ਮਾਸਟਰ ਜ਼ੋਰਾ ਸਿੰਘ ਦਾ ਜ਼ੋਰ | master zora singh da jor

“ਇਹਨੂੰ ਮੈਂ ਬਣਾਊਂ ਡੀਸੀ, ਵੇਖੀ ਜਾਇਓ।” ਇਹ ਸ਼ਬਦ ਸਾਡੇ ਅੰਗਰੇਜ਼ੀ ਵਾਲੇ ਤੇ ਕਲਾਸ ਇੰਚਾਰਜ ਮਾਸਟਰ ਜ਼ੋਰਾ ਸਿੰਘ ਜੀ ਨੇ ਮੇਰੇ ਪਾਪਾ ਜੀ ਨੂੰ ਓਦੋਂ ਕਹੇ ਜਦੋਂ ਉਹ ਸਾਰੇ ਆਥਣੇ ਜਿਹੇ ਸਕੂਲ ਹੈਡਮਾਸਟਰ ਸ੍ਰੀ ਗੁਰਚਰਨ ਸਿੰਘ ਮੁਸਾਫ਼ਿਰ ਦੀ ਚੁਬਾਰੀ ਵਿੱਚ ਬੈਠੇ ਕੈਮੀਕਲ ਯੁਕਤ ਤਰਲ ਪਦਾਰਥ ਦਾ ਸੇਵਨ ਕਰ ਰਹੇ ਸਨ। ਉਸ ਮਹਿਫ਼ਿਲ ਵਿੱਚ ਮਾਸਟਰ ਜ਼ੋਰਾ ਸਿੰਘ ਦੇ ਛੋਟੇ ਭਰਾ ਮਾਸਟਰ ਗੁਰਲਾਭ ਸਿੰਘ ਵੀ ਹਾਜਰ ਸਨ ਉਹ ਵੀ ਸਾਡੇ ਸਕੂਲ ਵਿੱਚ ਹੀ ਪੜ੍ਹਾਉਂਦੇ ਸਨ। ਮੇਰਾ ਨਿੱਕ ਨੇਮ ਡੀਸੀ ਸੀ ਤੇ ਇਸਤੋਂ ਇਹ ਕਹਾਣੀ ਸ਼ੁਰੂ ਹੋਈ ਸੀ।
“ਤੂੰ ਮੇਰੇ ਮੁੰਡੇ ਨੂੰ ਹੱਥ ਤਾਂ ਲਾਕੇ ਵਿਖਾਈ।” ਪਾਪਾ ਜੀ ਮਾਸਟਰ ਜ਼ੋਰਾ ਸਿੰਘ ਦੀ ਗੱਲ ਦਾ ਉਲਟਾ ਮਤਲਬ ਲ਼ੈ ਗਏ। ਤਰਲ ਪਦਾਰਥ ਦੇ ਦਬਾਬ ਹੇਠ ਉਹਨਾਂ ਦੀ ਵਾਹਵਾ ਤਕਰਾਰ ਹੋਈ। ਮਾਸਟਰ ਜ਼ੋਰਾ ਸਿੰਘ ਤੇ ਗੁਰਲਾਭ ਸਿੰਘ ਪਿੰਡ ਭੀਟੀ ਵਾਲਾ ਦੇ ਰਹਿਣ ਵਾਲੇ ਸਨ ਤੇ ਦੋਨੇ ਭਰਾ ਦੁਗ ਦੁਗ ਕਰਦੇ ਬੁਲ੍ਹੇਟ ਤੇ ਸਰਕਾਰੀ ਸਕੂਲ ਘੁਮਿਆਰੇ ਆਉਂਦੇ। ਇਹ ਦੋਵੇ ਭਰਾ ਅੰਗਰੇਜ਼ੀ ਦੇ ਅਧਿਆਪਕ ਸਨ ਤੇ ਬਹੁਤ ਮਹਿਨਤੀ ਸਨ। ਹੱਥ ਦੋਵਾਂ ਭਰਾਵਾਂ ਦਾ ਹੀ ਭਾਰਾ ਸੀ। ਸੰਨੀ ਦਿਓਲ ਵਾੰਗੂ ਢਾਈ ਕਿਲੋਂ ਦਾ। ਖੈਰ ਅਗਲੇ ਦਿਨ ਪਾਪਾ ਜੀ ਨੇ ਮੈਨੂੰ ਰਾਤ ਦੀ ਵਾਰਤਾ ਸੁਣਾਈ ਤੇ ਭਵਿੱਖ ਲਈ ਸੁਚੇਤ ਰਹਿਣ ਦੀ ਨਸੀਅਤ ਵੀ। ਮੈਨੂੰ ਅੰਗਰੇਜ਼ੀ ਵਿੱਚ ਖੂਬ ਮੇਹਨਤ ਕਰਨ ਦੀ ਤਾਕੀਦ ਕੀਤੀ ਤਾਂ ਕਿ ਮਾਸਟਰ ਜ਼ੋਰਾ ਸਿੰਘ ਨੂੰ ਮੇਰੇ ਤੇ ਹੱਥ ਹੋਲਾ ਕਰਨ ਦਾ ਕੋਈਂ ਬਹਾਨਾ ਨਾ ਮਿਲੇ। ਛੇਵੀਂ ਜਮਾਤ ਸੀ ਮੇਰੀ ਫਾਰਮਾਂ ਤੇ ਡਿਗਰੀਆਂ ਲੈਸਨ ਟ੍ਰਾੰਸਲੇਸ਼ਨ ਬਹੁਤ ਕੁਝ ਸੀ ਮਾਸਟਰ ਜੀ ਕੋਲ੍ਹ ਮੈਨੂੰ ਫਸਾਉਣ ਲਈ। ਅਸਲ ਵਿੱਚ ਹੈਡਮਾਸਟਰ ਸਾਹਿਬ ਨਾਲ ਲਿਹਾਜ ਹੋਣ ਕਰਕੇ ਮੈਂ ਦੂਸਰੇ ਅਧਿਆਪਕਾਂ ਦਾ ਵੀ ਲਾਡਲਾ ਸੀ। ਉਤਲੀ ਹਵਾ ਵਿੱਚ ਰਹਿੰਦਾ ਸੀ ਤੇ ਬਹਾਨੇਬਾਜ਼ ਵੀ ਬਣ ਗਿਆ ਸੀ। ਪੜ੍ਹਾਈ ਵਿੱਚ ਵੀ ਮੇਰਾ ਗ੍ਰਾਫ ਥੱਲ੍ਹੇ ਨੂੰ ਜਾ ਰਿਹਾ ਸੀ। ਜੋ ਮਾਸਟਰ ਜ਼ੋਰਾ ਸਿੰਘ ਨਹੀਂ ਚਾਹੁੰਦੇ।
ਅਗਲੇ ਦਿਨ ਤੋਂ ਹੀ ਮੇਰਾ ਕੋਰਟ ਮਾਰਸ਼ਲ ਸ਼ੁਰੂ ਹੋ ਗਿਆ। ਮਾਸਟਰ ਜੀ ਉੱਨੀ ਦੇਰ ਮੈਥੋਂ ਹੀ ਸੁਣਦੇ ਜਿੰਨੀ ਦੇਰ ਮੈਂ ਗਲਤ ਨਾ ਹੁੰਦਾ। ਫਿਰ ਉਹ ਸਜ਼ਾ ਲਈ ਹਰ ਤਰੀਕਾ ਅਪਣਾਉਂਦੇ। ਮੇਰੇ ਕੋਲ੍ਹ ਪੜ੍ਹਨ ਤੋਂ ਇਲਾਵਾ ਕੋਈਂ ਅਪੀਲ ਦਲੀਲ ਨਹੀਂ ਸੀ ਹੁੰਦੀ। ਸਰੀਰਕ ਸਜ਼ਾ ਮੇਰੀ ਪੱਕੀ ਸੀ। ਜਿਸ ਦਿਨ ਮਾਸਟਰ ਜੀ ਛੁੱਟੀ ਤੇ ਹੁੰਦੇ ਯ ਮੈਂ ਗੈਰਹਾਜਰ ਹੁੰਦਾ, ਬੱਸ ਉਸੇ ਦਿਨ ਹੀ ਨਾਗਾ ਪੈਂਦਾ ਸੀ।
“ਹਾਂ ਵੀ ਡੀਸੀ ਸਾਬ ਖੋਲ੍ਹ ਬਾਰਾਂ ਨੰਬਰ ਚੌਥੀ ਲਾਈਨ ਤੋਂ ਸ਼ੁਰੂ ਹੋਜਾ।” ਆਉਣਸਾਰ ਮਾਸਟਰ ਜੀ ਮੈਨੂੰ ਹੀ ਖੜ੍ਹਾ ਕਰਦੇ। ਕਦੇ ਫਾਰਮਾਂ ਸੁਣਨੀਆਂ ਸ਼ੁਰੂ ਕਰ ਦਿੰਦੇ। ਤੇ ਫਿਰ ਪ੍ਰਸ਼ਾਦ ਮਿਲਣਾ ਲਾਜ਼ਮੀ ਹੁੰਦਾ ਸੀ।
ਇਹ ਰੰਗਾਰਗ ਪ੍ਰੋਗਰਾਮ ਕੋਈਂ ਅੱਠ ਦਸ ਮਹੀਨੇ ਚੱਲਿਆ ਤੇ ਓੰਨੇ ਨੂੰ ਮੈਂ ਤੱਕਲੇ ਵਰਗਾ ਸਿੱਧਾ ਹੋ ਗਿਆ ਸੀ। ਫਿਰ ਮੈਂ ਕਦੇ ਅੰਗਰੇਜ਼ੀ ਚੋ ਮਾਰ ਨਾ ਖਾਧੀ।
ਫਿਰ ਕਾਫੀ ਸਾਲਾਂ ਬਾਅਦ ਮਾਸਟਰ
ਜ਼ੋਰਾ ਸਿੰਘ ਜੀ ਨੇ ਸ਼ਾਇਦ ਆਪਣੀ ਦੋਹਤੀ ਦਾ ਬਾਦਲ ਸਕੂਲ ਵਿੱਚ ਦਾਖਿਲਾ ਕਰਵਾਇਆ। ਉਹ ਅਕਸਰ ਉਸਨੂੰ ਮਿਲਣ ਆਉਂਦੇ। ਮੈਂ ਉਠਕੇ ਉਹਨਾਂ ਨੂੰ ਪੈਰੀਂ ਪੈਣਾ ਕਰਦਾ। ਉਹ ਮੇਰੇ ਦਫਤਰ ਵਿੱਚ ਹੀ ਬੈਠਦੇ।
ਹਾਂ ਵੀ ਸੇਠੀ ਸਾਹਿਬ। ਕੀ ਹਾਲ ਹੈ। ਉਹ ਆਉਂਦੇ ਹੀ ਪੁੱਛਦੇ। ਉਹ ਮੇਰੇ ਤੇ ਮਾਣ ਮਹਿਸੂਸ ਕਰਦੇ। ਮੈਨੂੰ ਵੀ ਬਹੁਤ ਚੰਗੇ ਲੱਗਦੇ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *