਾਤਰ ਵਾਸਤੇ ਬਦ-ਦੁਆਵਾਂ ਤੇ ਦੂਜੇ ਲਈ ਦੁਆਵਾਂ ਨਿੱਕਲਦੀਆਂ..ਪਰ ਬਜ਼ੁਰਗ ਆਖਿਆ ਕਰਦੇ ਸਨ..ਸਭ ਤੋਂ ਵੱਧ ਦੁਆਵਾਂ ਦੀ ਲੋੜ ਪਹਿਲੇ ਵਰਗ ਨੂੰ ਹੁੰਦੀ ਏ..ਹਾਲਾਤਾਂ ਦੇ ਸਤਾਏ ਹੋਏ ਜੂ ਹੁੰਦੇ..!
ਪਰ ਇਹਨਾਂ ਨੂੰ ਅਸੀਸਾਂ ਦੇਣ ਲਈ ਮਾਨਸਿਕ ਤੌਰ ਤੇ ਹਿਮਾਲਿਆ ਪਰਬਤ ਹੋਣਾ ਪੈਂਦਾ..ਜੋ ਹਰੇਕ ਦੇ ਵੱਸ ਦੀ ਗੱਲ ਨਹੀਂ!
ਹਰਪ੍ਰੀਤ ਸਿੰਘ ਜਵੰਦਾ