ਮਿੰਨੀ ਕਹਾਣੀ – ਬੱਚੇ ਦੀ ਭੁੱਖ | bacche di bhukh

ਪੰਮੀ ਦੀ ਸਹੇਲੀ ਦਸਵੀਂ ਪਾਸ ਕਰਕੇ ਕਨੇਡਾ ਗਈ ਨੂੰ ਕਾਫੀ ਟਾਈਮ ਹੋ ਚੁੱਕਿਆ ਸੀ ‌‌‌। ‌‌‌‍‍‍ ਵਾਹਿਗੁਰੂ ਵੱਲੋਂ ਘਰ, ਖੁਸ਼ੀਆਂ ਪ੍ਰਾਪਤ ਹੋਈਆਂ ਕਿ ਪੰਮੀ ਦੇ ਵੱਡੇ ਵੀਰ ਮੀਤ ਦੇ ਵਿਆਹ ਤੋਂ ਦਸ ਬਾਰਾਂ ਸਾਲ ਬਾਅਦ ਰੱਬ ਨੇ ਲਾਲ ਦੀ ਬਖਸ਼ਿਸ਼ ਕੀਤੀ।ਘਰ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਫਿਰ ਸਾਰਿਆਂ ਦੀ ਤਰਫੋਂ ਲੋਹੜੀ ਵੰਡਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਾਰੇ ਸਾਕ ਸਬੰਧੀਆਂ ਨੂੰ ਨਿਮਰਤਾ ਨਾਲ ਲੋਹੜੀ ਵੰਡਣ ਦਾ ਸੰਦੇਸ਼ ਦਿੱਤਾ ਗਿਆ । ਉਸਨੇ ਆਪਣੀ ਕਨੇਡਾ ਗਈ ਸਹੇਲੀ ਪਾਲੀ ਨੂੰ ਵੀ ਸੰਦੇਸ਼ਾ ਭੇਜ ਦਿੱਤਾ । ਅਤੇ ਟਾਈਮ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕਿਹਾ। ਹੁਣ ਸਾਰੇ ਮੇਲੀ ਮਿੱਤਰ ਅਤੇ ਸਾਕ ਸਬੰਧੀ ਰਿਸ਼ਤੇਦਾਰ ਦਿੱਤੇ ਗਏ ਟਾਈਮ ਮੁਤਾਬਕ ਪਹੁੰਚ ਚੁੱਕੇ ਸੀ। ਸਾਰੇ ਖਾ ਪੀ ਰਹੇ ਸੀ, ਖੁਸ਼ੀ ਮਨਾ ਰਹੇ ਸੀ।ਪਰ ਉਹ ਵਿਚਾਰੀ ਉਦਾਸ ਬੈਠੀ ਸੀ ਕਿਉਂਕਿ ਉਸਦੀ ਕਨੇਡਾ ਵਾਲ਼ੀ ਸਹੇਲੀ ਲੇਟ ਸੀ । ਜਦੋਂ ਆਈ ਸਾਰਿਆਂ ਦੀ ਨਿਗ੍ਹਾ ਉਸ ਉੱਪਰ ਹੀ ਉੱਠ ਰਹੀ ਸੀ । ਸਾਰਿਆਂ ਨੂੰ ਮਿਲਣ ਤੋਂ ਬਾਅਦ ਪਾਲੀ ਉਸ ਨੂੰ ਲੈਂ ਕੇ ਆਪਣੀ ਭਰਜਾਈ ਕੋਲ ਹੀ ਬੈਠ ਗਈ। ਉਹ ਆਪਣੇ ਭੁੱਖੇ ਰੋਂਦੇ ਹੋਏ ਬੱਚੇ ਨੂੰ ਦੁੱਧ ਪਿਲਾ ਰਹੀ ਸੀ । ਕਹਿਣ ਲੱਗੀ ਮੈਨੂੰ ਨ੍ਹੀਂ ਇਹ ਦੇਸੀ ਜਿਹੀਆਂ ਜ਼ਨਾਨੀਆਂ ਚੰਗੀਆਂ ਲੱਗਦੀਆਂ। ਜਿੱਥੇ ਵੀ ਦੇਖਦੀਆਂ ਨੇ ਆਪਣਾ ਸਾਰਾ ਢਿੱਡ ਨੰਗਾ ਕਰਕੇ ਬੱਚੇ ਨੂੰ ਦੁੱਧ ਪਿਲਾਉਣ ਲੱਗ ਜਾਂਦੀਆਂ ਨੇ, ” ਬੱਸਾਂ ਦੇ ਅੱਡੇ ਤੇ ਬਜ਼ਾਰ ਵਿੱਚ ਦੇਖ ਲਵੋ ਚਾਹੇ ਵਿਆਹ ਦਾ ਇਕੱਠ ਹੋਵੇ, ਚਾਹੇ ਹੋਰ ਪ੍ਰੋਗਰਾਮ ਹੋਵੇ”,ਆਪਣਾ ਸੂਟ ਉੱਪਰ ਚੁੱਕਣ ਗਈਆਂ , ਬੱਚੇ ਨੂੰ ਦੁੱਧ ਪਿਲਾਉਣ ਬੈਠ ਜਾਣਗੀਆਂ। ਪਾਲੀ ਨੇ ਕੋਈ ਜਵਾਬ ਨਾ ਦਿੱਤਾ ਉਹ ਚੁੱਪ ਸੀ।ਪਰ ਭਰਜਾਈ ਤੋਂ ਕਹੇ ਬਗੈਰ ਰਿਹਾ ਨਾ ਗਿਆ। ਬੱਚੇ ਪ੍ਰਤੀ ਮੋਹ ਇੱਕ ਮਾਂ ਹੀ ਜਾਣ ਸਕਦੀ ਹੈ। ਇੰਨੀਂ ਗੱਲ ਕਹਿਕੇ ਚੁੱਪ ਕਰ ਗਈ। ਜਦੋਂ ਵਿਆਹ ਹੋਇਆ ਅਤੇ ਮਾਂ ਬਣੀ ਫਿਰ ਪਤਾ ਲੱਗਿਆ ਜਦੋਂ ਮਾਂ ਦੀ ਕੁੱਛੜ ‘ਚ ਭੁੱਖਾ ਬੱਚਾ ਰੋਂਦਾ ਫਿਰ ਉਸਨੂੰ ਕੁੱਝ ਵੀ ਦਿਖਾਈ ਨਹੀਂ ਦਿੰਦਾ। ਸਿਰਫ਼ ਇੱਕ ਮਾਂ ਨੂੰ ਆਪਣੇ ਬੱਚੇ ਦੀ ਭੁੱਖ ਹੀ ਦਿਖਾਈ ਦਿੰਦੀ ਹੈ। ਹੁਣ ਉਸ ਨੂੰ ਬੱਚੇ ਦੀ ਭੁੱਖ ਦਾ ਪਤਾ ਲੱਗ ਚੁੱਕਿਆ ਸੀ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ

Leave a Reply

Your email address will not be published. Required fields are marked *