ਓਹਨਾ ਵੇਲਿਆਂ ਵਿਚ ਡੱਬਵਾਲੀ ਚ ਕੋਈ ਗੈਸ ਏਜੈਂਸੀ ਨਹੀਂ ਸੀ ਹੁੰਦੀ।ਦੀਵਾਲੀ ਵਾਲੇ ਦਿਨ ਸਾਡਾ ਇੱਕ ਅੰਕਲ ਜੋ ਸੇਠੀ ਸੀ ਤੇ ਸਤਸੰਗਿ ਭਰਾ ਵੀ ਸੀ ਅਤੇ ਟਰੱਕਾਂ ਦਾ ਕੰਮ ਕਰਦਾ ਸੀ ਸਾਨੂੰ ਇੱਕ ਗੈਸ ਸਿਲੰਡਰ ਤੇ ਚੁੱਲ੍ਹਾ ਦੇ ਗਿਆ। ਜੋ ਉਹ ਸਾਡੇ ਲਈ ਦਿੱਲੀ ਤੋਂ ਲਿਆਇਆ ਸੀ। ਸਾਡੇ ਘਰੇ ਉਸਦਾ ਕਾਫੀ ਆਉਣ ਜਾਣ ਸੀ। ਉਸਨੂੰ ਲੱਗਿਆ ਕਿ ਇਹ੍ਹਨਾਂ ਘਰੇ ਗੈਸ ਵਾਲਾ ਚੁੱਲ੍ਹਾ ਜਰੂਰ ਹੋਣਾ ਚਾਹੀਦਾ ਹੈ। ਆਪਣੇ ਹਿਸਾਬ ਨਾਲ ਤਾਂ ਉਸਨੇ ਸਾਡਾ ਭਲਾ ਕੀਤਾ ਅਤੇ ਲਿਹਾਜੀ ਹੋਣ ਦਾ ਸਬੂਤ ਦਿੱਤਾ। ਪਰ ਸਾਡੇ ਲਈ ਨਵਾਂ ਟੈਂਟਾਂ ਖੜਾ ਕਰ ਦਿੱਤਾ। ਹਰ ਵਾਰ ਸਿਲੰਡਰ ਦਾ ਇੰਤਜ਼ਾਮ ਕਰਨਾ ਸੌਖਾ ਨਹੀਂ ਸੀ। ਸਿਲੰਡਰ ਬਲੈਕ ਤੇ ਵੀ ਨਹੀਂ ਸੀ ਮਿਲਦਾ। ਅਸੀਂ ਆਪਣੀ ਕਾਰ ਤੇ ਜਿੱਥੇ ਵੀ ਜਾਂਦੇ ਖਾਲੀ ਸਿਲੰਡਰ ਨਾਲ਼ ਰੱਖ ਲੈਂਦੇ। ਫਿਰ ਜਿਥੋਂ ਵੀ ਮਿਲਦਾ ਜਿਵੇ ਵੀ ਮਿਲਦਾ ਸਿਲੰਡਰ ਜਰੂਰ ਲੈ ਲੈਂਦੇ। ਅਸੀਂ ਬਠਿੰਡੇ ਸਰਸੇ ਫਤੇਹਾਬਾਦ ਦਿੱਲੀ ਸੰਗਰੀਆਂ ਦਾ ਕੋਈ ਰਿਸ਼ਤੇਦਾਰ ਨਹੀਂ ਛੱਡਿਆ ਜਿਸ ਤੋਂ ਅਸੀਂ ਸਿਲੰਡਰ ਨਾ ਮੰਗਿਆ ਹੋਵੇ। ਸਟੋਵ ਚੁੱਲ੍ਹਾ ਛੁੱਟ ਚੁੱਕਾ ਸੀ।
ਇੱਕ ਵਾਰੀ ਅਸੀਂ ਬਠਿੰਡੇ ਜ਼ਾ ਰਹੇ ਸੀ। ਰਸਤੇ ਵਿਚ ਇੱਕ ਰਿਕਸ਼ੇ ਵਾਲਾ ਸਿਲੰਡਰ ਸਪਲਾਈ ਕਰ ਰਿਹਾ ਸੀ। ਮੈਂ ਉਸਤੋਂ ਬਲੈਕ ਵਿੱਚ ਸਿਲੰਡਰ ਲੈਣ ਦੀ ਕੋਸ਼ਿਸ਼ ਕੀਤੀ ਪਰ ਇਹ ਨਾ ਮੰਨਿਆ। ਉਸਨੇ ਮੈਨੂੰ ਏਜੈਂਸੀ ਤੋਂ ਸਿਲੰਡਰ ਪੁੱਛਣ ਲਈ ਆਖਿਆ। ਮੇਰੇ ਪੁੱਛਣ ਤੇ ਹੀ ਉਸਨੇ ਦੱਸਿਆ ਕਿ ਏਜੈਂਸੀ ਵਿੱਚ ਗੁਰਤੇਜ ਸਿੰਘ ਬੈਠਾ ਹੈ। ਮੈਨੂੰ ਨਹੀਂ ਸੀ ਪਤਾ ਕਿ ਇਹ ਗੁਰਤੇਜ ਸਿੰਘ ਕੌਣ ਹੈ। ਮੈਂ ਏਜੈਂਸੀ ਚਲਾ ਗਿਆ ਜੋ ਨੇੜੇ ਹੀ ਸੀ। ਨਜ਼ਦੀਕ ਜ਼ਾਕੇ ਥੋੜੀ ਉੱਚੀ ਆਵਾਜ਼ ਵਿੱਚ ਪੁੱਛਿਆ ਕਿ ਗੁਰਤੇਜ ਸਿੰਘ ਕਿੱਥੇ ਹੈ। ਜੋ ਪਰਚੀਆਂ ਕੱਟਣ ਵਾਲੇ ਨੇ ਸੁਣ ਲਿਆ ਅਤੇ ਕਹਿੰਦਾ ਜੀ ਮੈਂ ਹੀ ਗੁਰਤੇਜ ਸਿੰਘ ਹਾਂ।ਬੋਲੋ ਜੀ। ਮੈਂ ਉਸ ਨਾਲ ਹੱਥ ਮਿਲਾਇਆ ਤੇ ਦੱਸਿਆ ਕਿ ਮੈਨੂੰ ਨੰਬਰਦਾਰ ਸਾਹਿਬ ਨੇ ਤੁਹਾਡੇ ਕੋਲ ਸਿਲੰਡਰ ਲਈ ਭੇਜਿਆ ਹੈ।
ਕੌਣ ਨੰਬਰਦਾਰ ? ਉਹ ਹੈਰਾਨ ਸੀ।ਉਹ ਕਿਸੇ ਨੰਬਰਦਾਰ ਨੂੰ ਨਹੀਂ ਸੀ ਜਾਣਦਾ। ਮੈਂ ਵੀ ਕਿਸੇ ਨੰਬਰਦਾਰ ਨੂੰ ਨਹੀਂ ਸੀ ਜਾਣਦਾ। ਮੈ ਇੱਕ ਤੜਪੱਲ ਮਾਰਿਆ ਸੀ। ਮੇਰੇ ਜੋਰ ਦੇਣ ਤੇ ਉਹ ਉਸ ਬੇਨਾਮੀ ਨੰਬਰਦਾਰ ਦਾ ਮਾਣ ਰੱਖਦਾ ਹੋਇਆ ਇੱਕ ਸਿਲੰਡਰ ਦੇਣਾ ਹੀ ਨਹੀਂ ਮੰਨਿਆ ਸਗੋਂ ਦੋ ਤਿੰਨ ਸਿਲੰਡਰਾਂ ਦੀ ਆਫ਼ਰ ਦੇ ਦਿੱਤੀ। ਵਾਜਿਬ ਕੀਮਤ ਦੇ ਕੇ ਮੈਂ ਸਿਲੰਡਰ ਆਪਣੀ ਗੱਡੀ ਵਿੱਚ ਰੱਖ ਲਿਆ। ਉਸ ਦੀ ਚਾਹ ਦੀ ਆਫ਼ਰ ਨੂੰ ਫਿਰ ਕਦੇ ਸਹੀ ਕਹਿ ਕੇ ਮੈਂ ਆਪਣੀ ਕਾਰ ਓਥੋਂ ਭਜਾ ਲਈ। ਜਦੋਂ ਇਹ ਗੱਲ ਮੈਂ ਕਾਰ ਵਿੱਚ ਬੈਠੇ ਮੇਰੇ ਪਾਪਾ ਨੂੰ ਦੱਸੀ ਤਾਂ ਉਹ ਬਹੁਤ ਗੁੱਸੇ ਹੋਏ। ਕਹਿੰਦੇ ਬ੍ਲੈਕ ਵਾਲੇ ਦੋ ਤਿੰਨ ਸੌ ਰੁਪਏ ਬਚਾਉਣ ਲਈ ਤੂੰ ਕਿਸੇ ਦਾ ਭਰੋਸਾ ਤੋੜਿਆ ਹੈ। ਪਰ ਉਸ ਸਮੇ ਮੈਨੂੰ ਇਹ ਗਲਤ ਨਹੀਂ ਲੱਗਾ।
ਹੁਣ ਉਹਨਾਂ ਦੀ ਗੱਲ ਸ਼ਹੀ ਲੱਗਦੀ ਹੈ। ਤੇ ਪਛਤਾਵਾ ਵੀ ਹੁੰਦਾ ਹੈ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ
9876627233