ਗੱਲ ਵਾਹਵਾ ਪੁਰਾਣੀ ਹੈ। ਮੈਂ ਤੇ ਮੇਰਾ ਦੋਸਤ ਸ੍ਰੀ ਗੰਗਾਨਗਰ ਉਸਦੇ ਕਿਸੇ ਰਿਸ਼ਤੇਦਾਰ ਦੇ ਘਰ ਮਿਲਣ ਲਈ ਗਏ। ਉਹ ਸਾਨੂੰ ਵੇਖਕੇ ਵਾਹਵਾ ਖੁਸ਼ ਹੋਏ। ਭਾਵੇਂ ਮੇਰੇ ਦੋਸਤ ਦੀ ਉਥੇ ਦੂਰ ਦੀ ਰਿਸ਼ਤੇਦਾਰੀ ਸੀ। ਪਰ ਉਹਨਾਂ ਦੇ ਚਾਅ ਨੂੰ ਵੇਖਕੇ ਦੂਰ ਦੀ ਰਿਸ਼ਤੇਦਾਰੀ ਵਾਲੀ ਸਾਡੀ ਸ਼ੰਕਾ ਦੂਰ ਹੋ ਗਈ। ਅਸੀਂ ਦੋਨੇ ਹੀ ਸੰਤ ਮੱਤ ਦੇ ਪੁਜਾਰੀ ਸੀ ਤੇ ਸੁੱਧ ਵੈਸ਼ਨੂੰ ਸੀ। ਉਹਨਾਂ ਦੇ ਡਰਾਇੰਗ ਰੂਮ ਵਿੱਚ ਵੀ ਬਿਆਸ ਵਾਲੇ ਪਹਿਲੇ ਬਾਬਾ ਜੀ ਦੇ ਸਰੂਪ ਲੱਗੇ ਹੋਏ ਸਨ। ਪਾਣੀ ਤੋਂ ਬਾਅਦ ਸਾਨੂੰ ਚਾਹ ਨਾਸ਼ਤਾ ਪਰੋਸਿਆ ਗਿਆ। ਪਲੇਟ ਵਿੱਚ ਪਤਲਾ ਜਿਹੇ ਵੇਸਣ ਚੜੇ ਤਲੇ ਹੋਏ ਬ੍ਰੈਡ ਸਨ।
“ਯਾਰ ਇਹ ਵੇਸਣ ਵਾਲੇ ਬ੍ਰੈਡ ਤਾਂ ਨਹੀਂ ਲੱਗਦੇ। ਕੁਝ ਹੋਰ ਹੀ ਲਗਦਾ ਹੈ।” ਪਹਿਲੀ ਬੁਰਕੀ ਮਾਰਨ ਤੋਂ ਬਾਅਦ ਮੈਂ ਮੇਰੇ ਦੋਸਤ ਨੂੰ ਕਿਹਾ।
“ਹਾਂ ਰਮੇਸ਼ ਸ਼ੱਕ ਜਿਹਾ ਤਾਂ ਮੈਨੂੰ ਵੀ ਹੈ।” ਕਹਿਕੇ ਉਸਨੇ ਵੀ ਮੇਰੇ ਵਾੰਗੂ ਹਥਲਾ ਬ੍ਰੈਡ ਪਲੇਟ ਵਿੱਚ ਰੱਖ ਦਿੱਤਾ।
“ਐਂਕਲ ਇਹ ਕੀ ਹੈ?” ਮੇਰੇ ਦੋਸਤ ਨੇ ਮੇਜਬਾਨ ਐਂਕਲ ਨੂੰ ਪੁੱਛਿਆ। ਮੇਰੇ ਯਾਦ ਹੈ ਓਹਨਾ ਦਾ ਕੋਈਂ ਗਾਰਮੈਂਟਸ ਸਟੋਰ ਸੀ ਜਿਸ ਦਾ ਨਾਮ ਓਹਨਾ ਨੇ ਉਸ ਸਮੇ ਦੀ ਮਸ਼ਹੂਰ ਕਿਸੇ ਹਿੰਦੀ ਪਤ੍ਰਿਕਾ ਦੇ ਨਾਮ ਤੇ ਰੱਖਿਆ ਹੋਇਆ ਸੀ।
“ਇਹ ਐਗ ਵਾਲਾ ਬ੍ਰੈਡ ਹੈ। ਕਿਉਂ ਤੁਸੀਂ ਨਹੀਂ ਖਾਂਦੇ?” ਉਸਨੇ ਲਾਪਰਵਾਹੀ ਜਿਹੀ ਨਾਲ ਕਿਹਾ।
“ਨਹੀਂ ਐਂਕਲ। ਉਂਜ ਤੁਹਾਡੇ ਵੀ ਤਾਂ ਬਾਬਾ ਜੀ ਦੀ ਤਸਵੀਰ ਲੱਗੀ ਹੋਈ ਹੈ। ਫਿਰ ਵੀ ਤੁਸੀਂ ਅੰਡੇ।” ਮੇਰੇ ਦੋਸਤ ਤੋਂ ਪੂਰੀ ਗੱਲ ਨਾ ਹੋਈ ਤੇ ਉਸਦਾ ਗਲਾ ਭਰ ਆਇਆ।
“ਅੱਜ ਕੱਲ੍ਹ ਤਾਂ ਸਾਰੇ ਹੀ ਸਭ ਕੁਝ ਰਗੜ ਦਿੰਦੇ ਹਨ ਖਾਸਕਰ ਨੌਜਵਾਨ ਤਾਂ। ਇਹ ਭਗਤੀ ਬਜ਼ੁਰਗਾਂ ਲਈ ਹੁੰਦੀ ਹੈ।” ਉਸਨੇ ਬੇਸ਼ਰਮੀ ਜਿਹੀ ਨਾਲ ਕਿਹਾ ਤੇ ਜੋਰ ਦੀ ਹੱਸ ਪਿਆ। ਸਾਨੂੰ ਉਸਦੀ ਇਸ ਹਰਕਤ ਤੇ ਬਹੁਤ ਗੁੱਸਾ ਆਇਆ ਤੇ ਅਸੀਂ ਬਿਨਾਂ ਚਾਹ ਪੀਤੇ ਹੀ ਵਾਪਿਸ ਆ ਗਏ।
ਉਸ ਨੂੰ ਕੀ ਪਤਾ ਸਾਨੂੰ ਮਾਪਿਆਂ ਨੇ ਜੋ ਸੰਸਕਾਰ ਦਿੱਤੇ ਹਨ ਅਸੀਂ ਉਸ ਤੋਂ ਬਾਹਰ ਜਾਣ ਬਾਰੇ ਸੋਚ ਹੀ ਨਹੀਂ ਸੀ ਸਕਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ