ਕੱਪੜਿਆਂ ਦੇ ਮਾਮਲੇ ਵਿੱਚ ਮੈਂ ਸਦਾ ਹੀ ਲੇਖਕ ਹੀ ਰਿਹਾ ਹਾਂ। ਜਿੱਥੇ ਜੀ ਕਰੇ ਜਿਹੜੇ ਮਰਜੀ ਕਪੜੇ ਪਾਕੇ ਚਲਾ ਜਾਂਦਾ ਹੈ। ਪੈਂਟ ਸ਼ਰਟ ਕੋਟ ਪਾਉਣਾ ਮੁਸੀਬਤ ਲਗਦਾ ਹੈ। ਜਿਆਦਾ ਤਰ ਕੁੜਤੇ ਪਜਾਮੇ ਵਿੱਚ ਹੀ ਵਿਚਰਨਾ ਪਸੰਦ ਕਰਦਾ ਹਾਂ। ਖੁੱਲੇ ਬਟਨ ਕੋਈ ਪਰਵਾਹ ਨਹੀਂ। ਕਈ ਵਾਰੀ ਤਾਂ ਖਾਧੀ ਹੋਈ ਦਾਲ ਸਬਜ਼ੀ ਦਾ ਵੀ ਮੇਰੇ ਪਹਿਣੇ ਕੱਪੜਿਆਂ ਤੋਂ ਸਾਫ ਪਤਾ ਲਗਦਾ ਹੈ। ਸਰਦੀਆਂ ਵਿੱਚ ਅਕਸਰ ਹੀ ਮੈਂ ਲੋਈ ਲੈ ਲੈਂਦਾ ਹਾਂ।
“ਪਾਪਾ ਤੁਸੀਂ ਵਧੀਆ ਕਪੜੇ ਪਾਇਆ ਕਰੋ। ਤੁਸੀਂ ਅਜੇ ਬੁੱਢੇ ਨਹੀਂ ਹੋਏ। ਮੈਨੂੰ ਤਾਹਢਾ ਆਹ ਸਟਾਈਲ ਪਸੰਦ ਨਹੀਂ।” ਵੱਡੀ ਬੇਟੀ ਗਗਨ ਅਕਸਰ ਹੀ ਇਸ ਗੱਲੋਂ ਟੋਕਦੀ ਹੈ। ਪਰ ਮੈਂ ਹੱਸਕੇ ਟਾਲ ਦਿੰਦਾ ਹਾਂ।
“ਲਵਗੀਤ ਪਾਪਾ ਲਈ ਪਲੱਸ ਸਾਈਜ਼ ਦੇ ਕਪੜੇ ਲਿਆਓ।” ਦੋ ਤਿੰਨ ਵਾਰ ਮੈਨੂੰ ਉਹ ਮਾਲ ਲੈ ਵੀ ਗਏ। ਹਰ ਵਾਰ ਮੈਂ ਇਧਰ ਉਧਰ ਦੀਆਂ ਮਾਰਕੇ ਬੱਚ ਨਿਕਲਿਆ। ਬੇਟੇ ਨੂੰ ਆਨਲਾਈਨ ਸ਼ੌਪਿੰਗ ਦਾ ਚਸਕਾ ਹੈ ਤੇ ਢੰਗ ਵੀ। ਉਸਨੇ ਦੋ ਤਿੰਨ ਵਾਰੀ ਮੇਰੇ ਲਈ ਗਰਮ ਕਪੜੇ ਮੰਗਵਾਏ। ਪਰ ਓਹ ਵੀ ਮੈਂ ਭੀੜੇ ਹਨ ਰੰਗ ਠੀਕ ਨਹੀਂ ਵਰਗੇ ਬਹਾਨੇ ਬਣਾਕੇ ਵਾਪਸ ਕਰ ਦਿੱਤੇ। ਦਰਅਸਲ ਉਹ ਚਾਰ ਅੰਕਾਂ ਦੀ ਕੀਮਤ ਵਾਲੇ ਸਨ ਤੇ ਕੋਈ ਵੀ ਦੋ ਤਿੰਨ ਬੇਗੁਣੀ ਨੋਟਾਂ ਤੋਂ ਘਟ ਕੀਮਤ ਦਾ ਨਹੀਂ ਸੀ ਹੁੰਦਾ। ਮੇਰੀ ਇਸ ਬੇਧਿਆਨੀ ਤੋਂ ਵੱਡਾ ਬੇਟਾ ਤੇ ਖਾਸਕਰ ਬੇਟੀ ਪ੍ਰੇਸ਼ਾਨ ਹੋ ਗਏ।
“ਪਾਪਾ ਬਹੁਤ ਠੰਡ ਪੈਂਦੀ ਹੈ। ਤੁਸੀਂ ਆਹ ਚਿੱਟੇ ਪਜਾਮੇ ਵਿੱਚ ਹੀ ਤੁਰੇ ਫਿਰਦੇ ਹੋ। ਠੰਡ ਲੱਗ ਜਾਵੇਗੀ।” ਬੇਟੀ ਗੁੱਸੇ ਵੀ ਹੁੰਦੀ। ਇੱਕ ਦਿਨ ਮੈਂ ਸਸਤਾ ਜਿਹਾ ਇੱਕ ਲੋਅਰ ਲੈ ਆਇਆ ਬਿਲਕੁਲ ਦੇਸੀ। ਜੋ ਬੇਟੀ ਨੂੰ ਬਹੁਤਾ ਪਸੰਦ ਨਹੀਂ ਆਇਆ। ਉਸ ਦੀ ਰੀਝ ਬ੍ਰਾਂਡਡ ਦੀ ਸੀ। ਸਰਦੀ ਵੀ ਦਿਨੋਂ ਦਿਨ ਵੱਧ ਰਹੀ ਸੀ। ਫਿਰ ਜਦੋ ਛੋਟਾ ਬੇਟਾ ਆਇਆ ਤਾਂ ਬੇਟੀ ਨੇ ਉਸਦੇ ਕੰਨ ਵਿਚ ਫੂਕ ਮਾਰ ਦਿੱਤੀ। ਆਪਣਾ ਰੋਸਾ ਜਾਹਿਰ ਕੀਤਾ ਕਿ ਪਾਪਾ ਕਪੜੇ ਨਹੀਂ ਲੈਂਦੇ। ਵੱਡੇ ਬੇਟੇ ਨੂੰ ਮੈਂ ਥੋੜਾ ਉੱਚੀ ਬੋਲਕੇ ਚੁਪ ਕਰਵਾ ਦਿੰਦਾ ਸੀ। ਪਰ ਛੋਟੇ ਤੇ ਇਹ ਹਥਿਆਰ ਨਹੀਂ ਸੀ ਚਲਦਾ। ਮਾਰਕੀਟ ਜਾਣ ਦੇ ਬਹਾਨੇ ਉਹ ਮੈਨੂੰ ਸ਼ਿਪਰਾ ਮਾਲ ਲੈ ਗਏ। ਤੇ ਆਲ ਦ ਪਲਸ ਸਾਈਜ਼ ਸਟੋਰ ਤੇ ਲੈ ਗਏ। ਕੀਮਤ ਵਾਲੇ ਟੈਗ ਵੇਖਕੇ ਮੈ ਬਥੇਰਾ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਉਸਨੇ ਮੈਨੂੰ ਮੇਰੇ ਭਤੀਜੇ #sangeet ਦੀ ਮਦਦ ਨਾਲ ਕਾਬੂ ਕਰ ਹੀ ਲਿਆ।
“ਪਾਪਾ ਜਿਵੇਂ ਮਾਪਿਆਂ ਦੀ ਆਪਣੇ ਬੱਚੇ ਨੂੰ ਵਧੀਆ ਤੇ ਮਹਿੰਗੇ ਕਪੜੇ ਪਹਿਨਾਉਣ ਦੀ ਇੱਛਾ ਹੁੰਦੀ ਹੈ। ਉਸ ਤਰ੍ਹਾਂ ਬੱਚਿਆਂ ਦੀ ਵੀ ਰੀਝ ਹੁੰਦੀ ਹੈ ਪਾਪਾ ਮੰਮੀ ਨੂੰ ਵਧੀਆ ਬ੍ਰਾਂਡਡ ਕਪੜੇ ਪਹਿਨਾਉਣ ਦੀ। ਦੇਖੋ ਭਾਬੀ ਕਿੰਨਾ ਆਖਦੀ ਹੈ ਪਰ ਤੁਸੀਂ ਉਸਦੀ ਇੱਕ ਨਹੀਂ ਮੰਨਦੇ। ਜਿੰਨਾ ਪੈਸੇ ਕਮਾਉਣ ਵਿਚ ਮਜ਼ਾ ਆਉਂਦਾ ਹੈ ਓਨਾ ਹੀ ਖਰਚਣ ਚ ਵੀ ਸਵਾਦ ਆਉਂਦਾ ਹੈ।” ਉਸਨੇ ਮੈਨੂੰ ਖਰੀਦੇ ਹੋਏ ਕੱਪੜਿਆਂ ਦੀ ਕੁਲ ਕੀਮਤ ਵਾਲਾ ਬਿੱਲ ਵੀ ਵੇਖਣ ਨਹੀਂ ਦਿੱਤਾ। ਤੇ ਮਸ਼ੀਨ ਵਿਚ ਡੈਬਿਟ ਕਾਰਡ ਪਾਕੇ ਦੁਕਾਨਦਾਰ ਨੂੰ ਉਸਦੀ ਪੇਮੈਂਟ ਕਰ ਦਿੱਤੀ। ਘਰੇ ਆਕੇ ਜਦੋ ਉਸਨੇ ਖਰੀਦੇ ਹੋਏ ਕਪੜੇ ਮੇਰੀ ਵੱਡੀ ਬੇਟੀ ਗਗਨ ਨੂੰ ਦਿਖਾਏ ਤਾਂ ਉਸਦੇ ਚੇਹਰੇ ਤੋਂ ਝਲਕਦੀ ਖੁਸ਼ੀ ਨੇ ਮੇਰਾ ਵੀ ਚਿੱਤ ਖੁਸ਼ ਕਰ ਦਿੱਤਾ। ਉਸਦੇ ਚੇਹਰੇ ਤੇ ਆਈ ਲਾਲੀ ਨੇ ਮੇਰਾ ਵੀ ਖੂਨ ਵਧਾ ਦਿੱਤਾ।
#ਰਮੇਸ਼ਸੇਠੀਬਾਦਲ