“ਮੂਫਲੀ ਤਾਂ ਠੀਕ ਹੈ ਪਰ ਛਿਲਕੇ ਗੱਡੀ ਵਿੱਚ ਨਾ ਸੁੱਟਿਓ। ਆਹ ਲਿਫਾਫੇ ਵਿੱਚ ਪਾਈ ਜਾਇਓ।” ਡਰਾਈਵਰ ਗੁਗਨ ਸਿੰਘ ਨੇ ਕਾਰ ਦਾ ਦਰਵਾਜ਼ਾ ਖੋਲ੍ਹਦੇ ਨੇ ਸਾਨੂੰ ਦੋਹਾਂ ਨੂੰ ਕਿਹਾ। ਮੈਂ ਅਤੇ ਪ੍ਰਿੰਸੀਪਲ ਸਿੱਧੂ ਚੰਡੀਗੜ੍ਹ ਤੋਂ ਸਕੂਲ ਦੀ ਕਾਰ ਰਾਹੀਂ ਵਾਪਿਸ ਬਾਦਲ ਆ ਰਹੇ ਸੀ। ਗੱਲ ਉਸਦੀ ਵੀ ਸਹੀ ਸੀ। ਬਾਅਦ ਵਿੱਚ ਗੱਡੀ ਦੀ ਸਫ਼ਾਈ ਕਰਨੀ ਔਖੀ ਹੋ ਜਾਂਦੀ ਹੈ। ਖੈਰ ਅਸੀਂ ਮੂੰਗਫਲੀ ਖਾਣੀ ਸ਼ੁਰੂ ਕਰ ਦਿੱਤੀ ਤੇ ਛਿਲਕੇ ਲਿਫਾਫੇ ਵਿੱਚ ਪਾਉਣ ਲੱਗੇ।
“ਆਹ ਲ਼ੋ ਗੁਗਨ ਸਿੰਘ ਤੁਸੀਂ ਵੀ ਖਾ ਲਵੋ।” ਕੁਝ ਦੇਰ ਬਾਅਦ ਮੈਡਮ ਸਿੱਧੂ ਲੱਪ ਕੁ ਗਿਰੀਆਂ ਕੱਢਕੇ ਗੁਗਨ ਸਿੰਘ ਨੂੰ ਫੜਾਉਂਦੇ ਹੋਇਆਂ ਨੇ ਕਿਹਾ। ਮੈਨੂੰ ਥੋੜ੍ਹਾ ਅਜੀਬ ਜਿਹਾ ਲੱਗਿਆ।
“ਆਪਾਂ ਤਾਂ ਚੱਲਦੀ ਗੱਡੀ ਵਿੱਚ ਮੂੰਗਫਲੀ ਕੱਢਕੇ ਖਾ ਸਕਦੇ ਹਾਂ ਪਰ ਡਰਾਈਵਰ ਕਿਵ਼ੇਂ ਖਾਵੇ?” ਮੈਡਮ ਸਿੱਧੂ ਨੇ ਮੇਰੇ ਵੱਲ ਵੇਖਦੇ ਹੋਏ ਕਿਹਾ। ਮੈਨੂੰ ਮੈਡਮ ਦਾ ਇਹ ਰੂਪ ਬਹੁਤ ਵਧੀਆ ਲੱਗਿਆ। ਜਿਹੜੇ ਸੰਸਥਾ ਮੁੱਖੀ ਹੁੰਦੇ ਹੋਏ ਵੀ ਨਾਲ ਸਫ਼ਰ ਕਰ ਰਹੇ ਡਰਾਈਵਰ ਦਾ ਇੰਨਾ ਖਿਆਲ ਰੱਖ ਰਹੇ ਸਨ। ਮੈਡਮ ਸਿੱਧੂ ਇੱਕ ਵਧੀਆ ਐਡਮੀਨਿਸਟੇਟਰ ਸਨ। ਉਹਨਾਂ ਦੀਆਂ ਬਹੁਤੀਆਂ ਨੀਤੀਆਂ ਨਾਲ ਮੈਂ ਇਤਫ਼ਾਕ ਨਹੀਂ ਸੀ ਰੱਖਦਾ। ਇਹ ਜਰੂਰੀ ਵੀ ਨਹੀਂ ਹੁੰਦਾ ਕਿ ਕੋਈਂ ਸੰਸਥਾ ਮੁਖੀ ਆਪਣੇ ਸੁਬਾਰਡੀਨੇਟ ਦੀ ਸੋਚ ਅਨੁਸਾਰ ਹੀ ਚੱਲੇ। ਨਾ ਹੀ ਕਿਸੇ ਸੰਸਥਾ ਦੇ ਸਮੂਹ ਕਰਮਚਾਰੀ ਕਦੇ ਆਪਣੇ ਬੌਸ ਨਾਲ ਸਹਿਮਤ ਹੁੰਦੇ ਹਨ। ਮੈਂ ਬਹੁਤ ਵਾਰੀ ਨੋਟ ਕੀਤਾ ਕਿ ਮੈਡਮ ਆਪਣੇ ਕਰਮਚਾਰੀ ਦੀ ਛੋਟੀ ਛੋਟੀ ਗੱਲ ਦਾ ਖਿਆਲ ਰੱਖਦੇ ਸਨ। ਦੁੱਖ ਸੁੱਖ ਦੇ ਸਾਥੀ ਬਣਦੇ। ਉਹ ਇਹ ਭੁੱਲ ਜਾਂਦੇ ਕਿ ਮੈਂ ਬੌਸ ਹਾਂ। ਕਈ ਵਾਰੀ ਅਸੀਂ ਪਿੱਠ ਪਿੱਛੇ ਉਹਨਾਂ ਦੀਆਂ ਨੀਤੀਆਂ, ਚਲਾਕੀਆਂ ਤੇ ਕਈ ਵਾਰੀ ਦੂਹਰੇ ਮਾਪਦੰਡਾਂ ਦੀ ਖੁੱਲ੍ਹਕੇ ਆਲੋਚਨਾ ਕਰਦੇ। ਇਹ ਕੋਈਂ ਨਵੀਂ ਗੱਲ ਨਹੀਂ ਸੀ। ਚੰਗੇ ਪ੍ਰਬੰਧਕਾਂ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ। ਕਈ ਵਾਰੀ ਉਹ ਵੀ ਚਾਪਲੂਸਾਂ ਦੀਆਂ ਗੱਲਾਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਗਲਤ ਫੈਸਲੇ ਲ਼ੈ ਲੈਂਦੇ ਹਨ। ਕਿਸੇ ਸੰਸਥਾ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਅਜਿਹੇ ਹੱਥਕੰਡੇ ਵੀ ਜਰੂਰੀ ਹੁੰਦੇ ਹਨ। ਮੁੱਕਦੀ ਗੱਲ ਇਹ ਹੈ ਕਿ ਸੰਸਥਾ ਵਧੀਆ ਚੱਲਣੀ ਚਾਹੀਦੀ ਹੈ। ਮੁੱਖੀ ਦੀ ਆਲੋਚਨਾ ਤਾਂ ਹੁੰਦੀ ਆਈ। ਮੁੱਖੀ ਇੱਕ ਇਨਸਾਨ ਦੇ ਰੂਪ ਵਿੱਚ ਵਧੀਆ ਹੋਣਾ ਚਾਹੀਦਾ ਹੈ। ਇੱਕ ਪ੍ਰਬੰਧਕ ਤੋਂ ਤਾਂ ਸਾਰੇ ਕਦੇ ਵੀ ਖੁਸ਼ ਨਹੀਂ ਹੁੰਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ