“ਬੀਬੀ ਮੇਰੀ ਸਿਆਹੀ ਡੁਲ੍ਹ ਗਈ।” ਸ਼ਾਇਦ ਉਸ ਦਿਨ ਮੇਰੇ ਛਿਮਾਹੀ ਪੇਪਰ ਸੀ ਤੇ ਮੈਂ ਦੋ ਟਿੱਕੀਆਂ ਪਾਕੇ ਪੇਪਰਾਂ ਲਈ ਉਚੇਚੀ ਗਾੜ੍ਹੀ ਗਾੜ੍ਹੀ ਸਿਆਹੀ ਤਿਆਰ ਕੀਤੀ ਸੀ। ਸਿਆਹੀ ਨਾਲ ਮੇਰਾ ਕੁੜਤਾ ਹੱਥ ਤੇ ਬਸਤਾ ਵੀ ਲਿਬੜ ਗਿਆ ਸੀ।
“ਕੋਈਂ ਣੀ ਪੁੱਤ ਸਿਆਹੀ ਡੁੱਲ੍ਹੀ ਚੰਗੀ ਹੁੰਦੀ ਹੈ। ਪਾਸ ਹੋ ਜਾਂਦੇ ਹਨ।” ਮੇਰੀ ਮਾਂ ਜਿਸ ਨੂੰ ਅਸੀਂ ਬੀਬੀ ਆਖਦੇ ਸੀ, ਨੇ ਮੈਨੂੰ ਹੌਸਲਾ ਦਿੰਦੇ ਹੋਏ ਕਿਹਾ। ਤੇ ਝੱਟ ਹੀ ਮੈਨੂੰ ਬਦਲਣ ਲਈ ਦੂਸਰਾ ਝੱਗਾ ਦੇ ਦਿੱਤਾ। ਮੇਰੀਆਂ ਕਾਪੀਆਂ ਕਿਤਾਬਾਂ, ਵਾਲਾ ਬਸਤਾ ਵੀ ਬਦਲ ਦਿੱਤਾ। ਮੈਂ ਝੱਟ ਹੀ ਦੁਕਾਨ ਤੋਂ ਦੋ ਸਿਆਹੀ ਦੀਆਂ ਟਿੱਕੀਆਂ ਹੋਰ ਲ਼ੈ ਆਇਆ। ਭਾਵੇਂ ਉਸ ਦਵਾਤ ਲਈ ਇੱਕ ਟਿੱਕੀ ਹੀ ਕਾਫੀ ਸੀ ਪਰ ਮੈਂ ਗੂੜ੍ਹੀ ਸਿਆਹੀ ਨਾਲ ਪੇਪਰ ਕਰਨਾ ਚਾਹੁੰਦਾ ਸੀ। ਓਦੋਂ ਪੇਪਰਾਂ ਦਾ ਵੀ ਚਾਅ ਹੁੰਦਾ ਸੀ। ਹੁਣ ਤੇ ਜਿੰਦਗੀ ਵੀ ਨਿੱਤ ਇਮਤਿਹਾਨ ਲੈਂਦੀ ਹੈ।
ਪਤਾ ਨਹੀਂ ਕਿਉਂ ਪੇਪਰਾਂ ਵੇਲੇ ਸਿਆਹੀ ਡੁੱਲ੍ਹਣ ਤੇ ਮਰੀਜ ਦੀ ਦਵਾਈ ਡੁੱਲ੍ਹਣ ਯ ਡਿੱਗਣ ਨੂੰ ‘ਚੰਗਾ ਹੁੰਦਾ ਹੈ।’ ਕਿਹਾ ਜਾਂਦਾ ਸੀ। ਕੱਚ ਦੀਆਂ ਦਵਾਤਾਂ, ਅਕਸਰ ਟੁੱਟ ਜਾਂਦੀਆਂ ਯ ਲੀਕ ਕਰ ਜਾਂਦੀਆਂ। ਫੱਟੀ ਲਿਖਣ ਲਈ ਕਾਲੀ ਸਿਆਹੀ ਦੀ ਪੁੜੀ ਹੁੰਦੀ ਸੀ। ਲੋਹੇ ਦੀ ਦਵਾਤ ਉਪਰ ਰਬੜ ਦਾ ਢੱਕਣ ਵੀ ਖੁੱਲ੍ਹ ਹੀ ਜਾਂਦਾ। ਕਲਮ ਕਾਨੀ ਯ ਹੋਲਡਰ ਨਾਲ ਲਿਖਦੇ। ਬਾਕੀ ਰਫ ਕੰਮ ਲਈ ਸਲੇਟ ਤੇ ਸਲੇਟੀ ਜਿਸ ਨੂੰ ਬਰਤਾ ਵੀ ਕਹਿੰਦੇ ਸਨ। ਗੱਲ ਸਿਆਹੀ ਦੇ ਡੁੱਲ੍ਹਣ ਦੀ ਸੀ। ਇਹ ਚੰਗਾ ਕਿਵੇ ਹੋਇਆ?
ਸ਼ਾਇਦ ਇਹ ਪ੍ਰੀਖਿਆਰਥੀ ਤੇ ਮਰੀਜ ਨੂੰ ਪੋਜ਼ਿਟਿਵਿਟੀ ਦੇਣ ਲਈ ਕਿਹਾ ਜਾਂਦਾ ਸੀ। ਇੱਕ ਸਕਾਰਾਤਮਕ ਸੋਚ ਦੇਣ ਵਾਲੇ ਲਫ਼ਜ਼ ਹੁੰਦੇ ਸਨ ਇਹ। ਮਤੇ ਸਿਆਹੀ ਯ ਦਵਾਈ ਦੇ ਡੁੱਲ੍ਹਣ ਤੇ ਕੋਈਂ ਹੌਸਲਾ ਨਾ ਹਾਰ ਜਾਵੇ। ਇਸ ਤਰਾਂ ਦੇ ਹੌਸਲੇ ਤੋਂ ਬਿਨਾਂ ਮਰੀਜ਼ ਕਦੇ ਠੀਕ ਨਹੀਂ ਹੋਵੇਗਾ ਤੇ ਪ੍ਰੀਖਿਆਰਥੀ ਕਦੇ ਵੀ ਆਪਣੀ ਪ੍ਰੀਖਿਆ ਠੀਕ ਢੰਗ ਨਾਲ ਨਹੀਂ ਦੇ ਸਕੇਗਾ।
ਅੱਜ ਦੇ ਯੁੱਗ ਵਿੱਚ ਇਹਨਾਂ ਗੱਲਾਂ ਨੂੰ ਵਹਿਮ ਆਖਿਆ ਜਾਂਦਾ ਹੈ। ਪਰ ਇਹ ਅਖੌਤੀ ਵਹਿਮ ਵੀ ਕਿਸੇ ਨਾ ਕਿਸੇ ਤਰਕ ਤੇ ਅਧਾਰਿਤ ਹੁੰਦੇ ਸਨ। ਇਹਨਾਂ ਦੇ ਅੰਦਰ ਕੋਈਂ ਰਾਜ ਛਿਪਿਆ ਹੁੰਦਾ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ