ਖੁਦਮੁਖਤਿਆਰੀ ਦੀ ਚਾਹਤ | khudmukhtyari di chahat

“ਹੈਂਜੀ ਸੋਨੂੰ ਕਿਵ਼ੇਂ ਪਤਾ ਲੱਗ ਜਾਂਦਾ ਹੈ ਕਿ ਹੁਣ ਸਕੂਟਰ ਕਿੱਧਰ ਮੋੜਣਾ ਹੈ? ਇੰਨਾ ਕਿਵੇਂ ਯਾਦ ਰਹਿ ਜਾਂਦਾ ਹੈ।” ਸਕੂਟਰ ਦੇ ਪਿੱਛੇ ਬੈਠੀ ਮੇਰੇ #ਜੋਜੋ ਦੀ ਨਵਵਿਆਹੀ ਘਰਆਲੀ ਨੇ ਆਪਣੇ ਪਤੀ ਪਰਮੇਸ਼ਵਰ ਨੂੰ ਕਿਹਾ ਜਦੋਂ ਉਹ ਆਪਣੇ ਵਿਆਹ ਦੇ ਕੁਝ ਕੁ ਦਿਨਾਂ ਬਾਅਦ ਉਸਨੂੰ ਆਪਣੇ ਨਾਨਕੇ ਪਿੰਡ ਗੱਗੜ ਆਪਣੇ ਨਾਨਾ ਨਾਨੀ ਨੂੰ ਮਿਲਾਉਣ ਲਿਆਇਆ ਸੀ। ਵਾਕਿਆ ਹੀ ਇਹ ਸਫ਼ਰ ਗੁੰਝਲਦਾਰ ਜਿਹਾ ਹੁੰਦਾ ਸੀ ਮਹਿਮੇ ਤੋਂ ਗੱਗੜ। ਪੜ੍ਹੀ ਲਿਖੀ ਬੀਂਏ ਬੀਂਐਡ ਪਾਸ ਔਰਤ ਦਾ ਇਹ ਸੋਚਕੇ ਹੈਰਾਨ ਹੋਣਾ ਸੁਭਾਵਿਕ ਸੀ। ਅਮੂਮਨ ਔਰਤਾਂ ਘੁੰਡ ਕੱਢਦੀਆਂ ਸਨ। ਉਹਨਾਂ ਨੂੰ ਰਸਤਿਆਂ ਦੀ ਬਹੁਤੀ ਜਾਣਕਾਰੀ ਨਹੀਂ ਸੀ ਹੁੰਦੀ। ਕਈ ਵਾਰੀ ਤਾਂ ਉਹ ਜੇਠ ਤੇ ਪਤੀ ਦੀ ਪਹਿਚਾਣ ਭੁੱਲ ਜਾਂਦੀਆਂ। ਉਹ ਸ਼ਕਲ ਨਹੀਂ ਸੀ ਵੇਖਦੀਆਂ ਝੱਟ ਪੈਰੀਂ ਪੈਣਾ ਕਰ ਦਿੰਦੀਆਂ ਸਨ। ਨੰਗੇ ਮੂੰਹ ਨਮਸਕਾਰ ਕਹਿਣ ਦਾ ਯੁੱਗ ਬਾਅਦ ਵਿੱਚ ਆਇਆ ਹੈ। ਅਖੌਤੀ ਆਜ਼ਾਦੀ ਅਜੇ ਦੂਰ ਸੀ। ਫਿਰ ਮਰੂਤੀ ਯੁੱਗ ਆਇਆ ਤੇ ਫਿਰ ਐਕਟਿਵਾ ਨੇ ਔਰਤਾਂ ਨੂੰ ਹੋਰ ਵੀ ਖੁੱਲ੍ਹ ਦੇ ਦਿੱਤੀ। ਹੁਣ ਕੋਈਂ ਔਰਤ ਵੀ ਰਸਤਾ ਨਹੀਂ ਪੁੱਛਦੀ। ਉਹ ਐਕਟਿਵਾ ਦੇ ਪਿੱਛੇ ਨਹੀਂ ਬੈਠਦੀ ਸਗੋਂ ਆਪ ਚਲਾਉਂਦੀ ਹੈ। ਪੇਕੇ ਸਹੁਰੇ ਨੌਕਰੀ ਤੇ ਮਾਲ ਆਪ ਜਾਂਦੀ ਹੈ। ਉਹ ਆਪਣੇ ਮੀਆਂ ਨੂੰ ਸ਼ਾਮ ਤੱਕ ਨਹੀਂ ਉਡੀਕਦੀ। ਹੁਣ ਆਮ ਜਿਹੇ ਘਰਾਂ ਦੀਆਂ ਔਰਤਾਂ ਇਕੱਲੀਆਂ ਕਾਰ ਤੇ ਸਫ਼ਰ ਕਰਦੀਆਂ ਹਨ। ਖੋਰੇ ਇਹ ਅਸਲ ਆਜ਼ਾਦੀ ਹੈ।
ਕੇਰਾਂ ਮੈਂ ਦਫਤਰ ਵਿੱਚ ਬੈਠਾ ਕੋਈਂ ਰਜਿਸਟਰ ਵਰਕ ਕਰ ਰਿਹਾ ਸੀ। ਮੈਂ ਪੇਜ਼ ਤੇ ਲਕੀਰ ਮਾਰਨੀ ਸੀ। ਮੈਂ ਕੋਲ੍ਹ ਪਈ ਨੇਮ ਪਲੇਟ ਚੁੱਕੀ ਤੇ ਉਸ ਨਾਲ ਸਿੱਧੀ ਲਾਈਨ ਮਾਰ ਦਿੱਤੀ। ਕੋਲ੍ਹ ਬੈਠੀ ਸਾਡੀ ਇੱਕ ਮੈਡਮ ਬਹੁਤ ਹੈਰਾਨ ਹੋਏ। ਕਹਿੰਦੀ ਮੈਂ ਤਾਂ ਸਕੇਲ ਲੱਭਦੀ ਲੱਭਦੀ ਨੇ ਟਾਈਮ ਖਰਾਬ ਕਰ ਦਿੰਦੀ। ਤੁਸੀਂ ਝੱਟ ਨੇਮ ਪਲੇਟ ਨੂੰ ਹੀ ਸਕੇਲ ਬਣਾ ਕੇ ਬੁੱਤਾ ਸਾਰ ਲਿਆ। ਪਰ ਅੱਜਕਲ੍ਹ ਉਹ ਮੈਡਮਾਂ ਇੰਨੀਆਂ ਸਿੱਧੀਆਂ ਨਹੀਂ ਰਹੀਆਂ। ਹੁਣ ਉਹ ਕੰਮਪਿਊਟਰ ਦੀਆਂ ਮਾਹਿਰ ਹਨ। ਉਹਨਾਂ ਦੀਆਂ ਉਂਗਲਾਂ ਕੀ_ਬੋਰਡ ਤੇ ਗੋਲੀ ਦੀ ਸਪੀਡ ਨਾਲ ਚਲਦੀਆਂ ਹਨ। ਆਦਮੀ ਵੀ ਸ਼ਾਇਦ ਬਹੁਤ ਪਿੱਛੇ ਹਨ। ਹਰ ਦਫਤਰ ਵਿੱਚ ਇਹਨਾਂ ਬੀਬੀਆਂ ਦਾ ਬਹੁਮਤ ਹੈ।
ਅਜੇ ਕਹਿੰਦੇ ਇਹ ਮਰਦ ਪ੍ਰਧਾਨ ਸਮਾਜ ਹੈ। ਔਰਤ ਨੂੰ ਗੁਲਾਮ ਬਣਾਇਆ ਜਾ ਰਿਹਾ ਹੈ। ਕੀ ਪਰਿਵਾਰ ਚਲਾਉਣ ਲਈ ਯ ਬੱਚਿਆਂ ਦੀ ਪਰਵਰਿਸ਼ ਖਾਤਿਰ ਆਦਮੀ ਔਰਤ ਦੀ ਐਡਜਸਟਮੈਂਟ ਗਲਤ ਹੈ। ਘਰ ਦੀ ਸੱਤਾ ਦਾ ਇੱਕ ਹੱਥ ਵਿੱਚ ਹੋਣਾ ਤੇ ਪੂਰਾ ਲੋਕਤੰਤਰ ਹੋਣਾ ਪਰਿਵਾਰ ਦੀ ਸਫਲਤਾ ਦਾ ਰਾਜ ਹੈ। ਪਰ ਦੂਜੀ ਧਿਰ ਦੀ ਪਰਿਵਾਰਿਕ ਸੱਤਾ ਯ ਕਮਾਂਡ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਘਰ ਦਾ ਗ੍ਰਾਫ ਥੱਲ੍ਹੇ ਨੂੰ ਲੈਜਾਂਦੀ ਹੈ ਤੇ ਸ਼ਾਂਤੀ ਨੂੰ ਭੰਗ ਕਰਦੀ ਹੈ। ਮੀਆਂ ਬੀਵੀ ਦੀ ਸੱਤਾ ਪ੍ਰਾਪਤੀ ਯ ਮਨਮਰਜੀ ਕਰਨ ਦੀ ਖੁੱਲ੍ਹ ਦੀ ਲਾਲਸਾ ਦਾ ਦਰਵਾਜ਼ਾ ਫਿਰ ਫੈਮਲੀ ਕੋਰਟ ਵਿੱਚ ਖੁਲ੍ਹਦਾ ਹੈ ਜਿੱਥੋਂ ਤਲਾਕ ਨਾਮਕ ਭੂਤ ਨਿਕਲਦਾ ਹੈ ਜੋ ਪਰਿਵਾਰ ਨੂੰ ਨਿਗਲ ਜਾਂਦਾ ਹੈ। ਯ ਸਾਰੀ ਜਿੰਦਗੀ ਕੁੱਤ ਕਲੇਸ਼ ਵਿੱਚ ਨਿਕਲ ਜਾਂਦੀ ਹੈ। ਇਸ ਅਖੌਤੀ ਆਜ਼ਾਦੀ ਦੀ ਚਾਹਤ ਲਈ ਬਗਾਵਤ ਸੰਘਰਸ਼ ਕਲੇਸ਼ ਨਾਲ ਘਰ ਟੁੱਟਦੇ ਤੇ ਬੱਚੇ ਰੁਲਦੇ ਹਨ। ਕਿਸੇ ਨੂੰ ਪਤੀ ਯ ਪਤਨੀ ਦੁਬਾਰਾ ਮਿਲ ਸਕਦੀ ਹੈ ਪਰ ਬੱਚਿਆਂ ਨੂੰ ਮਾਂ ਯ ਬਾਪ ਦੁਬਾਰਾ ਨਹੀਂ ਮਿਲਦਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *