ਦਿਸੰਬਰ ਦੀ ਠੰਡ..ਇੰਸਪੈਕਟਰ ਗੁਰਮੀਤ ਸਿੰਘ ਭਾਈ ਕਾਉਂਕੇ ਨੂੰ ਚੁੱਕ ਸਿੱਧਾ ਸਵਰਨ ਘੋਟਣੇ ਕੋਲ ਲੈ ਜਾਂਦਾ..ਅੱਗਿਓਂ ਗਾਲਾਂ ਝਿੜਕਾਂ ਦਾ ਮੀਂਹ..ਇਸ ਖਸਮ ਨੂੰ ਸੀ.ਆਈ.ਏ ਸਟਾਫ ਕਿਓਂ ਨਹੀਂ ਲੈ ਕੇ ਗਿਆ..ਫੇਰ ਸੀਆਈਏ ਸਟਾਫ ਜਗਰਾਵਾਂ ਇੰਚਾਰਜ ਹਰਭਗਵਾਨ ਸਿੰਘ ਸੋਢੀ ਭਾਈ ਸਾਬ ਦੇ ਮੂੰਹ ਤੇ ਕੱਪੜਾ ਬੰਨ ਦਿੰਦਾ..ਫੇਰ ਚੌਫਾਲ ਲੰਮੇ ਪਾ ਨੱਕ ਤੇ ਪਾਣੀ ਦੀ ਧਾਰ ਪਾਉਣੀ ਸ਼ੁਰੂ ਕਰ ਦਿੰਦਾ..ਘੜੀ ਕੂ ਮਗਰੋਂ ਫੇਫੜਿਆਂ ਵਿਚ ਪਾਣੀ ਭਰ ਜਾਂਦਾ ਤੇ ਬੇਹੋਸ਼ ਹੋ ਜਾਂਦੇ..ਫੇਰ ਨਿਸਵਸਤਰ ਕਰਕੇ ਬਾਹਰ ਖੁੱਲੇ ਵਿਚ ਸੁੱਟ ਦਿੱਤਾ ਜਾਂਦਾ..!
ਵਿਰਲੇ ਟਾਵੇਂ ਜਿਗਰੇ..ਗੁਰਮੀਤ ਸਿੰਘ ਨੂੰ ਫੇਰ ਤਰਸ ਆ ਜਾਂਦਾ..ਉੱਤੇ ਕੰਬਲ ਪਾ ਦਿੰਦਾ ਤੇ ਲਾਗੇ ਹੀਟਰ ਵੀ ਲਾ ਦਿੰਦਾ..ਰੱਜਿਆ ਘੋਟਣਾ ਫੇਰ ਆਉਂਦਾ ਤਾਂ ਸਭ ਕੁਝ ਵੇਖ ਆਪੇ ਤੋਂ ਬਾਹਰ ਹੋ ਜਾਂਦਾ..ਤੇਰਾ ਭਣੋਈਏ ਲੱਗਦਾ..ਕੰਬਲ ਹੀਟਰ ਲਾ ਕੇ ਦਿੱਤਾ..ਫੇਰ ਕੰਬਲ ਲਾਹ ਕੇ ਹੀਟਰ ਨੂੰ ਠੁੱਡ ਮਾਰ ਦੂਰ ਸਿੱਟ ਦਿੱਤਾ ਜਾਂਦਾ..ਫੇਰ ਏਨੀ ਠੰਡ ਵਿਚ ਬਾਹਰ ਨਗਨ ਅਵਸਥਾ ਵਿਚ ਪਏ ਭਾਈ ਸਾਬ ਦੇ ਗੁਪਤ ਅੰਗਾਂ ਵਿਚ ਠੁੱਡ ਵੱਜਣੇ ਸ਼ੁਰੂ ਹੋ ਜਾਂਦੇ..ਛੇਤੀ ਸਰੀਰ ਅੰਦਰੋਂ ਖੂਨ ਚੱਲਣਾ ਸ਼ੁਰੂ ਹੋ ਜਾਂਦਾ..ਫੇਰ ਘੋਟਣਾ ਆਖਣ ਲੱਗਦਾ ਓਏ ਤੁਹਾਡੇ ਜਥੇਦਾਰ ਦਾ ਮੂਤ ਨਿੱਕਲ ਗਿਆ..ਇੱਕ ਛੋਟੇ ਰੈਂਕ ਦਾ ਸਿਪਾਹੀ ਹਿੰਮਤ ਕਰਦਾ ਤੇ ਆਖਦਾ..ਇਹ ਮੂਤ ਨਹੀਂ ਖੂਨ ਏ ਜਨਾਬ..!
ਫੇਰ ਅੰਤਿਮ ਸਾਹਾਂ ਤੇ ਪਏ ਭਾਈ ਸਾਬ ਦੇ ਗੋਲੀ ਮਾਰ ਦਿੱਤੀ ਜਾਂਦੀ..ਲੋਥ ਦਰਿਆ ਤੇ ਖੜ ਟੋਟੇ ਟੋਟੇ ਕਰ ਦਰਿਆ ਵਿਚ ਰੋੜ ਦਿੱਤੀ ਜਾਂਦੀ..ਟੋਟੇ ਟੋਟੇ ਕਰਨਾ ਮਜਬੂਰੀ ਹੈ ਕਿਧਰੇ ਪੂਰੀ ਦੀ ਪੂਰੀ ਫੁੱਲ ਕੇ ਉੱਪਰ ਹੀ ਨਾ ਆ ਜਾਵੇ..!
ਬਿਰਤਾਂਤ ਲਿਖਦਿਆਂ ਹੱਥ ਬਹੁਤ ਕੰਬੇ ਤੇ ਪੜਨ ਲੱਗਿਆਂ ਤੁਹਾਡਾ ਹਿਰਦਾ ਵੀ..ਪਰ ਜਿਸ ਦੇਵ ਪੁਰਸ਼ ਨੇ ਸਭ ਕੁਝ ਪਿੰਡੇ ਤੇ ਸਿਹਾ ਉਹ ਤਿੰਨ ਦਹਾਕੇ ਪਹਿਲੋਂ ਸਾਡੇ ਵਿਚ ਹੀ ਤਾਂ ਵਿਚਰਿਆ ਸੀ..ਤਰਕ ਸ਼ੀਲ,ਸਰਕਾਰਾਂ,ਕਿੰਤੂ ਪ੍ਰੰਤੂ ਇੰਝ ਅਤੇ ਉਂਝ ਗਰੁੱਪ,ਅਖੌਤੀ ਪੰਥਕ ਰਾਖੇ,ਤਸ਼ਦਤ ਸਕੁਐਡ,ਮੋਡਰਨ ਬੁਧੀਜੀਵੀ..ਸਭ ਦੀਆਂ ਤਰਕ ਦਲੀਲਾਂ ਦਾਵਿਆਂ ਨੂੰ ਦਰਕਿਨਾਰ ਕਰ ਕੰਧ ਉਤੇ ਕਿੰਨਾ ਕੁਝ ਲਿਖ ਦਿੱਤਾ..!
ਡੀ.ਆਈ.ਜੀ ਬੀ.ਪੀ.ਤਿਵਾੜੀ ਨੇ 1998 ਵਿਚ ਜਾਂਚ ਰਿਪੋਰਟ ਪੇਸ਼ ਕਰ ਦਿੱਤੀ..ਜੋ ਪੂਰੀ ਤਰਾਂ ਨਿਰਪੱਖ ਤੇ ਨਹੀਂ ਆਖੀ ਜਾ ਸਕਦੀ ਪਰ ਤਾਂ ਵੀ ਕਈ ਪਾਜ ਉਧੇੜਦੀ..ਤਿੰਨ ਦਹਾਕੇ ਜਨਤਕ ਨਹੀਂ ਕੀਤੀ!
ਦਿੱਲੀ ਦੇ ਬੀਬੇ ਪੁੱਤ ਹੋਈਆਂ ਬੀਤੀਆਂ ਦੀ ਮੁਆਫੀ ਮੰਗਣ ਆਉਣ ਤਾਂ ਕੁਝ ਸਵਾਲ ਕਰਨੇ ਤੇ ਬਣਦੇ ਹੀ ਨੇ!
ਹਰਪ੍ਰੀਤ ਸਿੰਘ ਜਵੰਦਾ