ਚੰਨੋਂ ਅੱਜ ਰੱਬ ਨੂੰ ਕੋਸਦੀ ਹੋਈ ਹਰ ਰੋਜ਼ ਦੀ ਤਰ੍ਹਾਂ ਸੂਰਜ਼ ਦੀਆਂ ਕਿਰਨਾਂ ਨਿਕਲਣ ਤੋਂ ਪਹਿਲਾਂ ਆਪਣੇ ਪਤੀ ਨੂੰ ਜਗਾਹ ਕੇ ਪਾਣੀ ਦਾ ਗੜ੍ਹਵਾ ਫੜਾਕੇ ਕੱਛ ਵਿੱਚ ਢੇਰਾਂ ਤੋਂ ਚੁਗਿਆ ਹੋੋਇਆ ਵਿਕਣ ਯੋਗ ਸਮਾਨ ਪਾਉਣ ਵਾਲਾ ਪਲਾਸਟਿਕ ਦਾ ਬੋਰਾ ਲੈਕੇ ਘਰੋਂ ਨਿਕਲੀ ਜਿਸਦੇ ਕੋਈ ਔਲਾਦ ਨਹੀਂ ਸੀ । ਥੋੜੀ ਹੀ ਦੂਰ ਗਈ ਕੀ ਦੇਖਿਆ ਉਹਦੇ ਕੱਚੇ ਕੋਠੜੇ ਦੇ ਨਾਲ ਬਣੀ ਕੋਠੀ ਵਾਲੀ ‘ ਸੁਸ਼ੀਲਾ ‘ ਆਪਣਾ ਮੂੰਹ ਛੁਪਾਉਂਦੀ ਹੋਈ ਕੱਚਰੇ ਦੇ ਢੇਰਾਂ ਵਿੱਚ ਖੜੀਆਂ ਝਾੜੀਆਂ ਵਿੱਚੋਂ ਨਿਕਲ ਰਹੀ ਸੀ । ਇੰਝ ਲੱਗਦਾ ਸੀ ਜਿਵੇਂ ਕੋਈ ਪਾਪ ਕਰਕੇ ਆਈ ਹੋਵੇ । ਜਦੋਂ ਅੱਗੇ ਵਧੀ ਉਹਦੇ ਕੰਨਾਂ ਵਿੱਚ ਰੋਣ ਦੀ ਅਵਾਜ਼ ਪਈ , ਤੇ ਸਰੀਰ ਨੂੰ ਕੰਬਣੀ ਜਿਹੀ ਛਿੜ ਗਈ । ਡਰਦੀ ਹੋਈ ਨੇ ਅੱਗੇ ਜਾਕੇ ਦੇਖਿਆ , ” ਉਹ ਅਵਾਜ਼ ਨਵਜੰਮੀ ਬੱਚੀ ਦੀ ਸੀ ” ਜਿਸ ਨੂੰ ਕੋਈ ਪੰਜ ਮਿੰਟ ਪਹਿਲਾਂ ਹੀ ਝਾੜੀਆਂ ਵਿੱਚ ਸੁੱਟਕੇ ਗਿਆ ਹੋਵੇ । ” ਵਾਹ ਉਹ ਮੇਰਿਆ ਰੱਬਾ , ਜਿੰਨਾ ਨੂੰ ਇਹਨਾਂ ਦੀ ਲੋੜ ਨਹੀਂ , ਉਹਨਾਂ ਨੂੰ ਦਈ ਜਾਂਦਾ ?” ਜਿਹਨਾਂ ਨੂੰ ਲੋੜ ਹੈ, ਉਹਨਾਂ ਨੂੰ ਰੁਬਾਈ ਜਾਂਦਾ ਐ ?”
ਚੰਨੋਂ ਨੇ ਚੱਕਿਆ ਆਪਣੀ ਛਾਤੀ ਨਾਲ ਲਾਕੇ ਘਰ ਵੱਲ ਨੂੰ ਤੁਰ ਪਈ । ਅੰਦਰ ਵੜਦਿਆਂ ਹੀ ਉਸ ਦੇ ਪਤੀ ਮੀਤ ਨੇ ਚਿਹਰੇ ਤੇ ਖੁਸ਼ੀਆਂ ਦੀਆਂ ਲਹਿਰਾਂ ਦੇਖਕੇ ਕਿਹਾ , ” ਕਿਉਂ ਕੋਈ ਹੀਰਾ ਮਿਲ ਗਿਆ ?” ਆਪਣੇ ਲਈ ਹੀਰਾ , ” ਲੋਕਾਂ ਲਈ ਪੱਥਰ ਹੋ ਸਕਦਾ ?” ਪਤੀ ਨੂੰ ਖੁਸ਼ੀ ਨਾਲ ਪੂਰੀ ਕਹਾਣੀ ਦੱਸਦੀ ਹੋਈ ਕਹਿ ਰਹੀ ਸੀ । ਆਪਾਂ ਨੂੰ ਵੀ ਰੱਬ ਨੇ ਸਹਾਰਾ ਦੇ ਦਿੱਤਾ ? ਦਿਨ ਚੜਨ ਤੋਂ ਬਾਅਦ ਕੋਠੀ ਵਿੱਚ ਆ ਰਹੇ ਲੋਕਾਂ ਤੋਂ ਪਤਾ ਲੱਗਿਆ ਕਿ ਬੀਬੀ ਜੀ ਕਹਿੰਦੀ ਹੈ ਕਿ ਨੂੰਹ ਰਾਣੀ ਨੇ ਬੱਚੇ ਨੂੰ ਜਨਮ ਵੀ ਦਿੱਤਾ , ” ਉਹ ਵੀ ਮਰੇ ਹੋਏ ਪੱਥਰ ਨੂੰ , ਜਿਸਨੂੰ ਨੂੰਹ ਰਾਣੀ ਨੂੰ ਦਿਖਾਏ ਬਿਨਾਂ ਹੀ ਦਿਨ ਚੜਨ ਤੋਂ ਪਹਿਲਾਂ ਸੈਂਤ ਕੇ ਆਏ ਆਂ । ਹੁਣ ਅਸਲੀ ਪਤਾ ਤਾਂ ਚੰਨੋਂ ਨੂੰ ਤੇ ਉਸ ਦੇ ਪਤੀ ਨੂੰ ਸੀ , ” ਕੀ ਉਹ ਪੱਥਰ ਮਰਿਆਂ ਹੋਇਆਂ ਸੀ ਕਿ ਜਿੰਦਾ ਸੀ । ਉਸ ਦਾ ਨਾਮ ਦੋਹਾਂ ਜੀਆਂ ਨੇ ਬੜੇ ਪਿਆਰ ਨਾਲ ਹੀਰਾ ਰੱਖਿਆ ।
ਹੁਣ ਹੀਰਾ ਦੱਸ ਬਾਰਾਂ ਸਾਲਾਂ ਦੀ ਹੋ ਚੁੱਕੀ ਸੀ । ਆਪਣੇ ਮਾਤਾ-ਪਿਤਾ ਦਾ ਸਹਾਰਾ ਬਣਦੀ ਕੰਮ ਵਿੱਚ ਹੱਥ ਵਟਾਉਣ ਲੱਗੀ , ਇੱਕ ਦਿਨ ਮਾਤਾ ਜੀ ਬੀਮਾਰ ਹੋ ਗਏ । ਹੀਰਾ ਆਪਣੇ ਘਰ ਦੀ ਹਾਲਤ ਦੇਖਦਿਆਂ ,ਘਰ ਦੇ ਸਾਹਮਣੇ ਬਣੀ ਕੋਠੀ ਵਿੱਚ ਸਫ਼ਾਈ ਕਰਨ ਦੀ ਗੱਲ ਕਰ ਆਈ । ਹੁਣ ਹੀਰਾ ਹਰ ਰੋਜ਼ ਸਫ਼ਾਈ ਕਰਨ ਜਾਇਆ ਕਰਦੀ ਸੀ । ਪਰ ਕੋਠੀ ਦੀ ਮਾਲਕਣ ‘ ਨਿਮਰਤਾ ਦੇਵੀਂ ‘ ਥੋੜੀ ਜਿਹੀ ਅੜਵੈੜੇ ਸੁਭਾਆ ਦੀ ਸੀ , ਜੇ ਕਦੇ ਕੰਮ ਕਰਦੀ ਤੋਂ ਥੋੜ੍ਹੀ ਬਹੁਤੀ ਗਲਤੀ ਹੋ ਜਾਂਦੀ , ਉਹ ਬਹੁਤ ਨਾ ਸੁਣਨ ਯੋਗ ਗਾਲੀ ਦਿੰਦੀ , ਕਦੇ ਕਦੇ ਥੱਪੜ ਵੀ ਮਾਰਦੀ । ਹੱਟਕੋਰੇ ਲੈਂਦੀ ਨਾ ਹੰਝੂ ਸੁੱਟਦੀ ਸਾਰਾ ਕੁੱਝ ਦਿਲ ਵਿੱਚ ਸਮਾ ਘਰ ਨੂੰ ਆ ਜਾਂਦੀ ਪਰ ਕਦੇ ਵੀ ਆਪਣੀ ਮਾਂ ਨੂੰ ਦੱਸਣ ਦਾ ਹੌਸਲਾ ਨਾ ਕਰ ਸਕੀ । ਇਸੇ ਤਰ੍ਹਾਂ ਜ਼ੁਲਮ ਸਹਿਣ ਕਰਦੀ ਨੂੰ ਇੱਕ ਸਾਲ ਨਿੱਕਲ ਗਿਆ । ਇੱਕ ਦਿਨ ਮਾਲਕਣ ਨੇ ਆਪਣੀ ਅੱਠ ਵਰ੍ਹਿਆਂ ਦੀ ਧੀ ਸਿੰਮੀ ਦੇ ਸਾਰੇ ਪੁਰਾਣੇ ਖਿਡੌਣੇ ਆਪਣੀ ਗੱਡੀ ਵਿੱਚ ਰੱਖਕੇ , ਹੀਰਾ ਨੂੰ ਨਾਲ ਲੈਕੇ ਆਪਣੇ ਪਿੰਡ ਦੇ ਸਕੂਲ ਵਿੱਚ ਪਹੁੰਚੀ , ਸਾਰੇ ਖਿਡੌਣੇ ਸਕੂਲ ਵਾਲੇ ਬੱਚਿਆਂ ਅੱਗੇ ਰੱਖ ਦਿੱਤੇ । ਬੱਚੇ ਆਪਣੀ ਪਸੰਦ ਦੇ ਖਿਡੌਣੇ ਚੱਕਣ ਲੱਗੇ ,ਕੋਲ ਖੜੀ ਮਾਲਕਣ ਨੇ ਹੀਰਾ ਨੂੰ ਕਿਹਾ , ” ਤੈਨੂੰ ਖਿਡੌਣੇ ਪਸੰਦ ਨਹੀਂ ਤੂੰ ਵੀ ਕੋਈ ਖਿਡੌਣਾ ਚੱਕ ਲਏ ? ਹੀਰਾ ਕਹਿਣ ਤੇ ਅੱਗੇ ਵਧੀ ਜਾਕੇ ਖਿਡੌਣਿਆਂ ਵਿੱਚੋਂ ਇੱਕ ਛੋਟੀ ਜਿਹੀ ਬਾਲਟੀ ਚੱਕ ਕੇ ਵਾਪਸ ਮੁੜੀ ਮਾਲਕਣ ਦੇ ਕੋਲ ਖੜੀ ਸਕੂਲ ਦੀ ਮੈਂਡਮ ਨੇ ਕਿਹਾ ਬੇਟੇ ਤੂੰ ਖਿਡੌਣਾ ਕਿਉਂ ਨਹੀਂ ਚੱਕਿਆ । ” ਬਾਲਟੀ ਕਿਉਂ ਚੱਕੀ ਐਂ ?” ਪਾਣੀ ਭਰੀਆਂ ਅੱਖਾਂ ਨਾਲ ਕਿਹਾ ਮੈਡਮ ਜੀ ਮੇਰਾ ਜੀਅ ਤਾਂ ਬਹੁਤ ਕਰਦਾ ਪੜਣ ਨੂੰ ਤੇ ਖਿਡੌਣਿਆਂ ਨਾਲ ਖੇਡਣ ਨੂੰ , ” ਪਰ ਮੇਰੇ ਕੋਲ ਖਿਡੌਣਿਆਂ ਨਾਲ ਖੇਡਣ ਨੂੰ ਟਾਈਮ ਕਿੱਥੇ , ਇਹ ਬਾਲਟੀ ਵੀ ਮੈਂ ਆਪਣੇ ਕੰਮ ਵਾਸਤੇ ਚੱਕੀ ਹੈ । ਕਿਉਂਕਿ ਜਦੋਂ ਮੈਂ ਕੋਠੀ ਅੰਦਰ ਸਫਾਈਆਂ ਦਾ ਕੰਮ ਕਰਦੀ ਹਾਂ , ” ਵੱਡੀ ਬਾਲਟੀ ਮੇਰੇ ਕੋਲੋਂ ਚੱਕੀ ਨਹੀਂ ਜਾਂਦੀ , ਧੱਕੇ ਨਾਲ ਚੱਕਦੀ ਤੋਂ ਕਿਤੇ ਪਾਣੀ ਡੁੱਲ ਜਾਂਦਾ , ਤੁਹਾਡੇ ਕੋਲ ਖੜੀ ਕੋਠੀ ਦੀ ਮਾਲਕਣ ਮੈਂਨੂੰ ਬਹੁਤ ਗੰਦੀਆਂ ਗਾਹਲਾਂ ਕੱਢਦੀ ਹੋਈ ਮਾਰਨਾ ਸ਼ੁਰੂ ਕਰ ਦਿੰਦੀ ਐ ।” ਹੁਣ ਮੈਂ ਇਸ ਛੋਟੀ ਬਾਲਟੀ ਨੂੰ ਚੱਕ ਕੇ ਅਰਾਮ ਨਾਲ ਕੋਠੀ ਦੀਆਂ ਸਫਾਈਆਂ ਕਰ ਸਕਦੀ ਹਾਂ । ਮੈਡਮ ਮਾਲਕਣ ਦੇ ਮੂੰਹ ਵੱਲ ਵੇਖਣ ਲੱਗੀ , ਮਾਲਕਣ ਸ਼ਰਮਿੰਦਾ ਹੁੰਦੀ ਹੋਈ ਬਿਨਾਂ ਬੋਲਿਆਂ ਰਾਣੀ ਨੂੰ ਮੈਡਮ ਕੋਲ ਖੜਿਆਂ ਛੱਡਕੇ ਆਪਣੀ ਕੋਠੀ ਵੱਲ ਨੂੰ ਗੱਡੀ ਲੈਕੇ ਰਵਾਨਾ ਹੋ ਗਈ । ਮੈਡਮ ਨੇ ਆਪਣੀ ਗੋਦੀ ਵਿੱਚ ਲੈਕੇ ਪਿਆਰ ਦਿੱਤਾ । ਅਤੇ ਕਿਹਾ ਅੱਜ ਤੋਂ ਬਾਅਦ ਤੂੰ ਕੋਈ ਕੰਮ ਨਹੀਂ ਕਰੇਗੀ ਸਿਰਫ਼ ਪੜੇ ਗੀ ਤੇਰੇ ਪੜ੍ਹਾਈ ਦਾ ਅਤੇ ਘਰਦਾ ਖਰਚਾ ਮੈਂ ਖੁਦ ਕਰਾਂਗੀ । ਹੁਣ ਹੀਰਾ ਆਪਣੀ ਪੜ੍ਹਾਈ ਪੂਰੀ ਕਰਕੇ ਡਾਕਟਰ ਬਣ ਚੁੱਕੀ ਸੀ ਅਤੇ ਇਮਾਨਦਾਰੀ ਨਾਲ ਸਰਕਾਰੀ ਹਸਪਤਾਲ ਵਿੱਚ ਇੱਕ ਐਸ ਐਮ ਓ ਦੀ ਡਿਊਟੀ ਨਿਭਾਅ ਰਹੀ ਸੀ । ਅਤੇ ਬਜ਼ੁਰਗਾਂ ਦੀ ਤ੍ਰਾਸਦੀ ਹਾਲਤ ਦੇਖਦਿਆਂ ਉਸ ਨੇ ਇੱਕ ਬਿਰਧ ਆਸ਼ਰਮ ਵੀ ਖੋਲ ਦਿੱਤਾ ਸੀ । ਉਸਦੀ ਇਨਚਾਰਜ ਆਪਣੀ ਮਾਂ ਚੰਨੋਂ ਲਾ ਦਿੱਤਾ ਸੀ । ਇਕ ਦਿਨ ਹੀਰਾ ਨੇ ਆਪਣੇ ਆਪਣੇ ਮਾਤਾ-ਪਿਤਾ ਨੂੰ ਹਸਪਤਾਲ ਬੁਲਾਇਆ ਅਤੇ ਬਲੱਡ ਗਰੁੱਪ ਚੈੱਕ ਕੀਤਾ । ਪਰ ਗਰੁੱਪ ਤਿੰਨਾਂ ਦਾ ਅਲੱਗ ਅਲੱਗ ਮਿਲ ਰਿਹਾ ਸੀ । ਹੀਰਾ ਬਲੱਡ ਦੀ ਰਿਪੋਰਟ ਨੂੰ ਦੇਖਦੀ ਹੋਈ ਸੋਚਾਂ ਵਿੱਚ ਡੁੱਬ ਗਈ । ਸੋਚ ਰਹੀ ਸੀ ਇੱਕ ਦਾ ਗਰੁੱਪ ਤਾਂ ਮੇਰੇ ਗਰੁੱਪ ਨਾਲ ਮਿਲਣਾ ਚਾਹੀਦਾ ਹੈ । ਪਰ ਨਹੀਂ ਕਹਿਕੇ ਆਪਣੀ ਡਾਕਟਰ ਦੀ ਕੁਰਸੀ ਤੋਂ ਉੱਠਕੇ ਖੜੀ ਹੋ ਗਈ । ਆਪਣੇ ਮਾਤਾ-ਪਿਤਾ ਨੂੰ ਲੈਕੇ ਘਰ ਆ ਗਈ । ਹੁਣ ਉਸਨੂੰ ਬੇਚੈਨੀ ਲੱਗੀ ਹੋਈ ਸੀ ਕਿ ਮੈਂ ਆਪਣੀ ਮਾਂ ਨੂੰ ਕਿਸ ਤਰ੍ਹਾਂ ਪੁੱਛਾਂ , ਮਾਂ ਉਸ ਵੱਲ ਵੇਖਦਿਆਂ ਕਿਹਾ , ” ਕੀ ਗੱਲ ਹੋਈ ਐ ਧੀਏ ਤੂੰ ਬਹੁਤ ਉਦਾਸ ਲੱਗ ਰਹੀ ਐਂ ।” ਕੀ ਗੱਲ ਬਲੱਡ ਗਰੁੱਪ ਵਿੱਚ ਕੋਈ ਬਿਮਾਰੀ ਦੀ ਰਿਪੋਰਟ ਆਉਣ ਗਈ ? ਮਾਂ ਜੀ ਰਿਪੋਰਟ ਤਾਂ ਬਹੁਤ ਗੁੰਝਲਦਾਰ ਹੈ , ” ਜਿਸ ਵਾਰੇ ਮੈਂ ਕਦੇ ਸੋਚ ਨਹੀਂ ਸਕਦੀ ਸੀ ? ਸੋਚਦੀ ਹੋਈ ਦੂਸਰੇ ਦਿਨ ਹਰ ਰੋਜ਼ ਦੀ ਤਰ੍ਹਾਂ ਆਪਣੀ ਡਿਊਟੀ ਤੇ ਚਲੇ ਗਈ ।
ਅੱਜ ਸੁਸ਼ੀਲਾ ਮੰਦਰ ਵਿੱਚ ਮੱਥਾ ਟੇਕ ਕੇ ਵਾਪਸ ਆ ਰਹੀ ਸੀ । ਅਚਾਨਕ ਉਸਦੀ ਮੁਲਾਕਾਤ ਨਿਮਰਤਾ ਦੇਵੀਂ ਨਾਲ ਹੋਈ । ਅੱਜ ਸਵੇਰੇ ਸਵੇਰੇ ਭੈਣ ਜੀ ਕਿੱਧਰ ਤੁਰੇ ਆਉਂਦੇ ਨੇ,” ਸੁੱਖ ਹੈ ?” ਸੁਸ਼ੀਲਾ ਨੂੰ ਰਸਤੇ ਵਿਚ ਖੜ੍ਹਕੇ ਕਿਹਾ । ਨੀ ਭੈਣੇ ਮੰਦਰ ‘ਚ ਅਰਜ਼ ਕਰਕੇ ਆਈ ਆ ਮੇਰੀ ਨੂੰਹ ਦੀ ਕੁੱਖ ਸੁਲੱਖਣੀ ਹੋ ਜਾਵੇ । ਨਿਮਰਤਾ ਦੇਵੀਂ ਨੇ ਹੈਰਾਨੀ ਜਿਹੀ ਮਹਿਸੂਸ ਕਰਦੀ ਨੇ ਕਿਹਾ ਅਠਾਰਾਂ ਉੱਨੀ ਸਾਲ ਤੇਰੇ ਮੁੰਡੇ ਦੇ ਵਿਆਹ ਨੂੰ ਹੋ ਗਏ ,” ਅਜੇ ਤੱਕ ਤੂੰ ਦਾਦੀ ਨੀ ਬਣ ਪਾਈ ?” ਅੱਜ ਮੇਰੇ ਨਾਲ ਚੱਲ ਆਪਣੀ ਨੂੰਹ ਨੂੰ ਲੈਕੇ ਕਹਿੰਦੇ ਨੇ ਆਪਣੇ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਡਾਕਟਰਨੀ ਆਈ ਆ ਉਹ ਦੇ ਤਾਂ ਹੱਥ ਜਸ ਹੈ ਉਹਦੇ ਤਾਂ ਦਰਸ਼ਨ ਕਰਕੇ ਹੀ ਗੋਦ ਭਰ ਜਾਂਦੀ ਆ । ਦੂਜੇ ਦਿਨ ਜਾਣ ਦੀ ਹਾਮੀ ਭਰਦਿਆਂ ਹਾਂ ਦਿੱਤੀ । ਹੀਰਾ ਡਿਊਟੀ ਤੋਂ ਘਰ ਆਕੇ ਫਿਰ ਆਪਣਾ ਮੁਰਝਾਇਆ ਚਿਹਰੇ ਲੈਕੇ ਘਰ ਦੇ ਵਿਹੜੇ ਅੰਦਰ ਗੇੜੇ ਕੱਢ ਰਹੀ ਸੀ । ਆਪਣੇ ਆਪ ਨੂੰ ਨਾ ਕੰਟਰੋਲ ਕਰਦੀ ਹੋਈ ਨੇ ਆਪਣੀ ਮਾਂ ਪੁੱਛ ਹੀ ਲਿਆ । ਮਾਂ ਨੇ ਬਹੁਤ ਬਹਾਨੇ ਲਾਏ ਪਰ ਆਪਣੀ ਜਿੱਦ ਅੜੀ ਰਹੀ , ਉਸਦੇ ਅੱਗੇ ਕੋਈ ਵੀ ਪੇਸ਼ ਨਹੀਂ ਜਾ ਰਹੀ ਸੀ , ” ਅਖੀਰ ਵਿੱਚ ਮਾਂ ਨੇ ਆਪਣੀ ਦਰਦ ਭਰੀ ਕਹਾਣੀ ਆਪਣੀ ਧੀ ਅੱਗੇ ਬਿਆਨ ਕਰ ਦਿੱਤੀ । ਆਪਣੀ ਮਾਂ ਦੇ ਗਲ ਲਾਕੇ ਭੁੱਬਾਂ ਮਾਰ-ਮਾਰ ਮਾਰਕੇ ਰੋਂਦੀ ਹੋਈ ਨੇ ਕਿਹਾ ਮਾਂ ਮੈਂਨੂੰ ਮੁਆਫ਼ ਕਰ ਦੇਵੀ ਮੈਂ ਤੈਨੂੰ ਪਹਿਚਾਣ ਨਹੀਂ ਸਕੀ । ਦੂਸਰੇ ਦਿਨ ਡਿਊਟੀ ਤੇ ਗਈ ਮਰੀਜ਼ਾਂ ਦੀ ਬਹੁਤ ਲੰਮੀ ਲਾਈਨ ਲੱਗੀ ਹੋਈ ਸੀ । ਜਿਸ ਵਿੱਚ ਨਿਮਰਤਾ ਦੇਵੀਂ ਨਾਲ ਲੈਕੇ ਆਈ ਆਪਣੀ ਨੂੰਹ ਨੂੰ ਬੇਸਬਰੀ ਨਾਲ ਆਪਣੀ ਵਾਰੀ ਦੀ ਉਡੀਕ ਕਰ ਰਹੀ ਸੀ। ਅਖੀਰ ਨੂੰ ਵਾਰੀ ਆ ਗਈ , ਡਾਕਟਰ ਦੇ ਕਮਰੇ ਵੱਲ ਨੂੰ ਵਧੀਆਂ ਨਿਮਰਤਾ ਦੇਵੀ ਨੇ ਡਾਕਟਰ ਦੇ ਕਮਰੇ ਦੀ ਦਹਿਲੀਜ਼ ਅੰਦਰ ਪੈਰ ਰੱਖਿਆ ਸੀ । ਸਾਹਮਣੇ ਬੈਠੀ ਡਾਕਟਰਨੀ ਨੂੰ ਦੇਖ ਕੇ ਇੱਕ ਦਮ ਦਹਿਲ ਜਿਹੀ ਗਈ , ” ਇਹ ਤਾਂ ਹੀਰਾ ਐ ਜਿਹੜੀ ਮੇਰੇ ਘਰ ਕੰਮ ਕਰਦੀ ਸੀ ।ਆ ਜਾਓ ਲੰਘ ਆਓ , ” ਰਾਣੀ ਨੇ ਕਿਹਾ ?” ਹੱਥ ਜੋੜਕੇ ਸਿਰ ਨੀਵਾਂ ਕਰਕੇ ਅੰਦਰ ਲੰਘ ਗਈਆਂ , ਕੁਰਸੀਆਂ ਤੇ ਬੈਠਣ ਲਈ ਕਿਹਾ । ਹਾਂ ਜੀ ਦੱਸੋ ? ਨਿਮਰਤਾ ਦੇਵੀ ਨੇ ਡਾਕਟਰਨੀ ਨਾਲ ਗੱਲ ਕਰਦਿਆਂ ਕਿਹਾ, ਮੈਡਮ ਜੀ ਇਹ ਭੈਣ ਜੀ ਸੁਸ਼ੀਲਾ ਦੀ ਨੂੰਹ ਹੈ , ਵਿਆਹ ਨੂੰ ਅਠਾਰਾਂ ਉੱਨੀ ਸਾਲ ਹੋ ਗਏ ਨੇ , ” ਪਰ ਅਜੇ ਤੱਕ ਦਾਦੀ ਨੀ ਬਣ ਪਾਈ ।” ਅਸੀਂ ਤਾਂ ਤੁਹਾਡੀ ਚਰਚਾ ਸੁਣਕੇ ਤੁਹਾਡੇ ਕੋਲ ਆਏ ਆਂ । ਚੈੱਕਅਪ ਕਰਨ ਤੋਂ ਪਤਾ ਲੱਗਿਆ ਕਿ ਪਾਲੀ ਇੱਕ ਬੱਚੇ ਦੀ ਮਾਂ ਬਣ ਚੁੱਕੀ ਹੈ । ਸੁਸ਼ੀਲਾ ਇਸ ਗੱਲ ਨੂੰ ਛਪਾ ਰਹੀ ਸੀ , ਉਹ ਨਹੀਂ ਮੰਨ ਰਹੀ ਸੀ । ਦੁਵਾਰਾ ਫਿਰ ਕਿਹਾ ਇਹਨੇ ਇੱਕ ਹੀਰੇ ਨੂੰ ਜਨਮ ਦਿੱਤਾ ਸੀ ? ਇਹ ਗੱਲ ਸੁਣਦਿਆਂ ਨੂੰਹ ਦਾ ਕਲੇਜਾ ਅੰਦਰੋਂ ਬਾਰੂਦ ਦੀ ਤਰ੍ਹਾਂ ਫੱਟ ਗਿਆ । ਰੋਂਦੀ ਹੋਈ ਨੇ ਕਿਹਾ ਹਾਂ-ਹਾਂ ਮੈਂ ਇੱਕ ਬੱਚੇ ਦੀ ਮਾਂ ਬਣ ਚੁੱਕੀ ਆ , ਇਹ ਪੁੱਤ ਦੇ ਲਾਲਚੀਆਂ ਨੇ ਮੈਨੂੰ ਦਿਖਾਏ ਬਿਨਾਂ ਹੀ ਕੂੜੇ ਵਾਲੇ ਢੇਰ ਤੇ ਸੁੱਟ ਦਿੱਤਾ ਮੈਨੂੰ ਕਿਹਾ ਕਿਹੋ ਜਿਹੀ ਇਹ ਕਲਯੁਗੀ ਸਾਡੇ ਘਰ ਆਈ ਹੈ ਜੰਮਿਆ ਪੱਥਰ ਉਹ ਵੀ ਮਰਿਆ ਹੋਇਆ ਮੈਨੂੰ ਹੋਸ਼ ਆਉਂਣ ਤੇ ਪਤਾ ਲੱਗਿਆ । ਐਨੇ ਚਿਰ ਨੂੰ ਚੰਨੋਂ ਵੀ ਆਸ਼ਰਮ ਵਿੱਚੋਂ ਮਰੀਜ਼ ਨੂੰ ਲੈਕੇ ਡਾਕਟਰ ਕੋਲ ਪਹੁੰਚ ਗਈ । ਹੀਰਾ ਨੇ ਦੇਖਦਿਆਂ ਹੀ ਪਹਿਲਾਂ ਮਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ , ਇਹ ਸਭ ਕੁਝ ਸੁਣਦਿਆਂ ਅਤੇ ਦੇਖਦਿਆਂ ਪਾਲੀ ਦੀ ਸੱਸ ਪੱਥਰ ਬਣ ਚੁੱਕੀ ਸੀ । ਡਾਕਟਰਨੀ ਨੇ ਫਿਰ ਕਿਹਾ ਤੁਹਾਡੀ ਨੂੰਹ ਨੇ ਹੀਰੇ ਨੂੰ ਜਨਮ ਦੇਣਾ ਸੀ ਹੈ ਉਹ ਦੇ ਚੁੱਕੀ ਹੈ , ” ਹੁਣ ਉਹ ਦੂਸਰੇ ਬੱਚੇ ਨੂੰ ਕਦੇ ਵੀ ਜਨਮ ਨਹੀਂ ਦੇ ਸਕਦੀ ? ਚੰਨੋਂ ਨੇ ਡਾਕਟਰਨੀ ਦੀ ਗੱਲ ਕੱਟਦਿਆਂ ਕਿਹਾ, ਜਿਸ ਨੂੰ ਤੁਸੀਂ ਮਰਿਆ ਹੋਇਆ ਪੱਥਰ ਕਹਿਕੇ ਕੂੜੇ ਵਾਲੇ ਢੇਰ ਤੇ ਸੁੱਟ ਦਿੱਤਾ ਸੀ। ਉਹ ਇੱਕ ਹੀਰਾ ਹੀਰਾ ਸੀ ਜਿਸਨੂੰ ਪਾਲਣ ਦੀ ਤੁਹਾਡੀ ਉਕਾਤ ਨਹੀਂ ਸੀ । ” ਜਿਸ ਹੀਰੇ ਦੀ ਪਛਾਣ ਨੂੰ ਪੁੱਤ ਦੀ ਲਾਲਸਾ ਵਿੱਚ ਭੁੱਲਕੇ ਸਦਾ ਲਈ ਹੀਰਾ ਖੋਹ ਬੈਠੇ । ਅੱਜ ਤੁਸੀਂ ਤੁਹਾਡੇ ਮਰੇ ਹੋਏ ਪੱਥਰ ਕੋਲੋਂ ਹੀਰੇ ਦੀ ਭਾਲ ਕਰ ਰਹੇ ਹੋ । ਤੁਹਾਡੇ ਸਾਹਮਣੇ ਡਾਕਟਰ ਦੀ ਕੁਰਸੀ ਤੇ ਬੈਠੀ ਤੁਹਾਡਾ ਮਰਿਆ ਹੋਇਆ ਪੱਥਰ ਹੈ। ਹੁਣ ਉਸ ਕੋਲ ਕੋਈ ਜਵਾਬ ਨਹੀਂ ਸੀ , ਨਿਮਰਤਾ ਦੇਵੀ ਮੂੰਹ ਵੱਲ ਤੱਕ ਦੀ ਰਹਿ ਗਈ । ਧੀ ਨੇ ਆਪਣੀ ਕੁਰਸੀ ਤੋਂ ਉੱਠਕੇ ਪਾਣੀ ਭਰੀਆਂ ਅੱਖਾਂ ਨਾਲ ਮਾਂ ਦੇ ਗਲ਼ ਲੱਗ ਕੇ ਕੁੱਖ ਸੁਲੱਖਣੀ ਹੋਣ ਦਾ ਸਬੂਤ ਦਿੱਤਾ । ਅਤੇ ਕਿਹਾ ਮਾਂ ਖੁਦ ਪੱਥਰ ਆਪਣੇ ਆਪ ਨੂੰ ਭੁੱਲ ਜਾਂਦਾ , ” ਇੱਕ ਦਿਨ ਮੈਂ ਵੀ ਪੱਥਰ ਸੀ ਜਦੋਂ ਜਨਮ ਲਿਆ ਸੀ । ਉੱਠਕੇ ਆਪਣੀ ਨੂੰਹ, ਅਤੇ ਹੀਰਾ ਬਨਾਮ ਪੱਥਰ ਤੋਂ ਮੁਆਫ਼ੀ ਮੰਗੀ , ” ਹੀਰਾ ਦੇ ਬਣਾਏ ਆਸ਼ਰਮ ਵੱਲ ਨੂੰ ਤੁਰ ਪਈ ਘਰ ਜਾਣ ਦੀ ਮੁੜਕੇ ਹਿੰਮਤ ਨਾ ਕਰ ਸਕੀ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637