ਮਹੇਸ਼ ਮਹਿਮਾ | mahesh mehma

#ਮਹੇਸ਼_ਮਹਿਮਾ
“ਮਹਿਮਾ ਲਿਖਾਂ ਮਹੇਸ਼ ਦੀ,
ਮੈਥੋਂ ਲਿਖੀ ਨਾ ਜਾਵੇ।
ਉਹ ਸਖਸ਼ ਮੈਂ ਕਿਥੋਂ ਲਿਆਵਾਂ,
ਜਿਹੜਾ ਵਿੱਚ ਕੁੱਜੇ ਸਮੁੰਦਰ ਪਾਵੇ।”
ਡੱਬਵਾਲੀ ਦੇ ਪਬਲਿਕ ਹਸਪਤਾਲ ਵਾਲੇ ਡਾਕਟਰ ਗੁਰਬਚਨ ਸਿੰਘ ਮਾਨ ‘ਲੰਬੀਵਾਲੇ’ ਨੇ ਉਸ ਸਮੇਂ ਇਲਾਕਾ ਨਿਵਾਸੀਆਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਦੋਂ ਇੱਥੇ ਨਾਲ ਕੋਈਂ ਢੰਗ ਦਾ ਡਾਕਟਰ ਸੀ ਨਾ ਕੋਈਂ ਪ੍ਰਾਈਵੇਟ ਹਸਪਤਾਲ ਸੀ। ਲੰਬੀ ਵਾਲੇ ਡਾਕਟਰ ਨੇ ਡੱਬਵਾਲੀ ਨੂੰ ਕਈ ਤਜ਼ੁਰਬਾ ਅਧਾਰਿਤ ਡਾਕਟਰ ਵੀ ਦਿੱਤੇ ਜੋ ਸਾਲਾਂ ਤੋਂ ਗਰੀਬ ਤੇ ਲੋੜਵੰਦਾਂ ਨੂੰ ਸਸਤੇ ਇਲਾਜ ਦੀ ਸਾਹੂਲੀਅਤ ਦੇ ਰਹੇ ਹਨ। ਉਹਨਾਂ ਵਿੱਚ ਇੱਕ ਨਾਮ ਡਾਕਟਰ Mahesh Bansal ਦਾ ਵੀ ਹੈ। ਡਾਕਟਰ ਮਹੇਸ਼ ਨੇ ਕੋਈਂ ਤੀਹ ਸਾਲ ਤੋਂ ਵੀ ਵੱਧ ਸਮਾਂ ਬਾਬਾ ਰਾਮਦੇਵ ਮੰਦਿਰ ਏਰੀਏ ਵਿੱਚ ਆਪਣੀਆਂ ਸਿਹਤ ਸੇਵਾਵਾਂ ਦਿੱਤੀਆਂ। ਡਾਕਟਰ ਮਹੇਸ਼ ਦੇ ਰੈਗੂਲਰ ਮਰੀਜਾਂ ਵਿੱਚ ਸ਼ਹਿਰ ਦੇ ਕਈ ਧੰਨਾ ਸੇਠਾਂ ਦਾ ਨਾਮ ਵੀ ਆਉਂਦਾ ਹੈ। ਸ਼ਹਿਰ ਦੇ ਚੰਗੇ ਘਰਾਣੇ ਡਾਕਟਰ ਸਾਹਿਬ ਨਾਲ ਆਪਣੀ ਬਿਮਾਰੀ ਕੰਸਲਟ ਕਰਦੇ ਹਨ। ਹੋਰ ਵੀ ਅਨੇਕਾਂ ਨਾਮ ਹਨ ਜਿਹੜੇ ਬਠਿੰਡੇ, ਲੁਧਿਆਣੇ, ਦਿੱਲੀ ਜੈਪੁਰ ਦੇ ਡਾਕਟਰਾਂ ਦੀਆਂ ਪਰਚੀਆਂ ਚੁੱਕੀ ਫਿਰਦੇ ਹਨ ਤੇ ਆਪਣੀ ਬਿਮਾਰੀ ਤੇ ਚਰਚਾ ਕਰਦੇ।
ਖੈਰ ਇਹ ਤਾਂ ਹੱਥ ਜਸ ਦੀ ਗੱਲ ਹੁੰਦੀ ਹੈ। ਡਾਕਟਰ ਮਹੇਸ਼ ਦੇ ਮਰੀਜਾਂ ਵਿੱਚ ਪੰਜਾਹ ਪ੍ਰਤੀਸ਼ਤ ਦੇ ਕਰੀਬ ਮਰੀਜ਼ ਮੇਰੇ ਵਰਗੇ ਮੁਫ਼ਤਖੋਰ ਹੁੰਦੇ ਹਨ। ਜੋ ਦੋਸਤੀ, ਰਿਸ਼ਤੇਦਾਰੀ, ਪਹਿਚਾਣ ਕਰਕੇ ਆਪਣਾ ਇਲਾਜ ਮੁਫ਼ਤ ਕਰਵਾਉਂਦੇ ਹਨ। ਵੀਹ ਕੁ ਪ੍ਰਤੀਸ਼ਤ ਉਹ ਲੋੜਵੰਦ ਹੁੰਦੇ ਹਨ ਜਿਹੜੇ ਕਹਿੰਦੇ “ਪੈਸੇ ਤਾਂ ਹੈਣੀ।” ਚੱਲ ਉਹ ਜਾਣੈ ਆਖਕੇ ਡਾਕਟਰ ਸਾਹਿਬ ਓਹਨਾ ਨੂੰ ਦਵਾਈ ਤੇ ਆਪਣੀ ਰਾਇ ਦਿੰਦੇ ਹਨ।
ਡਾਕਟਰ ਸਾਹਿਬ ਦੇ ਦੋਸਤਾਂ ਦਾ ਦਾਇਰਾ ਬਹੁਤ ਵੱਡਾ ਹੈ। ਜਿਸ ਵਿੱਚ ਹਰ ਤਬਕੇ ਤੇ ਹਰ ਕੈਟਾਗਿਰੀ ਦੇ ਲੋਕ ਸ਼ਾਮਿਲ ਹਨ। ਮੈਨੂੰ ਇਸ ਗੱਲ ਤੇ ਮਾਣ ਹੈ ਕਿ ਮੈਂ ਡਾਕਟਰ ਸਾਹਿਬ ਦੀ ਮਿੱਤਰ ਮੰਡਲੀ ਦਾ ਹਿੱਸਾ ਹਾਂ।
ਡਾਕਟਰ ਸਾਹਿਬ ਦਾ ਜੀਵਨ ਸ਼ੁਰੂ ਤੋਂ ਹੀ ਸੰਘਰਸ਼ ਵਾਲਾ ਰਿਹਾ ਹੈ। ਰੱਬ ਨੇ ਵੀ ਕੋਈਂ ਕਸਰ ਨਹੀਂ ਛੱਡੀ। ਬਾਰ ਬਾਰ ਦੁੱਖ ਦੇਕੇ ਉਸ ਨੇ ਡਾਕਟਰ ਸਾਹਿਬ ਦਾ ਇਮਤਿਹਾਨ ਲਿਆ। ਪਰ ਇਹ ਦੁਰਗਾ ਮਾਂ ਦਾ ਭਗਤ ਉਸ ਦੁਆਰਾ ਲਈ ਹਰ ਪ੍ਰੀਖਿਆ ਚੋਂ ਚੰਗੇ ਨੰਬਰਾਂ ਵਿੱਚ ਪਾਸ ਹੋਇਆ ਹੈ। ਇਹ ਕਦੇ ਡਗਮਗਾਇਆ ਨਹੀਂ। ਸਗੋਂ ਇਸ ਨੇ ਦੁਖਾਂ ਦਾ ਡੱਟਕੇ ਮੁਕਾਬਲਾ ਕੀਤਾ ਹੈ। ਆਪਣੇ ਆਪ ਨੂੰ ਹਰ ਮੁਸੀਬਤ ਦੇ ਅਨੁਸਾਰ ਢਾਲਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਆਪਣੀ ਆਸਥਾ ਨੂੰ ਆਂਚ ਨਹੀਂ ਆਉਣ ਦਿੱਤੀ। ਡਾਕਟਰ ਮਹੇਸ਼ ਹਰ ਧਾਰਮਿਕ ਜਗ੍ਹਾ ਤੇ ਸ਼ੀਸ਼ ਨਿਵਾਉਂਦਾ ਹੈ ਤੇ ਦੀਵਾਲੀ ਤੋਂ ਬਾਅਦ ਇਸਦੀ ਕੋਸ਼ਿਸ਼ ਵੈਸ਼ਨੂੰ ਮਾਤਾ ਦੇ ਦਰਬਾਰ ਵਿੱਚ ਹਾਜ਼ਰੀ ਭਰਨ ਦੀ ਹੁੰਦੀ ਹੈ। ਵੈਸ਼ਨੂੰ ਮਾਤਾ ਵੀ ਇਸ ਨੂੰ ਬਲਾਉਣਾ ਨਹੀਂ ਭੁੱਲਦੀ। Bansal Mahesh ਨੇ ਆਪਣੇ ਦੋਨਾਂ ਬੱਚਿਆਂ ਨੂੰ ਵਧੀਆ ਤਾਲੀਮ ਦਿੱਤੀ। ਬੇਟੇ ਨੂੰ ਇੰਜੀਨਿਅਰ ਬਣਾਇਆ ਤੇ ਬੇਟੀ ਐਮ ਡੀ ਕਰ ਰਹੀ ਹੈ। ਜਦੋਂ ਔਲਾਦ ਸਹੀ ਰਸਤੇ ਤੇ ਹੋਵੇ ਤਾਂ ਸਮਝੋ ਸਭ ਕੁਝ ਠੀਕ ਹੈ। ਤੇ ਹੋਰ ਕੁਝ ਨਹੀਂ ਚਾਹੀਦਾ।
ਦੋਸਤ ਬਣਨਾ ਤੇ ਦੋਸਤ ਬਣਾਉਣਾ ਇੱਕ ਇਨਸਾਨੀ ਫਿਤਰਤ ਹੈ। ਪਰ ਦੋਸਤ ਉਹ ਜੋ ਮੁਸੀਬਤ ਵੇਲੇ ਨਾਲ ਖਡ਼ੇ। ਦੋਸਤ ਇਕੱਲੇ ਸੁੱਖ ਦਾ ਸਾਥੀ ਹੀ ਨਹੀਂ ਹੁੰਦਾ ਦੁੱਖ ਦਾ ਵੀ ਭਾਈਵਾਲ ਹੁੰਦਾ ਹੈ। ਇਸ ਕਸੌਟੀ ਤੇ ਵੀ ਡਾਕਟਰ ਮਹੇਸ਼ ਖਰਾ ਉਤਰਦਾ ਹੈ। ਡਾਕਟਰ ਮਹੇਸ਼ ਮੇਹਨਤ ਕਰਨ ਵਾਲਾ ਤੇ ਮੌਕਾ ਸੰਭਾਲਣ ਵਾਲਾ ਸਖਸ਼ ਹੈ। ਇਹ ਕਦੇ ਜਿੰਮੇਵਾਰੀ ਤੋਂ ਪਿੱਛੇ ਨਹੀਂ ਹੱਟਦਾ।
ਕਹਿੰਦੇ ਡਾਕਟਰ ਸਾਹਿਬ ਨੂੰ ਗੁੱਸਾ ਵੀ ਆਉਂਦਾ ਹੈ। ਕਿਉਂਕਿ ਡਾਕਟਰ ਮਹੇਸ਼ ਇੱਕ ਇਨਸਾਨ ਹੈ ਪੱਥਰ ਨਹੀਂ। ਇਨਸਾਨ ਦੀ ਫਿਤਰਤ ਇਨਸਾਨ ਵਰਗੀ ਹੀ ਹੋਣੀ ਚਾਹੀਦੀ ਹੈ। ਹਰ ਇੱਕ ਨੂੰ ਇਨਸਾਨ ਬਣਨ ਦੀ ਹੀ ਜਰੂਰਤ ਹੈ। ਦੇਵਤਾ ਨਹੀਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *