ਬਲਬੀਰ ਤੇ ਬਲਬੀਰ | balbir te balbir

“ਬਾਊ ਪਜਾਮਾ ਬ ਬ ਬ ਬ ਬਦਲ ਲੈ। ਚਿੱਟਾ ਹੈ ਖਰਾਬ ਹੋਜੂ। ਫੇਰ ਭੈਣ ਜੀ ਗ ਗ ਗ ਗ ਗੁੱਸੇ ਹੋਣਗੇ।” ਮਾਲਿਸ਼ ਕਰਨ ਤੋਂ ਪਹਿਲਾਂ ਉਹ ਅਕਸਰ ਆਖਦਾ। ਫਿਰ ਆਪੇ ਅਲਮਾਰੀ ਖੋਲ ਕੇ ਰੰਗਦਾਰ ਜਿਹਾ ਪਜਾਮਾ ਦੇ ਦਿੰਦਾ ਮੈਨੂੰ।
“ਬਲਬੀਰ ਦਿਹਾੜੀ ਗਿਆ ਸੀ ਅੱਜ।” ਅਸੀਂ ਅਕਸਰ ਸ਼ਾਮੀ ਆਏ ਨੂੰ ਪੁੱਛਦੇ।
“ਹਾਂ ਬਾਊ ਗਿਆ ਸੀ। ਦੋ ਵਜੇ ਵਾਪਿਸ ਆ ਗਿਆ। ਤਿੰਨ ਸੌ ਬਣ ਗਏ। ਬਾਹਲੇ ਪੇਹੈ ਆਪਾਂ ਕੀ ਕਰਨੇ ਹਨ।” ਉਹ ਹੁੱਭਕੇ ਦਸਦਾ।
….
“ਅੱਜ ਗਿਆ ਸੀ ਦਿਹਾੜੀ।” ਕਦੇ ਘਰ ਦਾ ਕੋਈ ਹੋਰ ਜੀਅ ਪੁੱਛਦਾ।
“ਨਹੀਂ ਭੈਣ ਜੀ ਅੱਜ ਨਹੀਂ ਗਿਆ।ਅੱਜ ਜੱਸੀ ਗਿਆ ਸੀ। ਓਹਨੂੰ ਵੀ ਵੇਖਿਆ ਸੀ। ਬੱਚੇ ਵੀ ਨਾਲ ਸਨ।” ਉਹ ਉਸਨੂੰ ਛੱਡ ਗਈ ਘਰਵਾਲੀ ਤੇ ਬੱਚਿਆਂ ਬਾਰੇ ਦੱਸਦਾ ਤੇ ਠੰਡਾ ਹਾਉਂਕਾ ਲੈਂਦਾ।
……
“ਬਾਊ ਕੀ ਵਾਰ ਹੈ ਅੱਜ?” ਇੱਕ ਦਿਨ ਉਸਨੇ ਮੈਨੂੰ ਪੁੱਛਿਆ।
“ਸ਼ਨੀਵਾਰ।”
“ਛਨਿਵਾਰ ਨੂੰ ਓਥੇ ਖੀਰ ਬਣਦੀ ਹੁੰਦੀ ਸੀ ਤੇ ਐਤਵਾਰ ਨੂੰ ਕੜ੍ਹੀ ਚੌਲ।” ਉਸਨੇ ਆਪਣੇ ਜੇਲ ਸਮੇ ਦੀ ਗੱਲ ਦੱਸੀ।
“ਚੰਗਾ ਫੇਰ ਆਪਣੇ ਵੀ ਸ਼ਨੀਵਾਰ ਨੂੰ ਖੀਰ ਬਣਾਇਆ ਕਰੋ ਬਲਬੀਰ ਵਾਸਤੇ। ਨਾਲੇ ਐਤਵਾਰ ਨੂੰ ਕੜ੍ਹੀ ਚੌਲ।” ਮੈਂ ਘਰਦਿਆਂ ਨੂੰ ਕਿਹਾ। ਫਿਰ ਕਈ ਹਫਤੇ ਆਹੀ ਰੂਟੀਨ ਚਲਿਆ। ਉਹ ਘਰਵਾਲੀ ਨੂੰ ਖਰਚਾ ਨਾ ਦੇਣ ਕਰਕੇ ਤਿੰਨ ਕ਼ੁ ਮਹੀਨੇ ਅੰਦਰ ਲਾਕੇ ਆਇਆ ਸੀ। ਬੜੀਆਂ ਗੱਲਾਂ ਸਣਾਉਂਦਾ। ਅਸੀਂ ਹੱਸ ਹੱਸ ਦੂਹਰੇ ਹੋ ਜਾਂਦੇ।
..
“ਬਾਊ ਚੰਗਾ ਫਿਰ ਮੂਧਾ ਹੋ।” ਤੇ ਉਹ ਇੱਕੋ ਸਾਂਹ ਢੂਹੀ ਦੀ ਮਾਲਿਸ਼ ਕਰਦਾ। ਪਿੰਡਾਂ ਗਰਮ ਹੋ ਜਾਂਦਾ। ਫਿਰ ਉਹ ਦੁਬਾਰਾ ਪਿੰਡੇ ਨੂੰ ਹੱਥ ਲਾਕੇ ਵੇਖਦਾ। ਜਿਵੇਂ ਪੁਰਾਣੀਆਂ ਬੁੜੀਆਂ ਬੁਖਾਰ ਚੈੱਕ ਕਰਦੀਆਂ ਹੁੰਦੀਆਂ ਸਨ। ਗਰਮ ਪਿੰਡਾ ਮਹਿਸੂਸ ਕਰਕੇ ਉਹ ਆਪਣੀ ਮੇਹਨਤ ਤੇ ਖੁਸ਼ ਹੁੰਦਾ। ਜ਼ੋਰ ਵਾਧੂ ਲਾਉਂਦਾ। ਮਾਲਿਸ਼ ਕਰਦਾ ਕਈ ਵਾਰੀ ਪਸੀਨਾ ਲਿਆ ਦਿੰਦਾ।
……
“ਬਾਊ ਮੈਨੂੰ ਬਸ ਤਿੰਨ ਰੋਟੀਆਂ ਹੀ ਦਿਆ ਕਰੋ। ਵੱਧ ਮੈਥੋਂ ਖਾਧੀਆਂ ਨਹੀਂ ਜਾਂਦੀਆਂ। ਮੇਰੇ ਗਲੇ ਵਿਚ ਨੁਕਸ ਹੈ। ਖੰਘ ਆ ਜਾਂਦੀ ਹੈ ਤੇ ਕਈ ਵਾਰੀ ਅੱਥਰੂ ਵੀ।” ਮੈਨੂੰ ਲੱਗਿਆ ਇਸਦੀ ਫ਼ੂਡ ਪਾਈਪ ਵਿਚ ਕੋਈ ਜ਼ਖਮ ਹੈ ਯ ਟਿਊਮਰ। ਮੇਰੇ ਫੈਮਿਲੀ ਡਾਕਟਰ ਦਾ ਵੀ ਇਹੀ ਵਿਚਾਰ ਸੀ। ਮੈਂ ਡਾਕਟਰ Vivek Kareer ਨੂੰ ਫੋਨ ਕੀਤਾ ਤੇ ਉਸਦੇ ਗਲੇ ਦਾ ਐਕਸਰੇ ਕਰਨ ਦੀ ਗੁਜਾਰਿਸ਼ ਕੀਤੀ। ਗਰੀਬ ਨੂੰ ਵੇਖਕੇ ਉਸ ਦੀ ਵੀ ਸਹਾਇਤਾ ਕਰਨ ਦੀ ਲਲਕ ਵੱਧ ਜਾਂਦੀ ਹੈ। ਡਾਕਟਰ ਕਰੀਰ ਨੇ ਬਿਨਾਂ ਕੋਈ ਫੀਸ ਲਈ ਉਸਨੂੰ ਚੈੱਕ ਕੀਤਾ ਐਕਸਰੇ ਵੀ ਕੀਤਾ। ਉਸਨੂੰ ਕੋਈ ਨੁਕਸ ਨਜ਼ਰ ਨਾ ਆਇਆ। ਪਰ ਨਾਲ ਹੀ ਉਸਨੇ ਇੰਡੋਸਕੋਪੀ ਕਰਾਉਣ ਦੀ ਸਲਾਹ ਦਿੱਤੀ।
….
ਬਲਬੀਰ ਬੀਮਾਰ ਤਾਂ ਸੀ ਪਰ ਇਹ ਨਹੀਂ ਸੀ ਪਤਾ ਕਿ ਇੰਨੀ ਜਲਦੀ ਉਹ ਚਲਾ ਜਾਵੇਗਾ। ਫਬ ਤੇ ਜਿਸਨੇ ਵੀ ਪੜ੍ਹਿਆ ਸੁੰਨ ਹੀ ਹੋ ਗਿਆ। ਅਫਸੋਸ ਦੇ ਫੋਨ ਆਉਣ ਲੱਗੇ
ਦੁੱਖ ਹੋਇਆ ਪਰ ਕੀਤਾ ਵੀ ਕੀ ਜਾ ਸਕਦਾ ਹੈ।
……
“ਸ਼ਾਇਦ ਉਸਤੋਂ ਬੱਚਿਆਂ ਦਾ ਵਿਛੋੜਾ ਤੇ ਬੀਵੀ ਦਾ ਧੋਖਾ ਸਹਿਣ ਨਹੀਂ ਹੋਇਆ।” ਕੱਲ ਸ਼ਾਮੀ ਅਫਸੋਸ ਕਰਨ ਆਈ ਕਿਸੇ ਕਰੀਬੀ ਦੀ ਗੱਲ ਮੈਨੂੰ ਜੱਚ ਗਈ। “ਦੂਸਰੇ ਨਹੀਂ ਮਾਰਦੇ ਬੰਦੇ ਨੂੰ । ਬੱਸ ਆਪਣੇ ਹੀ ਕਿਸ਼ਤੀ ਡੋਬ ਦਿੰਦੇ ਹਨ। ਲਗਦਾ ਹੈ ਬਲਬੀਰ ਮਰਿਆ ਨਹੀਂ। ਉਸਨੂੰ ਮਾਰ ਦਿੱਤਾ ਆਪਣਿਆਂ ਦੀ ਚਿੰਤਾ ਤੇ ਵਿਛੋੜੇ ਨੇ।”
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *