ਛੇਵੀਂ ਜਮਾਤ ਵਿੱਚ ਮੇਰੇ ਨਾਲ ਸੱਤ ਕੁੜੀਆਂ ਪੜ੍ਹਦੀਆਂ ਸਨ। ਓਹਨਾ ਵਿਚੋਂ ਛੇ ਲੋਹਾਰੇ ਪਿੰਡ ਦੀਆਂ ਸਨ। ਸਾਡੀ ਆਪਿਸ ਵਿੱਚ ਵਾਹਵਾ ਬਣਦੀ ਸੀ। ਉਦੋਂ ਮੁੰਡੇ ਕੁੜੀਆਂ ਵਾਲਾ ਬਹੁਤਾ ਫਰਕ ਨਹੀਂ ਸੀ ਪਤਾ। ਕਈ ਵਾਰੀ ਅਸੀਂ ਸਾਈਕਲ ਲੈਕੇ ਲੋਹਾਰੇ ਘੁੰਮਣ ਚਲੇ ਜਾਂਦੇ। ਕਈ ਮੁੰਡੇ ਹਮਜਮਾਤੀ ਮਿਲ ਜਾਂਦੇ। ਤੇ ਕਈ ਵਾਰੀ ਕੋਈ ਕੁੜੀ ਵੀ ਮਿਲ ਜਾਂਦੀ ਤੇ ਹੋਰ ਵੀ ਚੰਗਾ ਲਗਦਾ। ਇਕ ਵਾਰੀ ਸਾਡੀ ਹਮਜਮਾਤਨ ਜੱਸੀ (ਬਦਲਿਆ ਨਾਂ) ਮਿਲ ਗਈ। ਬਹੁਤ ਹੀ ਖੁਸ਼ੀ ਹੋਈ।
“ਵੀਰੇ ਆਜੋ ਚਾਹ ਪੀਕੇ ਚਲੇ ਜਾਣਾ।”
“ਨਹੀਂ ਬਸ ਸਾਨੂੰ ਪਾਣੀ ਪਿਲਾਦੇ।” ਤੇ ਉਹ ਅੰਦਰੋਂ ਸਿਲਵਰ ਦੀ ਪਤੀਲੀ ਜਿਹੀ ਪਾਣੀ ਦੀ ਭਰ ਲਿਆਈ। ਅਸੀਂ ਓਕ ਲਾਕੇ ਰੱਜਵਾਂ ਪਾਣੀ ਪੀਤਾ। ਸਾਨੂੰ ਜੱਸੀ ਹੱਥੋਂ ਪਾਣੀ ਪੀਂਦਿਆ ਨੂੰ ਹੋਰ ਮੁੰਡਿਆਂ ਨੇ ਦੇਖ ਲਿਆ। ਅਗਲੇ ਦਿਨ ਉਹ ਮਲਕੀ ਕੀਮਾ ਵਾਲਾ ਗਾਣਾ ਗਾਉਂਦੇ ਫਿਰਨ।
ਮਲਕੀ ਭਰਦੀ ਸੀ ਉਹ ਖੂਹ ਤੋਂ ਪਾਣੀ। ਕੀਮਾ ਆਕੇ ਅਰਜ਼ ਗੁਜ਼ਾਰੇ। ਕੋਈ ਇਹੋ ਜਿਹੇ ਬੋਲ ਸਨ। ਸਾਨੂੰ ਤੇ ਜੱਸੀ ਨੂੰ ਇਸ ਗੱਲ ਦਾ ਇਲਮ ਨਹੀਂ ਸੀ। ਬਾਦ ਵਿੱਚ ਦੂਜੇ ਮੁੰਡਿਆਂ ਨੇ ਵਿਆਖਿਆ ਕੀਤੀ। ਫਿਰ ਅਸੀਂ ਕਈ ਦਿਨ ਜੱਸੀ ਨਾਲ ਅੱਖ ਨਾ ਮਿਲਾ ਸਕੇ। ਉਹ ਬਚਪਨ ਦਾ ਭੋਲਾਪਨ ਸੀ। ਸੱਚ ਉਹ ਬਚਪਨਾ ਹੀ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ