ਸਟੇਸ਼ਨ ਤੇ ਝੁੱਗੀ ਬਣਾ ਕੇ ਭਿਖਾਰੀ ਭਿਖਾਰਨ ਰਹਿ ਰਹੇ ਸੀ । ਉਹ ਹਰ ਰੋਜ਼ ਦੀ ਭੀਖ ਮੰਗਣ ਲਈ ਗਏ , ਜਦੋਂ ਉਹ ਇੱਕ ਕੂੜੇ ਦੇ ਢੇਰ ਕੋਲੋਂ ਲੰਘ ਰਹੇ ਸੀ ਤਾਂ ਉਹਨਾਂ ਨੂੰ ਇੱਕ ਛੋਟੇ ਬੱਚੇ ਦੇ ਰੋਣ ਦੀ ਅਵਾਜ਼ ਸੁਣਾਈ ਦਿੱਤੀ ਜਦ ਉਹਨਾਂ ਨੇ ਕੂੜੇ ਦੇ ਢੇਰ ਕੋਲ ਜਾ ਕੇ ਦੇਖਿਆ ਤਾਂ ਨਵਜੰਮੀ ਬੱਚੀ ਰੋ ਰਹੀ ਸੀ , ਜਿਸ ਨੂੰ ਕੋਈ ਥੋਡ਼ਾ ਚਿਰ ਪਹਿਲਾਂ ਹੀ ਸੁੱਟ ਕੇ ਗਿਆ ਲੱਗਦਾ ਸੀ। ਉਹ ਬੱਚੀ ਚੁੱਕ ਆਪਣੀ ਝੁੱਗੀ ਵਿੱਚ ਲੈ ਆਏ ਅਤੇ ਬਹੁਤ ਖੁਸ਼ ਹੋਏ ਕਿਉਂਕਿ ਉਹਨਾਂ ਦਾ ਵੀ ਹੋਰ ਕੋਈ ਸਹਾਰਾ ਨਹੀਂ ਸੀ । ਹੁਣ ਬੱਚੀ ਬਾਰਾਂ ਤੇਰਾ ਵਰਿਆਂ ਦੀ ਹੋ ਚੁੱਕੀ ਸੀ ।
ਹਰ ਰੋਜ਼ ਦੀ ਤਰਾਂ ਭੀਖ ਮੰਗਣ ਲਈ ਭਿਖਾਰਨ ਨੇ ਬੱਚੀ ਨੂੰ ਵੀ ਨਾਲ ਲਿਆ ਅਤੇ ਬੱਚੀ ਦੇ ਵਿੱਚ ਇੱਕ ਠੂਠਾ ਫੜਾ ਦਿੱਤਾ ਅਤੇ ਮੰਗਣ ਚੱਲ ਪਈਆਂ , ਜਦੋਂ ਉਹ ਬਜ਼ਾਰ ਵਿੱਚ ਦੀ ਲੰਘ ਰਹੀਆ ਸੀ ਤਾਂ ਇੱਕ ਫਲਾਂ ਵਾਲੀ ਦੁਕਾਨ ਤੇ ਦੋ ਅੌਰਤਾਂ ਫਲ ਲੈ ਰਹੀਆਂ ਸਨ , ਬੱਚੀ ਨੇ ਅਾਪਣੇ ਹੱਥ ਵਿੱਚ ਫੜਿਆ ਠੂਠਾ ਅੱਗੇ ਕੀਤਾ ਉਹਨਾਂ ਬੱਚੀ ਦੇ ਕੋਮਲ ਹੱਥਾਂ ਵੱਲ ਵੇਖਿਆ ਤਾਂ ਇੱਕ ਅੌਰਤ ਬੋਲੀ ਜੇ ਭੀਖ ਹੀ ਮੰਗਵਾਉਣੀ ਸੀ ਤਾਂ ਬੱਚੇ ਜੰਮਣ ਦੀ ਕੀ ਲੋਡ਼ ਸੀ । ਇਹਨਾਂ ਬਿਨਾਂ ਸਰਦਾ ਨਹੀ ਸੀ । ਤੁਸੀਂ ਲੋਕ ਹੀ ਸਾਡੇ ਸਮਾਜ ਉਪਰ ਬੋਝ ਬਣੇ ਹੋਏ ਅੈ ।
ਇਹ ਗੱਲ ਸੁਣਕੇ ਫਿਰ ਬੱਚੀ ਆਪਣੀ ਤੋਤਲੀ ਅਵਾਜ਼ ਵਿੱਚ ਬੋਲੀ ਇਸ ਮਾਂ ਨੇ ਨਹੀਂ ਜੰਮਿਆ ਮੈਂ ਵੀ ਤੁਹਾਡੇ ਵਰਗੇ ਮਾਂ ਪਿਉ ਦੀ ਬੇਟੀ ਹਾਂ ਜਿਨ੍ਹਾਂ ਵਿੱਚ ਮੈਨੂੰ ਪਾਲਣ ਦੀ ਅੌਕਾਤ ਨਹੀਂ ਸੀ , ਕੂੜੇ ਵਾਲੇ ਢੇਰ ਉੱਤੇ ਸੁੱਟ ਕੇ ਚਲੇ ਗਏ, ਇਸ ਮਾਂ ਮੈਨੂੰ ਕੂੜੇ ਵਾਲੇ ਢੇਰ ਉੱਤੋਂ ਚੁੱਕ ਕੇ ਪਾਲਿਆ ਹੈ । ਇਹ ਗੱਲ ਸੁਣ ਕੇ ਦੋਹਾਂ ਅੌਰਤਾਂ ਦੇ ਪੈਰਾਂ ਥੱਲਿਓ ਜ਼ਮੀਨ ਨਿਕਲ ਗਈ । ਭਿਖਾਰਣ ਬੋਲੀ , ਬੀਬੀ ਜੀ , ਸਮਾਜ ਉਪਰ ਬੋਝ ਅਸੀਂ ਨਹੀਂ ਬਲਕਿ ਤੁਹਾਡੇ ਵਰਗੇ ਲੋਕ ਹਨ । ਇਹ ਕਹਿ ਭਿਖਾਰਨ ਤੇ ਬੱਚੀ ਚਲੀਆਂ ਗਈਆਂ , ਬਾਅਦ ਵਿੱਚ ਦੋਵੇਂ ਅੌਰਤਾਂ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗੀਆਂ ।
ਹਾਕਮ ਸਿੰਘ ਮੀਤ :- ਬੌਂਦਲੀ
ਮੰਡੀ ਗੋਬਿੰਦਗਡ਼੍ਹ